ਕਿਸਾਨ ਨੇ ਪਾਰਕ ਤੇ ਚੌਕਾਂ ‘ਤੇ ਲਗਾਏ ਸ਼ਹੀਦਾਂ ਅਤੇ ਹਸਤੀਆਂ ਦੇ ਬੁੱਤ
ਮੋਗਾ : ਮੋਗਾ ਦੇ ਪਿੰਡ ਘੱਲ ਕਲਾਂ ਦਾ ਦੇਸ਼ ਭਗਤ ਪਾਰਕ। ਇੱਥੇ ਸੀਮੈਂਟ ਅਤੇ ਪਲੱਸਤਰ ਆਫ ਪੇਰਿਸ ਨਾਲ ਦੇਸ਼ ਭਗਤਾਂ, ਰਾਜਨੀਤਕ ਆਗੂਆਂ, ਸਮਾਜ ਸੇਵਕਾਂ ਅਤੇ ਕਲਾਕਾਰਾਂ ਦੇ ਜੀਵੰਤ ਬੁੱਤ ਬਣਾਏ ਗਏ ਹਨ। ਪਾਰਕ ਵਿਚ ਬੁੱਤ ਸਰਕਾਰ ਨੇ ਨਹੀਂ, ਪਿੰਡ ਦੇ ਹੀ ਮਨਜੀਤ ਸਿੰਘ (48) ਨੇ ਖੁਦ ਬਣਾਏ ਹਨ। ਮਨਜੀਤ ਸਿੰਘ ਦਾ ਉਦੇਸ਼ ਇਹ ਹੈ ਕਿ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਿਆ ਜਾਵੇ। ਉਨ੍ਹਾਂ ਨੇ ਪਹਿਲਾ ਬੁੱਤ ਅਪੂ ਹਾਥੀ ਦਾ ਬਣਾਇਆ ਸੀ। ਟੀਚਰਾਂ ਨੇ ਵੀ ਮਨਜੀਤ ਸਿੰਘ ਦਾ ਹੌਸਲਾ ਵਧਾਇਆ ਤੇ ਉਸ ਨੂੰ ਉਤਸ਼ਾਹਿਤ ਕੀਤਾ। ਇਸ ਤੋਂ ਬਾਅਦ ਪੰਜ ਸਾਲ ਪੰਜਾਬ ਸਰਕਾਰ ‘ਚ ਗਜ਼ਟਿਡ ਅਫਸਰ ਦੇ ਰੂਪ ਵਿਚ ਕੰਮ ਵੀ ਕੀਤਾ। ਪਰ 2013 ਵਿਚ ਉਸ ਨੇ ਸਰਕਾਰੀ ਨੌਕਰੀ ਛੱਡ ਕੇ ਬੁੱਤ ਤਰਾਸ਼ੀ ਨੂੰ ਹੀ ਆਪਣਾ ਕਿੱਤਾ ਬਣਾ ਲਿਆ। ਇਸ ਤੋਂ ਬਾਅਦ ਮਨਜੀਤ ਸਿੰਘ ਨੇ ਦੇਸ਼ ਭਗਤ ਪਾਰਕ ਤਿਆਰ ਕਰ ਲਿਆ। ਪਾਰਕ ਦੇਖਣ ਲਈ ਕੋਈ ਟਿਕਟ ਨਹੀਂ ਹੈ।
ਪ੍ਰਧਾਨ ਮੰਤਰੀ ਰਿਹਾਇਸ਼ (7 ਰੇਸਕੋਰਸ, ਨਵੀਂ ਦਿੱਲੀ) ਸਣੇ ਦੇਸ਼ ਅਤੇ ਵਿਦੇਸ਼ ਵਿਚ ਮਨਜੀਤ ਸਿੰਘ ਦੇ ਬਣਾਏ 850 ਤੋਂ ਜ਼ਿਆਦਾ ਬੁੱਤ ਲੱਗ ਚੁੱਕੇ ਹਨ। ਚੰਡੀਗੜ੍ਹ ਸਥਿਤ ਲਲਿਤ ਕਲਾ ਭਵਨ ਵਿਚ ਵੀ ਮਨਜੀਤ ਸਿੰਘ ਦੀ ਬਣਾਈ 6 ਫੁੱਟ ਦੀ ਵੀਣਾ ਲੱਗੀ ਹੋਈ ਹੈ। ਮਨਜੀਤ ਸਿੰਘ ਦੇ ਬਣਾਏ ਪ੍ਰੋਫੈਸਰ ਮੋਹਨ ਸਿੰਘ ਦੇ ਬੁੱਤ ਨੂੰ ਲੁਧਿਆਣਾ ਦੇ ਆਰਤੀ ਚੌਕ ਵਿਚ ਸਥਾਪਿਤ ਕੀਤਾ ਗਿਆ ਜੋ ਕਈ ਸਾਲਾਂ ਬਾਅਦ ਹੁਣ ਦੂਜੀ ਜਗ੍ਹਾ ਸ਼ਿਫਟ ਕੀਤਾ ਗਿਆ ਹੈ। ਮੋਗਾ ਵਿਚ ਸੁਤੰਤਰਤਾ ਸੈਨਾਨੀ ਭਵਨ ਦੇ ਗੇਟ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤ ਵੀ ਮਨਜੀਤ ਸਿੰਘ ਨੇ ਹੀ ਬਣਾਏ ਹਨ।