ਖੇਡ ਕਿਤਾਬਾਂ ਦੇ ਕਾਰੋਬਾਰੀਆਂ ਦੀ!
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿੱਚੋਂ ਸਿੱਖ ਇਤਿਹਾਸ ਨਾਲ ਸਬੰਧਤ ਅਧਿਆਏ ਹਟਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸੇ ਦੌਰਾਨ ਪਤਾ ਲੱਗਿਆ ਹੈ ਕਿ ਸਕੂਲ ਬੋਰਡ ਨੇ ਹੋਂਦ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਕਦੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੀਆਂ ਕਿਤਾਬਾਂ ਨਹੀਂ ਛਾਪੀਆਂ। ਇਸ ਲਈ ਸੁਆਲ ਖੜ੍ਹਾ ਹੁੰਦਾ ਹੈ ਕਿ ਇਸ ਵਿਵਾਦ ਪਿੱਛੇ ਕੀ ਕਾਰਨ ਹਨ?
ਪੰਜਾਬ ਸਕੂਲ ਸਿੱਖਿਆ ਬੋਰਡ 1969 ਵਿੱਚ ਬਣਿਆ ਸੀ ਤੇ ਹੁਣ ਤੱਕ ਇਸ ਨੇ ਕਦੇ ਗਿਆਰਵੀਂ ਤੇ ਬਾਰ੍ਹਵੀਂ ਦੇ ਇਤਿਹਾਸ ਦੀਆਂ ਕਿਤਾਬਾਂ ਨਹੀਂ ਛਪਵਾਈਆਂ ਸਨ, ਸਿਰਫ਼ ਸਿਲੇਬਸ ਬਣਾਇਆ ਸੀ, ਜਿਸ ਦੇ ਆਧਾਰ ‘ਤੇ ਪ੍ਰਾਈਵੇਟ ਪ੍ਰਕਾਸ਼ਕ ਗਾਈਡਾਂ ਛਾਪ ਕੇ ਵਿਦਿਆਰਥੀਆਂ ਨੂੰ ਵੇਚ ਦਿੰਦੇ ਸਨ ਤੇ ਵਿਦਿਆਰਥੀਆਂ ਇਨ੍ਹਾਂ ਗਾਈਡਾਂ ਤੋਂ ਤਿਆਰੀ ਕਰਕੇ ਇਮਤਿਹਾਨ ਦਿੰਦੇ ਆ ਰਹੇ ਸਨ। ਪਹਿਲੀ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 11ਵੀਂ ਅਤੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਛਪਵਾਉਣ ਦਾ ਯਤਨ ਕੀਤਾ ਹੈ ਤੇ 12ਵੀਂ ਦੀ ਕਿਤਾਬ ਛਪ ਕੇ ਆ ਗਈ ਹੈ ਤੇ ਗਿਆਰਵੀਂ ਦੀ ਕਿਤਾਬ ਆਉਣੀ ਹੈ। ਸਕੂਲ ਬੋਰਡ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦੀ ਕੀਮਤ ਸੌ ਰੁਪਏ ਪ੍ਰਤੀ ਕਿਤਾਬ ਹੈ, ਜਦੋਂਕਿ ਪ੍ਰਾਈਵੇਟ ਪ੍ਰਕਾਸ਼ਕਾਂ ਦੀ ਕਿਤਾਬ ਦੀ ਕੀਮਤ ਚਾਰ ਸੌ ਰੁਪਏ ਤੋਂ ਵੱਧ ਹੈ। ਗਿਆਰਵੀਂ ਤੇਬਾਰ੍ਹਵੀਂ ਦੀਆਂ ਦੋ ਜਮਾਤਾਂ ਵਿੱਚ ਦੋ ਲੱਖ ਤੋਂ ਵੱਧ ਬੱਚੇ ਪੜ੍ਹਦੇ ਹਨ। ਇਸ ਤਰ੍ਹਾਂ ਨੌ ਕਰੋੜ ਰੁਪਏ ਕਿਤਾਬਾਂ ਦੇ ਕਾਰੋਬਾਰ ਦਾ ਮਾਮਲਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਬੋਰਡ ਵੱਲੋਂ ਪਹਿਲਾਂ ਸਿਫ਼ਾਰਸ਼ ਕੀਤੀਆਂ ਕਿਤਾਬਾਂ ਬੰਦ ਕਰਵਾ ਦਿੱਤੀਆਂ ਹਨ ਤੇ ਬੋਰਡ ਵੱਲੋਂ ਤਿਆਰ ਕੀਤੀਆਂ ਕਿਤਾਬਾਂ ਨੂੰ ਲਾਉਣ ਦੀ ਤਿਆਰੀ ਹੈ।
ਵਰਨਣਯੋਗ ਹੈ ਕਿ ਪਿਛਲੀ ਸਰਕਾਰ ਵੇਲੇ ਇਤਿਹਾਸ ਦੀਆਂ ਕਿਤਾਬਾਂ ਛਾਪਣ ਲਈ 2014 ਵਿੱਚ 13 ਮਾਹਿਰਾਂ ਦਾ ਪੈਨਲ ਬਣਾਇਆ ਸੀ, ਜਿਸ ਵਿੱਚ ਪੰਜਾਬ, ਪੰਜਾਬੀ ਯੂਨੀਵਰਸਿਟੀ, ਸਕੂਲ ਬੋਰਡ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਫ਼ਾਰਸ਼ ‘ਤੇ ਸਿੱਖ ਇਤਿਹਾਸ ਖੋਜ ਬੋਰਡ ਦੇ ਮੈਂਬਰ ਡਾ. ਪਰਮਵੀਰ ਸਿੰਘ ਨੂੰ ਮਾਹਿਰਾਂ ਦੇ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਸੀ। ਮਾਹਿਰਾਂ ਦੇ ਪੈਨਲ ਦੇ ਮੁਖੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਐਮ.ਰਾਜੀਵ ਲੋਚਨ ਹਨ। ਇਸ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਲੇਬਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਅਤੇ ਨਾ ਹੀ ਸਿਲੇਬਸ ਘਟਾਇਆ ਗਿਆ ਹੈ। ਕੁਝ ਸੰਖੇਪ ਜ਼ਰੂਰ ਕੀਤਾ ਗਿਆ ਹੈ, ਅਜਿਹਾ ਕਰਨ ਦਾ ਮਕਸਦ ਵਿਦਿਆਰਥੀਆਂ ਦੀਆਂ ਪਾਠ-ਪੁਸਤਕਾਂ ਵਿੱਚ ਰੁਚੀ ਪੈਦਾ ਕਰਨਾ ਹੈ। ਜਿਹੜਾ ਇਤਿਹਾਸ ਪਹਿਲਾਂ ਬਾਰ੍ਹਵੀਂ ਜਮਾਤ ਨੂੰ ਪੜ੍ਹਾਇਆ ਜਾਂਦਾ ਸੀ, ਉਸ ਨੂੰ ਹੇਠਲੀਆਂ ਕਲਾਸਾਂ ਦੇ ਸਿਲੇਬਸ ਵਿੱਚ ਤਬਦੀਲ ਕਰ ਦਿੱਤਾ ਹੈ। ਗਿਆਰਵੀਂ ਦੀ ਕਿਤਾਬ ਐਡਿਟ ਕੀਤੀ ਗਈ ਹੈ, ਪਰ ਅਜੇ ਛਪਣੀ ਹੈ। ਇਸ ਵਿੱਚ ਪੰਜਾਬ ਦੇ ਇਤਿਹਾਸ ਦੇ ਸ੍ਰੋਤ: ਸਿੱਖ ਧਰਮ ਦੀ ਬੁਨਿਆਦ (ਗੁਰੂ ਨਾਨਕ ਦੇਵ ਜੀ), ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ ਸਿੱਖ ਧਰਮ ਦਾ ਵਿਕਾਸ, ਗੁਰੂ ਹਰਗੋਬਿੰਦ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਧਰਮ ਦਾ ਪਰਿਵਰਤਣ, ਗੁਰੂ ਗੋਬਿੰਦ ਸਿੰਘ ਜੀ ਤੇ ਖ਼ਾਲਸੇ ਦੀ ਸਾਜਨਾ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਪਾਠ ਸ਼ਾਮਲ ਹਨ। ਸਕੂਲ ਬੋਰਡ ਨੇ ਸਿਲੇਬਸ ਵਿੱਚ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸਬੰਧਤ ਇਕ ਹੋਰ ਪਾਠ ਵੀ ਜੋੜਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ 12ਵੀਂ ਜਮਾਤ ਦੇ ਸਿਲੇਬਸ ਦਾ ਹਿੱਸਾ ਹੈ। ਇਸ ਤੋਂ ਇਲਾਵਾ ਸਿੱਖ ਇਤਿਹਾਸ ਨਾਲ ਸਬੰਧਤ ਕੁਝ ਹੋਰ ਪਾਠ ਦਸਵੀਂ ਜਮਾਤ ਦੇ ਸਿਲੇਬਸ ਦਾ ਹਿੱਸਾ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਕ ਵਿਸ਼ਾ ਮਾਹਿਰ ਦਾ ਕਹਿਣਾ ਹੈ ਕਿ ਪ੍ਰਾਈਵੇਟ ਪ੍ਰਕਾਸ਼ਕਾਂ ਨੇ ਆਪਣੀ ਸਹੂਲਤ ਮੁਤਾਬਕ ਚੈਪਟਰ ਬਣਾਏ ਸਨ ਤੇ ਅਸੀਂ ਉਨ੍ਹਾਂ ਨੂੰ ਸਿੱਖ ਇਤਿਹਾਸ ਤਹਿਤ ਕਵਰ ਕੀਤਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿੱਚ ਇਤਿਹਾਸ ਪ੍ਰਤੀ ਰੁਚੀ ਪੈਦਾ ਕਰਨ ਲਈ ਕਿਤਾਬਾਂ ਦੀ ਸੂਚੀ ਦਿੱਤੀ ਹੈ।
ਸਿਲੇਬਸ ਨਾਲ ਕੋਈ ਛੇੜਛਾੜ ਨਹੀਂ ਕੀਤੀ: ਸਿੱਖਿਆ ਮੰਤਰੀ : ਓ. ਪੀ. ਸੋਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਦੇ ਸਿਲੇਬਸ ਨਾਲ ਕੋਈ ਛੇੜ-ਛਾੜ ਨਹੀਂ ਕੀਤੀ। ਸਿਲੇਬਸ ਮਾਹਿਰਾਂ ਨੇ ਤਿਆਰ ਕੀਤਾ ਹੈ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਮਾਹਿਰ ਵੀ ਸ਼ਾਮਲ ਹੈ।
Home / ਹਫ਼ਤਾਵਾਰੀ ਫੇਰੀ / ਮਾਮਲਾ : ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ ‘ਚੋਂ ਗੁਰੂ ਸਾਹਿਬਾਨਾਂ ਦੀ ਜੀਵਨੀ ਨਾਲ ਸਬੰਧਤ ਗਾਥਾਵਾਂ ਹਟਾਉਣ ਦਾ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …