ਓਟਵਾ/ਬਿਊਰੋ ਨਿਊਜ਼ : ਟਰੱਕਰਜ਼ ਦੇ ਕਾਫਲੇ ਨੇ ਭਾਵੇਂ ਸਾਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਇਸ ਨਾਲ ਕੈਨੇਡੀਅਨਜ਼, ਖਾਸ ਤੌਰ ਉੱਤੇ ਓਟਵਾ ਵਾਸੀਆਂ ਦੀ ਜ਼ਿੰਦਗੀ ਉੱਤੇ ਕਾਫੀ ਅਸਰ ਪੈ ਰਿਹਾ ਹੈ। ਟਰੱਕਰਜ਼ ਦੇ ਇਸ ਕਾਫਲੇ ਕਾਰਨ ਆਈ ਖੜੋਤ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਫੈਡਰਲ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਓਟਵਾ ਵਾਸੀਆਂ ਦੀ ਨਰਾਜ਼ਗੀ ਦਾ ਸਾਹਮਣਾ ਕਰ ਰਹੇ ਸਿਟੀ ਅਧਿਕਾਰੀਆਂ ਨੇ ਇੱਕ ਬ੍ਰੀਫਿੰਗ ਦੌਰਾਨ ਆਖਿਆ ਕਿ ਇਸ ਸਥਿਤੀ ਤੋਂ ਬਾਹਰ ਨਿਕਲਣ ਲਈ ਫੈਡਰਲ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ। ਪਿਛਲੇ ਪੰਜ ਦਿਨਾਂ ਤੋਂ ਇਹ ਕਾਫਲਾ ਵੈਲਿੰਗਟਨ ਸਟਰੀਟ ਤੇ ਡਾਊਨਟਾਊਨ ਦੀਆਂ ਅਹਿਮ ਸੜਕਾਂ ਉੱਤੇ ਡੇਰਾ ਲਾਈ ਬੈਠਿਆ ਹੈ। ਬੁੱਧਵਾਰ ਨੂੰ ਓਟਵਾ ਪੁਲਿਸ ਦੇ ਕਾਰਜਕਾਰੀ ਡਿਪਟੀ ਚੀਫ ਟ੍ਰਿਸ ਫਰਗੂਸਨ ਨੇ ਆਖਿਆ ਕਿ ਟਰੱਕਰਜ ਦਾ ਇਹ ਗਰੁੱਪ ਬੜਾ ਹੀ ਅੜ੍ਹਬ ਹੈ। ਬੁੱਧਵਾਰ ਸਵੇਰੇ ਜਾਰੀ ਕੀਤੀ ਗਈ ਇੱਕ ਪ੍ਰੈੱਸ ਰਲੀਜ ਵਿੱਚ ਟਰੱਕਰ ਕੌਨਵੌਏ ਦੇ ਪ੍ਰਬੰਧਕਾਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਲੋਕਲਜ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ ਪਰ ਉਹ ਵੀ ਕੁੱਝ ਨਹੀਂ ਕਰ ਸਕਦੇ ਕਿਉਂਕਿ ਇਸ ਸਥਿਤੀ ਲਈ ਜ਼ਿੰਮੇਵਾਰ ਸਿਆਸਤਦਾਨ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ।