Breaking News
Home / ਹਫ਼ਤਾਵਾਰੀ ਫੇਰੀ / ਦੋਹਰੀ ਵੋਟ ਬਣਾਉਣ ਦੇ ਮਾਮਲੇ ‘ਚ ‘ਆਪ’ ਵਿਧਾਇਕਾ ਬਲਜਿੰਦਰ ਕੌਰ ਦੋਸ਼ੀ ਕਰਾਰ

ਦੋਹਰੀ ਵੋਟ ਬਣਾਉਣ ਦੇ ਮਾਮਲੇ ‘ਚ ‘ਆਪ’ ਵਿਧਾਇਕਾ ਬਲਜਿੰਦਰ ਕੌਰ ਦੋਸ਼ੀ ਕਰਾਰ

ਚੰਡੀਗੜ੍ਹ/ਬਿਊਰੋ ਨਿਊਜ਼
ਦੋਹਰੀ ਵੋਟ ਬਣਾ ਕੇ ਵਿਧਾਨ ਸਭਾ ਦੀ ਚੋਣ ਲੜਨ ਵਾਲੀ ‘ਆਪ’ ਦੀ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਕਸੂਤੀ ਸਥਿਤੀ ਵਿਚ ਫਸ ਗਏ ਹਨ। ਚੋਣ ਅਧਿਕਾਰੀ-ਕਮ-ਐਸਡੀਐਮ ਤਲਵੰਡੀ ਸਾਬੋ ਨੇ ਆਪਣੀ ਰਿਪੋਰਟ ਵਿਚ ਪ੍ਰੋ. ਬਲਜਿੰਦਰ ਕੌਰ ਨੂੰ ਦੋਹਰੀ ਵੋਟ ਬਣਾਉਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੈ। ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੂੰ ਸੌਂਪੀ ਰਿਪੋਰਟ ਵਿਚ ਉਨ੍ਹਾਂ ਇਹ ਵੀ ਟਿੱਪਣੀ ਕੀਤੀ ਹੈ ਕਿ ਦੂਸਰੀ ਵੋਟ ਦੇ ਮਾਮਲੇ ਵਿਚ ‘ਆਪ’ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਉਨ੍ਹਾਂ ਕੋਲ ਝੂਠੇ ਬਿਆਨ ਦਰਜ ਕਰਵਾਏ ਹਨ। ਆਰਟੀਆਈ ਕਾਰਕੁੰਨ ਹਰਮਿਲਾਪ ਗਰੇਵਾਲ ਨੇ ਭਾਰਤ ਦੇ ਚੋਣ ਕਮਿਸ਼ਨਰ ਨੂੰ ਇਕ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਪ੍ਰੋ. ਬਲਜਿੰਦਰ ਕੌਰ ਨੇ ਜਦੋਂ ਅਗਸਤ 2014 ਵਿਚ ਹਲਕਾ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਲੜੀ ਸੀ ਤਾਂ ਉਸ ਸਮੇਂ ਉਨ੍ਹਾਂ ਦੀਆਂ ਦੋ ਵੋਟਾਂ ਬਣੀਆਂ ਹੋਈਆਂ ਸਨ। ਉਨ੍ਹਾਂ ਵਿਧਾਨ ਸਭਾ ਦੀ ਉਕਤ ਚੋਣ ਜਿਸ ਵੋਟ ‘ਤੇ ਲੜੀ ਸੀ, ਉਹ ਜਾਇਜ਼ ਨਹੀਂ ਸੀ। ਉਸ ਸਮੇਂ ਦੇ ਚੋਣ ਅਧਿਕਾਰੀ ਨੇ ਮਾਮਲੇ ਦੀ ਗਹਿਰਾਈ ਵਿਚ ਜਾਂਚ ਕਰਨ ਲਈ ਕਿਹਾ ਸੀ, ਪਰ ਬਾਅਦ ਵਿਚ ਇਹ ਮਾਮਲਾ ਠੰਡੇ ਬਸਤੇ ਵਿਚ ਪੈ ਗਿਆ। ਹੁਣ ਅਗਸਤ 2017 ਵਿਚ ਹਰਮਿਲਾਪ ਗਰੇਵਾਲ ਨੇ ਮੁੜ ਸਾਰੇ ਮਾਮਲੇ ਦੀ ਤੱਥਾਂ ਸਮੇਤ ਭਾਰਤ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ, ਜਿਸਦੀ ਜਾਂਚ ਲਈ ਡਿਪਟੀ ਕਮਿਸ਼ਨਰ ਦੀਪਰਵਾ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਡਿਪਟੀ ਕਮਿਸ਼ਨਰ ਨੇ ਜਾਂਚ ਦੀ ਜ਼ਿੰਮੇਵਾਰੀ ਐਸਡੀਐਮ ਤਲਵੰਡੀ ਸਾਬੋ ਵਰਿੰਦਰ ਸਿੰਘ ਨੂੰ ਸੌਂਪੀ ਸੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਸੌਂਪੀ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਪ੍ਰੋ. ਬਲਜਿੰਦਰ ਕੌਰ ਨੇ ਨਵੰਬਰ 2005 ਮਕਾਨ ਨੰਬਰ 273 ਤਹਿਤ ਇਕ ਵੋਟ ਬਣਵਾਈ, ਜਿਸ ਵਿਚ ਪਿਤਾ ਦਾ ਨਾਂ ਅਮਰਜੀਤ ਸਿੰਘ ਦਰਜ ਹੈ, ਜਦੋਂ ਕਿ 27 ਜੂਨ 2011 ਵਿਚ ਬਣਵਾਈ ਵੋਟ ਮਕਾਨ ਨੰਬਰ 272 ਏ ਤਹਿਤ ਪਿਤਾ ਦਾ ਨਾਂ ਦਰਸ਼ਨ ਸਿੰਘ ਦਰਜ ਕਰਵਾਇਆ ਹੈ। ਉਨ੍ਹਾਂ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਸਾਲ 2005 ਵਿਚ ਵੋਟਰ ਸੂਚੀਆਂ ‘ਤੇ ਵੋਟਰ ਦੀ ਤਸਵੀਰ ਨਹੀਂ ਲੱਗਦੀ ਸੀ, ਪਰ ਸਾਲ 2011 ਵਿਚ ਬਣੀ ਵੋਟਰ ਸੂਚੀ ਵਿਚ ਪ੍ਰੋ. ਬਲਜਿੰਦਰ ਕੌਰ ਦੀ ਤਸਵੀਰ ਲੱਗੀ ਹੋਈ ਹੈ ਅਤੇ ਉਨ੍ਹਾਂ ਨੇ ਵੋਟ ਲਈ ਆਪਣਾ ਪੜ੍ਹਾਈ ਦਾ ਸਰਟੀਫਿਕੇਟ ਲਗਾਇਆ ਹੈ। ਐਸਡੀਐਮ ਨੇ ਲਿਖਿਆ ਹੈ ਕਿ ਉਕਤ ਦੋਵੇਂ ਵੋਟਾਂ ਪ੍ਰੋ ਬਲਜਿੰਦਰ ਕੌਰ ਦੀਆਂ ਹੀ ਹਨ। ਸਾਲ 2014 ਵਿਚ ਪ੍ਰੋ. ਬਲਜਿੰਦਰ ਕੌਰ ਪੁੱਤਰ ਅਮਰਜੀਤ ਸਿੰਘ ਵਾਲੀ ਵੋਟ ਨੂੰ ਗੈਰਹਾਜ਼ਰ ਕਰਾਰ ਦਿੱਤਾ ਗਿਆ ਸੀ। ਐਸਡੀਐਮ ਨੇ ਰਿਪੋਰਟ ਵਿਚ ਇਹ ਵੀ ਟਿੱਪਣੀ ਕੀਤੀ ਹੈ ਕਿ ਦੂਸਰੀ ਵੋਟ ਮਾਮਲੇ ਵਿਚ ਪ੍ਰੋ. ਬਲਜਿੰਦਰ ਕੌਰ ਨੇ ਵਾਰ-ਵਾਰ ਝੂਠੇ ਬਿਆਨ ਦਰਜ ਕਰਵਾਏ ਹਨ।
ਕਮਿਸ਼ਨ ਕੋਲ ਭੇਜ ਦਿੱਤੀ ਜਾਵੇਗੀ ਰਿਪੋਰਟ : ਲਾਕਰਾ
ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਦਾ ਕਹਿਣਾ ਸੀ ਕਿ ਅਜੇ ਤੱਕ ਉਨ੍ਹਾਂ ਨੂੂੰ ਐਸਡੀਐਮ ਦੀ ਰਿਪੋਰਟ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹੀ ਰਿਪੋਰਟ ਮਿਲ ਜਾਵੇਗੀ, ਉਹ ਉਸ ਨੂੰ ਪੰਜਾਬ ਦੇ ਚੋਣ ਕਮਿਸ਼ਨ ਕੋਲ ਭੇਜ ਦੇਣਗੇ। ਚੋਣ ਕਮਿਸ਼ਨ ਹੀ ਇਸ ‘ਤੇ ਅਗਲਾ ਫੈਸਲਾ ਲਵੇਗਾ।
ਵਿਧਾਇਕਾ ਨੇ ਚੋਣ ਕਮਿਸ਼ਨ ਨੂੰ ਕੀਤਾ ਗੁੰਮਰਾਹ : ਗਰੇਵਾਲ
ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਆਰਟੀਆਈ ਕਾਰਕੁੰਨ ਹਰਮਿਲਾਪ ਗਰੇਵਾਲ ਨੇ ਦੱਸਿਆ ਕਿ ਪ੍ਰੋ. ਬਲਜਿੰਦਰ ਕੌਰ ਨੇ ਚੋਣ ਕਮਿਸ਼ਨ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਪ੍ਰੋ. ਬਲਜਿੰਦਰ ਕੌਰ ਦੀ ਤਲਵੰਡੀ ਸਾਬੋ ਵਿਧਾਨ ਸਭਾ ਦੀ ਮੈਂਬਰੀ ਰੱਦ ਕਰਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
”ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਬਦਨਾਮ ਕਰਨ ਲਈ ਇਹ ਸਾਜ਼ਿਸ਼ ਰਚੀ ਜਾ ਰਹੀ ਹੈ। ਚੋਣ ਕਮਿਸ਼ਨ ਨੂੰ ਇਸ ਦੀ ਮੁੜ ਤੋਂ ਜਾਂਚ ਕਰਨੀ ਚਾਹੀਦੀ ਹੈ।”
-ਬਲਜਿੰਦਰ ਕੌਰ
”ਅਸੀਂ ਬਲਜਿੰਦਰ ਕੌਰ ਦੇ ਨਾਲ ਡਟ ਕੇ ਖੜ੍ਹੇ ਹਾਂ, ਮੈਨੂੰ ਪੂਰਨ ਆਸ ਹੈ ਕਿ ਬਲਜਿੰਦਰ ਕੌਰ ਨੂੰ ਅਦਾਲਤ ਵੱਲੋਂ ਬੇਗੁਨਾਹ ਕਰਾਰ ਦਿੱਤਾ ਜਾਵੇਗਾ।”
-ਸੁਖਪਾਲ ਸਿੰਘ ਖਹਿਰਾ

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …