ਮਨੀਸ਼ ਸਿਸੋਦੀਆ ਕੋਲ ਪੰਜਾਬ ਦੇ ‘ਆਪ’ ਵਿਧਾਇਕਾਂ ਨੇ ਭਗਵੰਤ ਮਾਨ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਭਗਵੰਤ ਮਾਨ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਜਾਵੇ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਹਾਲੀਆ ਜਲੰਧਰ ਫੇਰੀ ਦੌਰਾਨ ਇਹ ਮੰਗ ਕੀਤੀ। ਸੂਤਰਾਂ ਅਨੁਸਾਰ ਸਿਸੋਦੀਆ ਨੇ ਚਾਰ ਫਰਵਰੀ ਨੂੰ ਵਿਧਾਇਕਾਂ ਨਾਲ ਵੱਖਰੀ ਵੱਖਰੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਇਕਾਈ ਤੋਂ ਸੂਬਾਈ ਮਾਮਲਿਆਂ ਬਾਰੇ ਉਨ੍ਹਾਂ ਦੀ ਰਾਇ ਲਈ। ਪਾਰਟੀ ਦੇ ਚਾਰ ਵਿਧਾਇਕਾਂ ਨੇ ਸਿਸੋਦੀਆ ਸਾਹਮਣੇ ਭਗਵੰਤ ਮਾਨ ਦਾ ਮੁੱਦਾ ਉਠਾਇਆ ਸੀ।ਸੂਤਰਾਂ ਅਨੁਸਾਰ ਜ਼ਿਆਦਾਤਰ ਵਿਧਾਇਕਾਂ ਨੇ ਸਿਸੋਦੀਆ ਤੋਂ ਮੰਗ ਕੀਤੀ ਕਿ ਭਗਵੰਤ ਮਾਨ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਇਕ ਵਿਧਾਇਕ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸਿਸੋਦੀਆ ਨੂੰ ਦੱਸਿਆ ਗਿਆ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਜ਼ਮੀਨੀ ਪੱਧਰ ‘ਤੇ ਪਾਰਟੀ ਦੀ ਸਾਖ ਨੂੰ ਖੋਰਾ ਲੱਗਾ ਹੈ। ਮਾਲਵਾ ਦੇ ਇਕ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਵਿੱਚ ਆਮ ਵਿਚਾਰ ਹੈ ਕਿ ਮਾਨ ਪਾਰਟੀ ਵਿਧਾਇਕਾਂ ਦੀ ਪਹੁੰਚ ਤੋਂ ਵੀ ਦੂਰ ਹਨ। ਵਿਧਾਇਕਾਂ ਦੀ ਰਾਇ ਜਾਣਨ ਬਾਅਦ ਸਿਸੋਦੀਆ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਹ ਕਿਸੇ ਅਜਿਹੇ ਆਗੂ ਦਾ ਨਾਂ ਸੁਝਾਉਣ ਜਿਸ ਨੂੰ ਉਸ ਦੀ ਥਾਂ ਲਾਇਆ ਜਾ ਸਕੇ। ਸੁਨਾਮ ਤੋਂ ਵਿਧਾਇਕ ਅਤੇ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਅਮਨ ਅਰੋੜਾ ਨੇ ਇਸ ਸਬੰਧੀ ਪੁੱਛੇ ਜਾਣ ‘ਤੇ ਪੁਸ਼ਟੀ ਕੀਤੀ ਕਿ ਇਸ ਮੀਟਿੰਗ ਦੌਰਾਨ ਸਿਸੋਦੀਆ ਨੇ ਇਕੱਲੇ-ਇਕੱਲੇ ਵਿਧਾਇਕ ਨਾਲ ਗੱਲਬਾਤ ਕੀਤੀ ਸੀ। ਸਿਸੋਦੀਆ ਦਾ ਏਜੰਡਾ ਬਿਲਕੁਲ ਸਪਸ਼ਟ ਸੀ, ਕਿਵੇਂ ਜਨਤਕ ਮੁੱਦਿਆਂ ਨੂੰ ਉਠਾਇਆ ਜਾਵੇ ਅਤੇ 2019 ਲੋਕ ਸਭਾ ਚੋਣਾਂ ਦੀ ਤਿਆਰੀ ਕੀਤੀ ਜਾਵੇ। ਉਨ੍ਹਾਂ ਦੀ ਇਹ ਮੀਟਿੰਗ ਜ਼ਮੀਨੀ ਹਕੀਕਤ ਦੀ ਸਹੀ ਸਮੀਖਿਆ ਲਈ ਸੀ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਕਿਸੇ ਇਕੱਲੇ ਵਿਅਕਤੀ ਬਾਰੇ ਨਹੀਂ ਸੀ।ਦੂਜੇ ਪਾਸੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਅਜਿਹਾ ਕੁਝ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਸੈਸ਼ਨ ਦੌਰਾਨ ਉਨ੍ਹਾਂ ਨੇ ਮਨੀਸ਼ ਨਾਲ ਮੀਟਿੰਗ ਕੀਤੀ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਭੂਮਿਕਾ ਬਾਰੇ ਕੋਈ ਚਰਚਾ ਨਹੀਂ ਹੋਈ। ਇਸ ਦੌਰਾਨ 2019 ਲੋਕ ਸਭਾ ਤੇ ਸਥਾਨਕ ਚੋਣਾਂ ਸਬੰਧੀ ਪਾਰਟੀ ਦੀਆਂ ਤਿਆਰੀਆਂ ਬਾਰੇ ਲੰਮੀ ਚਰਚਾ ਹੋਈ ਸੀ। ਜ਼ਿਕਰਯੋਗ ਹੈ ਕਿ ਅਪਰੈਲ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਮਾਨ ਨੇ ਪਾਰਟੀ ਦੀ ਹੋਈ ਹਾਰ ਲਈ ਦਿੱਲੀ ਦੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਇਆ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …