Breaking News
Home / ਹਫ਼ਤਾਵਾਰੀ ਫੇਰੀ / ਸ਼ਹੀਦਾਂ ਦੀ ਯਾਦ ‘ਚ ਅੱਜ ਵੀ ਪੋਹ ਮਹੀਨੇ ਜ਼ਮੀਨ ‘ਤੇ ਸੌਂਦੇ ਹਨ ਹਜ਼ਾਰਾਂ ਪਰਿਵਾਰ

ਸ਼ਹੀਦਾਂ ਦੀ ਯਾਦ ‘ਚ ਅੱਜ ਵੀ ਪੋਹ ਮਹੀਨੇ ਜ਼ਮੀਨ ‘ਤੇ ਸੌਂਦੇ ਹਨ ਹਜ਼ਾਰਾਂ ਪਰਿਵਾਰ

ਲਾਸਾਨੀ ਸ਼ਹਾਦਤ ਨੂੰ ਸਿਜਦਾ
ਫਤਹਿਗੜ੍ਹ ਸਾਹਿਬ : ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿਚ ਫਤਹਿਗੜ੍ਹ ਸਾਹਿਬ ਦੇ ਹਜ਼ਾਰਾਂ ਪਰਿਵਾਰ ਅੱਜ ਵੀ ਪੋਹ (ਦਸੰਬਰ) ਮਹੀਨੇ ਦੀ ਕੜਾਕੇ ਦੀ ਠੰਡ ਵਿਚ ਜ਼ਮੀਨ ‘ਤੇ ਸੌਂਦੇ ਹਨ। ਇਸ ਮਹੀਨੇ ਨਾ ਤਾਂ ਵਿਆਹ ਸਮਾਗਮ ਹੁੰਦੇ ਹਨ ਤੇ ਨਾ ਹੀ ਹੋਰ ਖੁਸ਼ੀ ਦੇ ਕਾਰਜ ਕੀਤੇ ਜਾਂਦੇ ਹਨ। ਇਸ ਮਹੀਨੇ ਲੋਕ ਸਾਦੇ ਭੋਜਨ ਨੂੰ ਤਰਜੀਹ ਦਿੰਦੇ ਹਨ। ਇਹ ਰਵਾਇਤ 315 ਸਾਲਾਂ ਤੋਂ ਚੱਲੀ ਆ ਰਹੀ ਹੈ। 1704 ਵਿਚ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਅਤੇ 80 ਸਾਲ ਤੋਂ ਵੱਧ ਉਮਰ ਦੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਹੰਸਲਾ ਨਦੀ ਦੇ ਕਿਨਾਰੇ 140 ਫੁੱਟ ਉਚੇ ਠੰਡੇ ਬੁਰਜ ਵਿਚ ਕੈਦ ਕਰ ਲਿਆ ਸੀ। ਉਦੋਂ ਤੋਂ ਹੀ ਸਿੱਖ ਪਰਿਵਾਰ ਜ਼ਮੀਨ ‘ਤੇ ਸੌਂਦੇ ਆ ਰਹੇ ਹਨ। ਕੜਾਕੇ ਦੀ ਅਜਿਹੀ ਸਰਦੀ ਵਿਚ ਵੈਰਾਗ ਭਾਵ, ਸ਼ਹੀਦਾਂ ਨੂੰ ਨਮਨ ਕਰਨ ਅਤੇ ਸ਼ਹਾਦਤ ਦੇ ਉਨ੍ਹਾਂ ਦਿਨਾਂ ਦੀ ਕਲਪਨਾ ਕਰਨ ਦੇ ਮਕਸਦ ਨਾਲ ਅਜਿਹਾ ਕੀਤਾ ਜਾਂਦਾ ਹੈ।
ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਹਰਪਾਲ ਸਿੰਘ ਨੇ ਕਿਹਾ ਕਿ ਸ਼ਰਧਾਲੂ ਅਜਿਹਾ ਕਰਕੇ ਉਸ ਸਮੇਂ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਨੂੰ ਹੋਈ ਤਕਲੀਫ ਨੂੰ ਖੁਦ ਮਹਿਸੂਸ ਕਰਨਾ ਚਾਹੁੰਦੇ ਹਨ।
ਕਦੇ ਪੰਜਾਬ ਦਾ ਹਰੇਕ ਸਿੱਖ ਪਰਿਵਾਰ ਸੌਂਦਾ ਸੀ ਜ਼ਮੀਨ ‘ਤੇ : ਤਿੰਨ ਸਦੀਆਂ ਪਹਿਲਾਂ ਤਾਂ ਪੰਜਾਬ ਦਾ ਹਰੇਕ ਸਿੱਖ ਪਰਿਵਾਰ ਪੋਹ ਦੇ ਮਹੀਨੇ ਵਿਚ ਜ਼ਮੀਨ ‘ਤੇ ਸੌਂ ਕੇ ਸ਼ਹੀਦਾਂ ਨੂੰ ਨਮਨ ਕਰਦਾ ਸੀ। ਪਰੰਤੂ ਅੱਜ ਵੀ ਫਤਹਿਗੜ੍ਹ ਸਾਹਿਬ ਵਿਚ 70 ਫੀਸਦੀ ਸਿੱਖ ਪਰਿਵਾਰ ਜ਼ਮੀਨ ‘ਤੇ ਸੌਂਦੇ ਹਨ। ਇਨ੍ਹਾਂ ਵਿਚ ਕਈ ਵਿਧਾਇਕਾਂ ਸਮੇਤ ਐਸਜੀਪੀਸੀ ਦੇ ਮੈਂਬਰ ਵੀ ਸ਼ਾਮਲ ਹਨ। ਮੁੱਖ ਗ੍ਰੰਥੀ ਹਰਪਾਲ ਸਿੰਘ ਨੇ ਦੱਸਿਆ ਕਿ ਸਿੱਖ ਇਤਿਹਾਸ ਵਿਚ ਪੋਹ ਮਹੀਨਾ ਸਭ ਤੋਂ ਬੁਰਾ ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਸਦੀਆਂ ਤੋਂ ਰਵਾਇਤ ਚੱਲੀ ਆ ਰਹੀ ਹੈ। ਸ਼ਹਾਦਤ ਦੀ ਛਾਪ ਸਿੱਖਾਂ ਦੇ ਮਨਾਂ ‘ਤੇ ਇਸ ਪ੍ਰਕਾਰ ਹੈ ਕਿ ਉਹ ਘਰਾਂ ‘ਚ ਪਕਵਾਨ ਵੀ ਸਾਦੇ ਹੀ ਬਣਾਉਂਦੇ ਹਨ।
ਚਾਰ ਡਿਗਰੀ ਪਾਰਾ, ਸਰਦੀ ਦਾ ਅਹਿਸਾਸ ਤੱਕ ਨਹੀਂ : ਭਾਰਤ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ ਤੋਂ ਆਉਣ ਵਾਲੀ ਜ਼ਿਆਦਾਤਰ ਸਿੱਖ ਸੰਗਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਦੀ ਸਰਾਂ ਵਿਚ ਜ਼ਮੀਨ ‘ਤੇ ਹੀ ਸੌਂਦੀ ਹੈ। ਸੰਗਤ ਨੂੰ ਕੜਾਕੇ ਦੀ ਠੰਢ ਦਾ ਵੀ ਅਹਿਸਾਸ ਨਹੀਂ ਹੁੰਦਾ।
ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਫਤਹਿਗੜ੍ਹ ਸਾਹਿਬ ‘ਚ
ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਵੀ ਫਤਹਿਗੜ੍ਹ ਸਾਹਿਬ ਵਿਚ ਹੈ। ਇਸ ਜ਼ਮੀਨ ਨੂੰ 315 ਸਾਲ ਪਹਿਲਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਖਰੀਦਿਆ ਸੀ। ਟੋਡਰ ਮੱਲ ਨੇ 78 ਹਜ਼ਾਰ ਸੋਨੇ ਦੀਆਂ ਮੋਹਰਾਂ ਚਾਰ ਵਰਗ ਮੀਟਰ ਜ਼ਮੀਨ ‘ਤੇ ਵਿਛਾ ਕੇ ਇਹ ਜ਼ਮੀਨ ਖਰੀਦੀ ਸੀ। ਹੁਣ ਇਸ ਜ਼ਮੀਨ ‘ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਵਿਚ ਜਿੱਥੇ ਪਾਲਕੀ ਸਾਹਿਬ ਸੁਸ਼ੋਭਿਤ ਹੈ, ਉਥੇ ਛੋਟੇ ਸਾਹਿਬਾਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ ਸੀ। ਨੇੜੇ ਹੀ ਅਸਥੀਆਂ ਜ਼ਮੀਨ ਵਿਚ ਦੱਬੀਆਂ ਗਈਆਂ ਸਨ, ਉਸ ਜਗ੍ਹਾ ਸਸ਼ਤਰ ਸੁਸ਼ੋਭਿਤ ਹਨ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …