ਬਰੈਂਪਟਨ/ਬਿਊਰੋ ਨਿਊਜ਼ : ਪੈਟ੍ਰਿਕ ਬ੍ਰਾਊਨ ਦੇ ਮੁੜ ਮੇਅਰ ਚੁਣੇ ਜਾਣ ਤੋਂ ਇੱਕ ਦਿਨ ਬਾਅਦ ਸਿਟੀ ਆਫ ਬਰੈਂਪਟਨ ਨਾਲ ਡਾਇਰੈਕਟਰ ਵਜੋਂ ਕੰਮ ਕਰ ਰਹੀ ਨਿੱਕੀ ਕੌਰ ਨੂੰ ਨੌਕਰੀ ਤੋਂ ਕੱਢ ਦਿੱਤੇ ਜਾਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਨਿੱਕੀ ਕੌਰ ਦੇ ਵਕੀਲਾਂ ਨੇ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਇਹ ਆਖਿਆ ਗਿਆ ਹੈ ਕਿ ਉਸ ਨੂੰ ਗਲਤ ਢੰਗ ਨਾਲ ਨੌਕਰੀ ਤੋਂ ਕੱਢੇ ਜਾਣ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਿੱਕੀ ਸਿਟੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਤੇ ਉਹ ਹਰਜਾਨੇ ਦੀ ਮੰਗ ਵੀ ਕਰੇਗੀ।
ਪੱਤਰ ਵਿੱਚ ਸਿਟੀ ਨੂੰ ਵੀ ਇਹ ਨਿਰਦੇਸ ਦਿੱਤੇ ਗਏ ਹਨ ਕਿ ਉਹ ਨਿੱਕੀ ਕੌਰ ਨੂੰ ਨੌਕਰੀ ਤੋਂ ਕੱਢੇ ਜਾਣ ਸਬੰਧੀ ਦਸਤਾਵੇਜਾਂ ਨੂੰ ਸਹੇਜ ਕੇ ਰੱਖਣ। ਮੈਸੀ ਐਲਐਲਪੀ ਫਰਮ ਨਾਲ ਕੰਮ ਕਰ ਰਹੇ ਨਿੱਕੀ ਦੇ ਵਕੀਲਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਨਿੱਕੀ ਨੂੰ ਬਦਲਾਲਊ ਕਾਰਵਾਈ ਤਹਿਤ ਸਾਜਿਸਨ ਨੌਕਰੀ ਤੋਂ ਕੱਢਿਆ ਗਿਆ ਹੈ। ਇਹ ਵੀ ਆਖਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਸਿਟੀ ਦਾ ਸੀਨੀਅਰ ਸਟਾਫ ਤੇ ਮੇਅਰ ਦਾ ਆਫਿਸ ਵੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਬ੍ਰਾਊਨ 60 ਫੀਸਦੀ ਵੋਟਾਂ ਹਾਸਲ ਕਰਕੇ ਜੇਤੂ ਰਹੇ ਤੇ ਮੇਅਰ ਨਿਯੁਕਤ ਕੀਤੇ ਗਏ ਜਦਕਿ 25.5 ਫੀਸਦੀ ਵੋਟਾਂ ਹਾਸਲ ਕਰਨ ਵਾਲੀ ਨਿੱਕੀ ਕੌਰ ਦੂਜੇ ਸਥਾਨ ਉੱਤੇ ਰਹੀ। ਮੰਗਲਵਾਰ ਨੂੰ ਨੌਕਰੀ ਤੋਂ ਕੱਢੇ ਜਾਣ ਉੱਤੇ ਨਿੱਕੀ ਕੌਰ ਨੇ ਆਖਿਆ ਕਿ ਬਰੈਂਪਟਨ ਸਿਟੀ ਹਾਲ ਵਿੱਚ ਹੋਣ ਵਾਲੀਆਂ ਗੜਬੜਾਂ ਤੇ ਕੁਪ੍ਰਬੰਧਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਾਰਨ ਉਸ ਨੂੰ ਚੁੱਪ ਕਰਵਾਉਣ ਲਈ ਇਹ ਸਭ ਕੀਤਾ ਗਿਆ। ਪਰ ਸਹੀ ਗੱਲ ਆਖਣ ਤੋਂ ਉਹ ਕਦੇ ਚੁੱਪ ਨਹੀਂ ਰਹੇਗੀ। ਅਜੇ ਤੱਕ ਨਿੱਕੀ ਕੌਰ ਵੱਲੋਂ ਲਾਏ ਗਏ ਦੋਸ਼ਾਂ ਵਿੱਚੋਂ ਕੋਈ ਵੀ ਸਿੱਧ ਨਹੀਂ ਹੋਏ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …