Breaking News
Home / ਹਫ਼ਤਾਵਾਰੀ ਫੇਰੀ / NRC ਦੀ ਸ਼ੁਰੂਆਤ NPR ਰਾਹੀਂ

NRC ਦੀ ਸ਼ੁਰੂਆਤ NPR ਰਾਹੀਂ

ਸ਼ਾਹ ਦਾ ਦਾਅਵਾ ਕਿ ਐਨਪੀਆਰ ਦਾ ਡਾਟਾ ਐਨਆਰਸੀ ਲਈ ਨਹੀਂ ਹੋਵੇਗਾ ਇਸਤੇਮਾਲ
ਸਰਕਾਰੀ ਵੈਬਸਾਈਟ ਆਖ ਰਹੀ ਐਨਪੀਆਰ ਦਾ ਡਾਟਾ ਹੀ ਐਨਆਰਸੀ ਦਾ ਆਧਾਰ
ਨਵੀਂ ਦਿੱਲੀ : ਐਨਆਰਸੀ ਅਤੇ ਸੀਏਏ ਨੂੰ ਲੈ ਕੇ ਭਾਰਤ ਦੇ 16 ਤੋਂ ਵੱਧ ਸੂਬਿਆਂ ਵਿਚ ਉਠੇ ਵਿਵਾਦਾਂ ਦੇ ਦਰਮਿਆਨ ਹੀ ਹੁਣ ਮੋਦੀ ਸਰਕਾਰ ਐਨਪੀਆਰ ਨੂੰ ਲੈ ਕੇ ਇਕ ਹੋਰ ਨਵੇਂ ਵਿਵਾਦ ਵਿਚ ਘਿਰ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਵੱਖੋ-ਵੱਖ ਕੇਂਦਰੀ ਮੰਤਰੀਆਂ ਨੇ ਇਹ ਦਾਅਵਾ ਕੀਤਾ ਕਿ ਐਨਪੀਆਰ ਸਿਰਫ਼ ਕੌਮੀ ਅਬਾਦੀ ਰਜਿਟਰ ਨੂੰ ਅਪਡੇਟ ਕਰਨ ਲਈ ਹੈ। ਇਸ ਦਾ ਡਾਟਾ ਐਨਆਰਸੀ ਲਈ ਨਹੀਂ ਵਰਤਿਆ ਜਾਵੇਗਾ ਪਰ ਸ਼ਾਹ ਦਾ ਦਾਅਵਾ ਉਸ ਸਮੇਂ ਖਾਰਜ ਹੋ ਗਿਆ ਜਦੋਂ ਕੇਂਦਰ ਸਰਕਾਰ ਦੀ ਹੀ ਵੈਬਸਾਈਟ ਦੱਸ ਰਹੀ ਹੈ ਕਿ ਐਨਪੀਆਰ ਦਾ ਡਾਟਾ ਹੀ ਐਨਆਰਸੀ ਦਾ ਆਧਾਰ ਬਣੇਗਾ। ਇਸ ਤੋਂ ਸਪੱਸ਼ਟ ਹੈ ਕਿ ਐਨਪੀਆਰ ਅਸਲ ਵਿਚ ਐਨਆਰਸੀ ਦਾ ਪਹਿਲਾ ਪੜਾਅ ਹੈ। ਇਸ ਨੂੰ ਲੈ ਕੇ ਵੀ ਦੇਸ਼ ਵਿਚ ਵਿਵਾਦ ਭਖਣ ਲੱਗਾ ਹੈ। ਕੇਂਦਰੀ ਕੈਬਨਿਟ ਨੇ ਭਾਰਤ ਦੀ ਜਨਗਣਨਾ-2021 ਤੇ ਕੌਮੀ ਆਬਾਦੀ ਰਜਿਸਟਰ (ਐੱਨਪੀਆਰ) ਅਪਡੇਟ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਕੈਬਨਿਟ ਬੈਠਕ ‘ਚ ਇਨ੍ਹਾਂ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਨਗਣਨਾ ਲਈ 8,754. 