Breaking News
Home / ਜੀ.ਟੀ.ਏ. ਨਿਊਜ਼ / ਪੀਲ ਪੁਲਿਸ ਨੇ 25 ਮਿਲੀਅਨ ਡਾਲਰ ਦਾ ਨਸ਼ਾ ਕੀਤਾ ਬਰਾਮਦ

ਪੀਲ ਪੁਲਿਸ ਨੇ 25 ਮਿਲੀਅਨ ਡਾਲਰ ਦਾ ਨਸ਼ਾ ਕੀਤਾ ਬਰਾਮਦ

ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਸਮੇਤ ਪੰਜ ਨੂੰ ਕੀਤਾ ਗਿਆ ਚਾਰਜ
ਟੋਰਾਂਟੋ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਵੱਲੋਂ ਕਮਰਸ਼ੀਅਲ ਟਰੱਕਿੰਗ ਬਿਜਨਸ ਦੀ ਵਰਤੋਂ ਕਰਕੇ ਅਮਰੀਕਾ-ਕੈਨੇਡਾ ਸਰਹੱਦਾਂ ਦੇ ਆਰ ਪਾਰ ਡਰੱਗਜ਼ ਦੀ ਸਮਗਲਿੰਗ ਕਰਨ ਵਾਲੇ ਗਰੁੱਪ ਦਾ ਪਰਦਾਫਾਸ ਕਰਨ ਮਗਰੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਕੀਤੀ ਜਾ ਰਹੀ ਸੀ।
ਗ੍ਰੇਟਰ ਟੋਰਾਂਟੋ ਏਰੀਆ ਵਿੱਚ ਡਰੱਗ ਡੀਲਿੰਗ ਕਰਨ ਵਾਲੇ ਮਸਕੂਕਾਂ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਵੱਲੋਂ ਨਵੰਬਰ 2021 ਤੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਬੁੱਧਵਾਰ ਨੂੰ ਜਾਰੀ ਕੀਤੀ ਗਈ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਜਲਦੀ ਹੀ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਇਹ ਕੋਈ ਨਿੱਕਾ ਮੋਟਾ ਮਾਮਲਾ ਨਹੀਂ ਹੈ ਸਗੋਂ ਇਹ ਸਮਗਲਿੰਗ ਕੌਮਾਂਤਰੀ ਸਰਹੱਦਾਂ ਦੇ ਆਰ ਪਾਰ ਤੱਕ ਹੋ ਰਹੀ ਹੈ। ਪ੍ਰੋਜੈਕਟ ਜੁਕਾਰਿਤਸ ਮੁੱਕਣ ਤੱਕ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ 182 ਕਿੱਲੋ ਮੈਥਾਮਫੈਟਾਮਾਈਨ, 166 ਕਿੱਲੋ ਕੋਕੀਨ ਤੇ 38 ਕਿੱਲੋ ਕੈਟਾਮਾਈਨ ਬਰਾਮਦ ਕੀਤੀ ਗਈ। ਇਨ੍ਹਾਂ ਨਸ਼ਿਆਂ ਦੀ ਬਾਜ਼ਾਰ ਵਿੱਚ ਕੀਮਤ 25 ਮਿਲੀਅਨ ਡਾਲਰ ਬਣਦੀ ਹੈ। ਪੀਲ ਰੀਜਨਲ ਪੁਲਿਸ ਚੀਫ ਨਿਸਾਨ ਦੁਰੱਈਅੱਪਾ ਨੇ ਆਖਿਆ ਕਿ ਸਾਡੇ ਜਾਂਚਕਾਰਾਂ ਵੱਲੋਂ ਸੰਗਠਿਤ ਜੁਰਮ ਉੱਤੇ ਨਕੇਲ ਕੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਗਰੁੱਪ ਵੱਲੋਂ ਅਮਰੀਕਾ ਤੋਂ ਸਿੱਧਾ ਪੀਲ ਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਡਰੱਗ ਸਮਗਲ ਕਰਨ ਲਈ ਟਰੱਕਾਂ ਦੀ ਵਰਤੋਂ ਕੀਤੀ ਗਈ।
ਪੀਲ ਪੁਲਿਸ ਦੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਦੇ ਇੰਸਪੈਕਟਰ ਟੌਡ ਕਸਟੈੱਸ ਨੇ ਦੱਸਿਆ ਕਿ ਇਨ੍ਹਾਂ ਨਸ਼ਿਆਂ ਦੇ ਫੜ੍ਹੇ ਜਾਣ ਨਾਲ ਸੰਗਠਿਤ ਜੁਰਮ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਕਾਫੀ ਆਰਥਿਕ ਨੁਕਸਾਨ ਪਹੁੰਚੇਗਾ ਤੇ ਭਵਿੱਖ ਵਿੱਚ ਉਹ ਇਸ ਤਰ੍ਹਾਂ ਦੇ ਜ਼ੁਰਮ ਕਰਨ ਤੋਂ ਥੋੜ੍ਹਾ ਝਿਜਕਣਗੇ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੱਖਣੀ ਓਨਟਾਰੀਓ ਦੇ ਦੋ ਬਿਜਨਸਿਜ਼ ਨੂੰ ਟਰਾਂਸਫਰ ਹੱਬਜ਼ ਵਾਂਗ ਵਰਤਿਆ ਜਾ ਰਿਹਾ ਸੀ।
ਇਸ ਮਾਮਲੇ ਵਿੱਚ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਮੂਲ ਦੇ ਹਨ ਜਿਨ੍ਹਾਂ ‘ਚ ਕੇਲਡਨ ਦੇ 46 ਸਾਲਾ ਖਲੀਲਉੱਲ੍ਹਾ ਆਮਿਨ, ਬਰੈਂਪਟਨ ਦੇ 28 ਸਾਲਾ ਜਸਪ੍ਰੀਤ ਸਿੰਘ, ਰਿਚਮੰਡ ਹਿੱਲ ਦੇ 27 ਸਾਲਾ ਰੇਅ, ਮਿਸੀਸਾਗਾ ਦੇ 27 ਸਾਲਾ ਰਵਿੰਦਰ ਬੋਪਾਰਾਏ ਅਤੇ ਕੇਲਡਨ ਦੇ 38 ਸਾਲਾ ਗੁਰਦੀਪ ਗਾਖਲ ਨੂੰ ਪਾਬੰਦੀਸ਼ੁਦਾ ਪਦਾਰਥ ਦੀ ਸਮਗਲਿੰਗ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ।

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …