-19.8 C
Toronto
Saturday, January 24, 2026
spot_img
Homeਪੰਜਾਬਕਿਸਾਨੀ ਅੰਦੋਲਨ ਦੀ ਗੂੰਜ ਵਿਦਿਅਕ ਅਦਾਰਿਆਂ 'ਚ ਪੈਣ ਲੱਗੀ

ਕਿਸਾਨੀ ਅੰਦੋਲਨ ਦੀ ਗੂੰਜ ਵਿਦਿਅਕ ਅਦਾਰਿਆਂ ‘ਚ ਪੈਣ ਲੱਗੀ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ‘ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ’ ਕਰਵਾਇਆ
ਪਟਿਆਲਾ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਜਿੱਥੇ ਕਈ ਮਹੀਨਿਆਂ ਤੋਂ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ‘ਤੇ ਪੱਕੇ ਮੋਰਚੇ ਲਾਏ ਹੋਏ ਹਨ, ਉੱਥੇ ਹੀ ਇਸੇ ਸੰਘਰਸ਼ ਦੀ ਕੜੀ ਵਜੋਂ ਪੰਜਾਬ ‘ਚ ਟੌਲ ਪਲਾਜ਼ਿਆਂ, ਮਾਲਜ਼ ਤੇ ਅਨੇਕਾਂ ਹੋਰਨਾਂ ਥਾਵਾਂ ‘ਤੇ ਵੀ ਧਰਨੇ ਮੁਜ਼ਾਹਰੇ ਜਾਰੀ ਹਨ। ਹੁਣ ਕਿਸਾਨ ਸੰਘਰਸ਼ ਦੀ ਗੂੰਜ ਵਿੱਦਿਅਕ ਅਦਾਰਿਆਂ ਵਿੱਚ ਵੀ ਪੈਣ ਲੱਗੀ ਹੈ।
ਰਣਵੀਰ ਸਿੰਘ ਦੇਹਲਾ ਦੀ ਅਗਵਾਈ ਹੇਠਲੇ ‘ਸਟੂਡੈਂਟਸ ਵੈੱਲਫੇਅਰ ਐਸੋਸੀਏਟ ਗਰੁੱਪ (ਸਵੈਗ) ਦੁਆਰਾ ਪੰਜਾਬੀ ਯੂਨੀਵਰਸਿਟੀ ਵਿੱਚ ‘ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ’ ਕਰਵਾਇਆ ਗਿਆ। ਪ੍ਰਬੰਧਕੀ ਟੀਮ ਵਿੱਚ ਅਜੈ ਟਿਵਾਣਾ, ਗੁਰਬਾਜ਼ ਧਾਲੀਵਾਲ, ਗੁਰਦੀਪ ਭੁੱਲਰ, ਗੈਰੀ ਰੰਧਾਵਾ, ਹੈਰੀ ਪੂਨੀਆ, ਸਿਮਰਜੀਤ ਸਰਾਓ, ਬਿੱਟਾ ਰੁੜਕੀ, ਬੌਬੀ, ਬੰਟੀ, ਸੰਦੀਪ ਸਿੰਘ, ਗੁਰਦੀਪ ਸਿੰਘ, ਪ੍ਰਦੀਪ ਸਿੰਘ, ਉਪਿੰਦਰ ਸਿੰਘ ਵਿੱਕੀ, ਹੈਪੀ ਪਾਪੜਾ ਆਦਿ ਸ਼ਾਮਲ ਸਨ। ਗੁਰੂ ਤੇਗ ਬਹਾਦਰ ਹਾਲ ‘ਚ ਜੁੜੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਰਤ ‘ਚ ਪੂੰਜੀਪਤੀਆਂ ਦੀ ਬਿਹਤਰੀ ਲਈ ਕਾਨੂੰਨ ਘੜੇ ਜਾ ਰਹੇ ਹਨ। ਅਜਿਹੇ ਰੁਝਾਨ ਖ਼ਿਲਾਫ਼ ਹੁਣ ਅਵਾਮ ਉੱਠ ਖਲੋਤਾ ਹੈ ਤੇ ਕਿਸਾਨ ਅੰਦੋਲਨ ਇਸ ਦਾ ਪ੍ਰਤੱਖ ਪ੍ਰਮਾਣ ਹੈ।
ਕਿਸਾਨ ਮੋਰਚੇ ਦੇ ਨੇਤਾ ਡਾ. ਦਰਸ਼ਨਪਾਲ ਦਾ ਕਹਿਣਾ ਸੀ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਸਦਕਾ ਤਿੰਨ ਖੇਤੀ ਕਾਨੂੰਨ ਮਰ ਚੁੱਕੇ ਹਨ ਤੇ ਸਿਰਫ਼ ਡੈੱਥ ਸਰਟੀਫਿਕੇਟ ਜਾਰੀ ਹੋਣਾ ਹੀ ਬਾਕੀ ਹੈ। ਕੋਈ ਵੀ ਰਾਜਸੀ ਧਿਰ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਜੁਅਰਤ ਨਹੀਂ ਕਰੇਗੀ।
ਅਰਥ ਸ਼ਾਸ਼ਤਰੀ ਤੇ ਪ੍ਰੋ. ਸੁਖਪਾਲ ਨੇ ਅੰਕੜਿਆਂ ਸਹਿਤ ਦੇਸ਼ ਦੀ ਮਾਲੀ ਹਾਲਤ, ਕੁਦਰਤੀ ਸਾਧਨਾਂ ਅਤੇ ਕਿਰਤ ਦੀ ਵੰਡ ਬਾਰੇ ਦੱਸਿਆ।
ਸਾਬਕਾ ਆਈਏਐੱਸ ਹਰਕੇਸ਼ ਸਿੰਘ ਸਿੱਧੂ ਨੇ ਹਕੂਮਤੀ ਮਨਮਾਨੀਆਂ ਨੂੰ ਠੱਲ੍ਹਣ ਲਈ ਲੋਕ ਲਹਿਰ ਦੀ ਲੋੜ ‘ਤੇ ਜ਼ੋਰ ਦਿੱਤਾ। ਗਾਇਕ ਪੰਮੀ ਬਾਈ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਫਰਜ਼ਾਂ ਬਾਰੇ ਸੁਚੇਤ ਕਰਨ ਲਈ ਬੁੱਧੀਜੀਵੀ ਵਰਗ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਵਿਦਿਆਰਥੀ ਵਰਗ ਦੀ ਲੋਕ ਸੰਘਰਸ਼ਾਂ ‘ਚ ਸ਼ਮੂਲੀਅਤ ਬਾਰੇ ਮਿਸਾਲਾਂ ਦੇ ਕੇ, ਨੌਜਵਾਨ ਵਰਗ ਨੂੰ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਸਿਰਫ ਭਾਜਪਾ ਆਗੂਆਂ ਦਾ ਕਰੋ ਘਿਰਾਓ : ਰਾਜੇਵਾਲ
ਖੇਤੀ ਵਿਰੋਧੀ ਕਾਨੂੰਨਾਂ ਸਬੰਧੀ ਕੇਂਦਰ ਦੀ ਸੱਤਾ ‘ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਲੰਬੇ ਹੱਥੀਂ ਲੈਂਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਦੀ ਸੱਤਾ ‘ਤੇ ਕਾਬਜ਼ ਭਾਜਪਾ ਨੂੰ ਇਸ ਦਾ ਖ਼ਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ। ਉਹ ਪੰਜਾਬੀ ਯੂਨੀਵਰਸਿਟੀ ਵਿੱਚ ਪੁੱਜਣ ‘ਤੇ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਲੋਕ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਤੇ ਉਨ੍ਹਾਂ ਦਾ ਘਿਰਾਓ ਕਰਨ। ਉਨ੍ਹਾਂ ਕਿਹਾ ਕਿ ਬਾਕੀ ਸਿਆਸੀ ਪਾਰਟੀਆਂ ਦੇ ਆਗੂਆਂ ਕੋਲੋਂ ਖੇਤੀ ਕਾਨੂੰਨਾਂ ਸਣੇ ਵਿਕਾਸ, ਕਾਰਗੁਜ਼ਾਰੀ ਅਤੇ ਲੋਕ ਮਸਲਿਆਂ ਦੇ ਹੱਲ ਤੇ ਨਿਪਟਾਰੇ ਸਬੰਧੀ ਸਵਾਲ ਜ਼ਰੂਰ ਪੁੱਛੇ ਜਾਣ। ਰਾਜੇਵਾਲ ਨੇ ਸੂਬੇ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ‘ਤੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਲਗਾਏ।

 

RELATED ARTICLES
POPULAR POSTS