23 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਜਦਕਿ ਐੱਨਪੀਆਰ ਅਪਡੇਟ (ਸੁਧਾਰ) ਕਰਨ ਲਈ 3,941.35 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਐਨਪੀਆਰ ਲਈ ਕੋਈ ਲੰਮਾ ਫਾਰਮ ਨਹੀਂ ਭਰਨਾ ਪਵੇਗਾ। ਇਹ ਸਵੈ-ਘੋਸ਼ਣਾ ਵਾਂਗ ਹੋਵੇਗਾ। ਇਸ ਦੇ ਲਈ ਕੋਈ ਸਬੂਤ ਜਾਂ ਕੋਈ ਦਸਤਾਵੇਜ਼ ਨਹੀਂ ਦੇਣਾ ਹੋਵੇਗਾ। ਇਕ ਮੋਬਾਈਲ ਐਪ ਵੀ ਇਸ ਮੰਤਵ ਲਈ ਬਣਾਇਆ ਗਿਆ ਹੈ। ਕੌਮੀ ਆਬਾਦੀ ਰਜਿਸਟਰ ਦੇ ਮੰਤਵਾਂ ਵਿਚ ਕਿਹਾ ਗਿਆ ਹੈ ਕਿ ਇਹ ਮੁਲਕ ਦੇ ਸੁਭਾਵਿਕ ਨਿਵਾਸੀਆਂ ਦਾ ਰਜਿਸਟਰ ਹੈ। ਜਾਣਕਾਰੀ ਮੁਤਾਬਕ ਐੱਨਪੀਆਰ ਅਪਰੈਲ ਤੇ ਸਤੰਬਰ 2020 ਦਰਮਿਆਨ ਅਸਾਮ ਨੂੰ ਛੱਡ ਦੇਸ਼ ਦੇ ਬਾਕੀ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਤੇ ਲਾਗੂ ਹੋਵੇਗਾ। ਇਹ ਜਨਗਣਨਾ ਕਾਰਜ ਦੇ ਨਾਲ ਹੀ ਹੋਵੇਗਾ। ਅਸਾਮ ਨੂੰ ਵੱਖ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਇੱਥੇ ਪਹਿਲਾਂ ਹੀ ਨਾਗਰਿਕ ਰਜਿਸਟਰੇਸ਼ਨ ਦਾ ਕੰਮ ਹੋ ਚੁੱਕਾ ਹੈ। ਐੱਨਪੀਆਰ ਦਾ ਮਕਸਦ ਦੇਸ਼ ਦੇ ਸੁਭਾਵਿਕ ਵਾਸੀਆਂ ਦੀ ਸਮੁੱਚੀ ਪਛਾਣ ਦਾ ਡੇਟਾਬੇਸ ਤਿਆਰ ਕਰਨਾ ਹੈ।
ਕੀ ਕਹਿੰਦਾ ਹੈ ਕਾਨੂੰਨ : ਕਾਨੂੰਨੀ ਮਾਹਿਰਾਂ ਦਾ ਦਾਅਵਾ ਹੈ ਕਿ ਕਿ ਰਾਜਨੀਤਿਕ ਬਿਆਨਾਂ ਦਾ ਕੋਈ ਅਰਥ ਨਹੀਂ ਕਿਉਂਕਿ ਅਧਿਕਾਰਕ ਤੌਰ ‘ਤੇ ਵੈਬਸਾਈਟ ‘ਚ ਦਰਜ ਤੱਥਾਂ ਨੂੰ ਹੀ ਆਖਰੀ ਮੰਨਿਆ ਜਾਂਦਾ ਹੈ। ਐਨਪੀਆਰ ਭਾਰਤ ਦੀ ਅਬਾਦੀ ਦੇ ਅੰਕੜੇ ਇਕੱਤਰ ਕਰਨ ਦੀ ਕਾਰਵਾਈ ਹੈ ਜਦਕਿ ਐਨਆਰਸੀ ਨਾਗਰਿਕਤਾ ਦਾ ਪ੍ਰਮਾਣ। ਜੇਕਰ ਵੈਬਸਾਈਟ ਆਖ ਰਹੀ ਹੈ ਕਿ ਐਨਪੀਆਰ ਹੀ ਐਨਆਰਸੀ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ ਤਾਂ ਇਹ ਸੱਚ ਹੈ। ਐਨਆਰਸੀ ਵਿਚ ਜਿਸ ਦਾ ਨਾਂ ਨਹੀਂ ਹੋਵੇਗਾ ਉਹ ਭਾਰਤ ਦਾ ਨਾਗਰਿਕ ਨਹੀਂ ਹੋਵੇਗਾ।

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …