ਹੱਥ ਜੋੜ ਕੇ ਗੱਡੀ ਵਿਚ ਹੀ ਬੈਠੇ ਰਹੇ ਬਿਕਰਮ ਮਜੀਠੀਆ
ਸ੍ਰੀ ਹਰਗੋਬਿੰਦਪੁਰ/ਬਿਊਰੋ ਨਿਊਜ਼ : ਸ੍ਰੀ ਹਰਗੋਬਿੰਦਪੁਰ ਪੁੱਜੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਮਜੀਠੀਆ ਨੂੰ ਕਾਲੇ ਝੰਡੇ ਵਿਖਾਏ ਤੇ ਨਾਅਰੇਬਾਜ਼ੀ ਵੀ ਕੀਤੀ। ਮਜੀਠੀਆ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਾਂਗਰਸ ਪਾਰਟੀ ਨਾਲ ਸਬੰਧਤ ਬਾਵਾ ਹਰਜੀਤ ਭੱਲਾ ਨੂੰ ਅਕਾਲੀ ਦਲ ਵਿੱਚ ਰਸਮੀ ਤੌਰ ‘ਤੇ ਸ਼ਾਮਲ ਕਰਨ ਲਈ ਸ੍ਰੀ ਹਰਗੋਬਿੰਦਪੁਰ ਪੁੱਜੇ ਸਨ। ਜਾਣਕਾਰੀ ਅਨੁਸਾਰ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਜਿਉਂ ਹੀ ਬਿਕਰਮ ਸਿੰਘ ਮਜੀਠੀਆ ਦੇ ਸ੍ਰੀ ਹਰਗੋਬਿੰਦਪੁਰ ਆਉਣ ਦੀ ਭਿਣਕ ਪਈ ਤਾਂ ਉਨ੍ਹਾਂ ਅਕਾਲੀ ਆਗੂ ਦੇ ਵਿਰੋਧ ਦਾ ਪ੍ਰੋਗਰਾਮ ਉਲੀਕ ਲਿਆ। ਸੈਂਕੜੇ ਕਿਸਾਨਾਂ ਨੇ ਸ੍ਰੀ ਹਰਗੋਬਿੰਦਪੁਰ ਦੇ ਸਾਰੇ ਰਸਤਿਆਂ ‘ਤੇ ਖੜ੍ਹੇ ਹੋ ਕੇ ਮਜੀਠੀਆ ਨੂੰ ਕਾਲੇ ਝੰਡੇ ਵਿਖਾਏ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਜੀਠੀਆ ਨੂੰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਾਵਾ ਹਰਜੀਤ ਭੱਲਾ ਦੀ ਰਿਹਾਇਸ਼ ‘ਤੇ ਜਾਣ ਮੌਕੇ ਰਸਤੇ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਮਜੀਠੀਆ ਦੇ ਕਾਫ਼ਲੇ ਨੂੰ ਪਹਿਲਾਂ ਬਟਾਲਾ ਰੋਡ ਉੱਤੇ ਰੋਕਿਆ ਗਿਆ। ਕਿਸਾਨਾਂ ਨੇ ਅਕਾਲੀ ਆਗੂ ਨੂੰ ਤਿੱਖੇ ਸਵਾਲ ਜਵਾਬ ਕੀਤੇ। ਇਸ ਦੌਰਾਨ ਮਜੀਠੀਆ ਆਪਣੀ ਗੱਡੀ ਵਿੱਚ ਹੀ ਹੱਥ ਜੋੜ ਕੇ ਬੈਠੇ ਰਹੇ ਅਤੇ ਭਾਰੀ ਵਿਰੋਧ ਦੇ ਬਾਵਜੂਦ ਆਪਣੀ ਗੱਡੀ ‘ਚੋਂ ਬਾਹਰ ਨਹੀਂ ਨਿਕਲੇ।