ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਵਿਦੇਸ਼ੀ ਨਾਗਰਿਕਾਂ ਤੇ ਨੌਨ-ਰੈਜੀਡੈਂਟਸ ਵੱਲੋਂ ਘਰ ਖਰੀਦੇ ਜਾਣ ਉੱਤੇ ਟੈਕਸ ਵਿੱਚ ਵਾਧਾ ਕਰਨ ਜਾ ਰਿਹਾ ਹੈ। ਇਸ ਟੈਕਸ ਵਿੱਚ 20 ਤੋਂ 25 ਫੀਸਦੀ ਦਾ ਵਾਧਾ ਹੋਵੇਗਾ। ਇਹ ਫੈਸਲਾ ਮੰਗਲਵਾਰ ਤੋਂ ਲਾਗੂ ਹੋਣ ਜਾ ਰਿਹਾ ਹੈ।
ਵਿੱਤ ਮੰਤਰੀ ਪੀਟਰ ਬੈਥਲੇਨਫੈਲਵੀ ਨੇ ਦੱਸਿਆ ਕਿ ਇਸ ਕਦਮ ਨਾਲ ਓਨਟਾਰੀਓ ਵਿੱਚ ਟੈਕਸ ਦਰ ਪੂਰੇ ਕੈਨੇਡਾ ਨਾਲੋਂ ਸਭ ਤੋਂ ਵੱਧ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਨੇ ਗੈਰ ਰਿਹਾਇਸ਼ੀ ਰੈਜੀਡੈਂਟਸ ਉੱਤੇ ਲਾਏ ਜਾਣ ਵਾਲੇ ਇਸ ਟੈਕਸ ਵਿੱਚ ਮਾਰਚ ਵਿੱਚ 15 ਫੀਸਦੀ ਤੋਂ 20 ਫੀਸਦੀ ਦਾ ਵਾਧਾ ਕੀਤਾ ਸੀ ਤੇ ਇਸ ਨੂੰ ਦੱਖਣੀ ਓਨਟਾਰੀਓ ਦੇ ਸਿਰਫ ਗ੍ਰੇਟਰ ਗੋਲਡਨ ਹੌਰਸਸੂ ਦੀ ਥਾਂ ਪੂਰੇ ਪ੍ਰੋਵਿੰਸ ਵਿੱਚ ਲਾਗੂ ਕੀਤਾ ਸੀ।
ਮਿਊਂਸਪਲ ਅਫੇਅਰਜ ਐਂਡ ਹਾਊਸਿੰਗ ਮੰਤਰੀ ਸਟੀਵ ਕਲਾਰਕ ਵੱਲੋਂ ਵੀ ਹਾਊਸਿੰਗ ਸਬੰਧੀ ਬਿੱਲ ਪੇਸ਼ ਕੀਤਾ ਜਾਣਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰ ਅਗਲੇ 10 ਸਾਲਾਂ ਵਿੱਚ 1.5 ਮਿਲੀਅਨ ਡਾਲਰ ਘਰਾਂ ਦਾ ਨਿਰਮਾਣ ਕਰਨਾ ਚਾਹੁੰਦੀ ਹੈ। ਕਲਾਰਕ ਨੇ ਆਖਿਆ ਕਿ ਟੈਕਸਾਂ ਵਿੱਚ ਵਾਧਾ ਕਰਕੇ ਅਸੀਂ ਓਨਟਾਰੀਓ ਵਿੱਚ ਹਾਊਸਿੰਗ ਸੰਕਟ ਨੂੰ ਖਤਮ ਕਰਨ ਦੇ ਇੱਕ ਹੋਰ ਕਦਮ ਨੇੜੇ ਪਹੁੰਚ ਗਏ ਹਾਂ।