Breaking News
Home / ਜੀ.ਟੀ.ਏ. ਨਿਊਜ਼ / ਪੁਲਿਸ ਨੇ ਕੀਤਾ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 12 ਨੂੰ ਕੀਤਾ ਗਿਆ ਚਾਰਜ

ਪੁਲਿਸ ਨੇ ਕੀਤਾ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 12 ਨੂੰ ਕੀਤਾ ਗਿਆ ਚਾਰਜ

ਓਨਟਾਰੀਓ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਦੇ ਜਾਂਚਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਗੱਡੀਆਂ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਨੌਂ ਗੱਡੀਆਂ ਬਰਾਮਦ ਹੋਈਆਂ ਅਤੇ ਉਨ੍ਹਾਂ ਵੱਲੋਂ 81 ਚਾਰਜਿਜ਼ ਲਾਏ ਗਏ। ਮਹੀਨਾ ਭਰ ਚੱਲੀ ਇਸ ਜਾਂਚ ਨੂੰ ਪ੍ਰੋਜੈਕਟ ਮੈਮਫਿਸ ਦਾ ਨਾਂ ਦਿੱਤਾ ਗਿਆ। ਇਹ ਪ੍ਰੋਜੈਕਟ ਮਾਰਚ 2023 ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਪੁਲਿਸ ਨੂੰ ਅਜਿਹੀ ਗੱਡੀ ਬਾਰੇ ਸੂਹ ਮਿਲੀ ਜਿਸ ਦਾ ਪਛਾਣ ਨੰਬਰ (ਵ੍ਹੀਕਲ ਆਈਡੈਂਟੀਫਿਕੇਸ਼ਨ ਨੰਬਰ-(ਵਿੰਨ) ਹੀ ਬਦਲ ਦਿੱਤਾ ਗਿਆ ਸੀ। ਇਹ ਵਿੰਨ ਉਸ ਸਮੇਂ ਬਦਲਿਆਂ ਜਾਂਦਾ ਹੈ ਜਦੋਂ ਇਹ ਲੁਕਾਉਣਾ ਹੋਵੇ ਕਿ ਗੱਡੀ ਚੋਰੀ ਦੀ ਹੈ। ਪੁਲਿਸ ਰਲੀਜ਼ ਵਿੱਚ ਆਖਿਆ ਗਿਆ ਕਿ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਕਈ ਚੋਰੀ ਦੀਆਂ ਗੱਡੀਆਂ ਦੇ ਵਿੰਨ ਬਦਲ ਦਿੱਤੇ ਗਏ ਹਨ, ਉਨ੍ਹਾਂ ਨੂੰ ਮੁੜ ਰਜਿਸਟਰ ਕਰਵਾਇਆ ਗਿਆ ਹੈ ਤੇ ਮਿਸੀਸਾਗਾ ਵਿੱਚ ਵੇਚਿਆ ਗਿਆ ਹੈ। ਕੁੱਝ ਮਾਮਲਿਆਂ ਵਿੱਚ ਤਾਂ ਮਸ਼ਕੂਕਾਂ ਨੇ ਕਈ ਵਿੱਤੀ ਅਦਾਰਿਆਂ ਤੇ ਇੰਸ਼ੋਰੈਂਸ ਕੰਪਨੀਆਂ ਨਾਲ ਵੀ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ। ਮਸ਼ਕੂਕਾਂ ਦੀ ਪਛਾਣ ਕਰਨ ਲਈ ਕਈ ਢੰਗ ਤਰੀਕੇ ਵਰਤੇ ਗਏ ਤੇ ਚੋਰੀ ਦੀਆਂ ਗੱਡੀਆਂ ਬਰਾਮਦ ਕਰਨ ਦੇ ਨਾਲ ਨਾਲ ਇੰਸ਼ੋਰੈਂਸ ਫਰਾਡ ਨੂੰ ਵੀ ਰੋਕਿਆ ਗਿਆ। ਜਾਂਚ ਤੋਂ ਬਾਅਦ 12 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਤੇ ਜਾਂਚਕਾਰਾਂ ਨੇ ਦੱਸਿਆ ਕਿ 350,000 ਦਾ ਇੰਸ਼ੋਰੈਂਸ ਦਾ ਫਰਾਡ ਹੋਣ ਤੋਂ ਰੋਕਿਆ ਗਿਆ। ਪੁਲਿਸ ਨੇ ਇਸ ਦੌਰਾਨ ਰੇਂਜਰੋਵਰ, ਬੈਂਟਲੇ, ਬੀਐਮਡਬਲਿਊ ਆਦਿ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।

Check Also

ਫੋਰਡ ਸਰਕਾਰ ਨੇ ਸਾਫਟਵੇਅਰ ਤਿਆਰ ਕਰਨ ਲਈ ਇਕੋ ਫਰਮ ਨੂੰ ਕੰਟਰੈਕਟ

ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਡਿਜੀਟਲ ਟ੍ਰਿਬਿਊਨਲ ਸਿਸਟਮ ਕਾਇਮ ਕਰਨ ਲਈ ਸਿਰਫ ਇੱਕ ਇੰਟਰਨੈਸ਼ਨਲ …