Breaking News
Home / ਪੰਜਾਬ / ਯੂਪੀ ‘ਚ ਭਾਜਪਾ ਲਈ ਰਾਹ ਹੋਇਆ ਔਖਾ

ਯੂਪੀ ‘ਚ ਭਾਜਪਾ ਲਈ ਰਾਹ ਹੋਇਆ ਔਖਾ

ਇਕ ਤੋਂ ਬਾਅਦ ਇਕ ਮੰਤਰੀ ਤੇ ਵਿਧਾਇਕ ਦੇਣ ਲੱਗੇ ਅਸਤੀਫੇ
ਤਿੰਨ ਦਿਨਾਂ ‘ਚ ਤਿੰਨ ਮੰਤਰੀਆਂ ਸਣੇ ਕਈ ਵਿਧਾਇਕਾਂ ਨੇ ਛੱਡਿਆ ਭਾਜਪਾ ਦਾ ਸਾਥ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਦੇ 5 ਸੂਬਿਆਂ ਉਤਰ ਪ੍ਰਦੇਸ਼, ਪੰਜਾਬ, ਗੋਆ, ਉਤਰਾਖੰਡ ਤੇ ਮਨੀਪੁਰ ਵਿਚ ਵਿਧਾਨ ਸਭਾ ਲਈ ਵੋਟਾਂ ਪੈਣ ਵਿਚ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਇਸ ਦੇ ਚੱਲਦਿਆਂ ਉਤਰ ਪ੍ਰਦੇਸ਼ ਵਿਚ 7 ਗੇੜਾਂ ਵਿਚ ਵੋਟਿੰਗ ਹੋਣੀ ਹੈ, ਜਿਸ ਦਾ ਪਹਿਲਾ ਗੇੜ 10 ਫਰਵਰੀ ਨੂੰ ਹੋਵੇਗਾ ਅਤੇ ਪੰਜਾਬ ਵਿਚ ਵੋਟਾਂ ਪੈਣ ਦਾ ਦਿਨ 14 ਫਰਵਰੀ ਹੈ।
ਜਿਉਂ ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ, ਤਿਉਂ ਤਿਉਂ ਦਲ ਬਦਲੀਆਂ ਦਾ ਰੁਝਾਨ ਵੀ ਪੂਰੇ ਜ਼ੋਰਾਂ ‘ਤੇ ਹੈ। ਯੂਪੀ ਵਿਚ ਭਾਜਪਾ ਦੀ ਯੋਗੀ ਅੱਤਿਆਨਾਥ ਸਰਕਾਰ ਦੇ ਇਕ ਤੋਂ ਬਾਅਦ ਇਕ ਮੰਤਰੀ ਅਤੇ ਵਿਧਾਇਕ ਭਾਜਪਾ ਦਾ ਸਾਥ ਛੱਡ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਭਾਜਪਾ ਦੀ ਯੂਪੀ ਵਿਚਲੀ ਸੂਬਾ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਇਸੇ ਤਰ੍ਹਾਂ ਅਸਤੀਫੇ ਦਿੰਦੇ ਰਹੇ ਤਾਂ ਭਾਜਪਾ ਲਈ ਯੂਪੀ ‘ਚ ਦੁਬਾਰਾ ਸੱਤਾ ਵਿਚ ਆਉਣਾ ਮੁਸ਼ਕਲ ਹੋ ਜਾਵੇਗਾ। ਉਤਰ ਪ੍ਰਦੇਸ਼ ਵਿਚ ਭਾਜਪਾ ਨੇਤਾਵਾਂ ਦੇ ਅਸਤੀਫਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸਦੇ ਚੱਲਦਿਆਂ ਯੂਪੀ ‘ਚ ਭਾਜਪਾ ਦੀ ਯੋਗੀ ਸਰਕਾਰ ਵਿਚ ਮੰਤਰੀ ਧਰਮ ਸਿੰਘ ਸੈਣੀ ਨੇ ਵੀ ਵੀਰਵਾਰ ਨੂੰ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਸਵਾਮੀ ਪ੍ਰਸਾਦ ਮੌਰਿਆ ਅਤੇ ਦਾਰਾ ਸਿੰਘ ਚੌਹਾਨ ਵੀ ਯੋਗੀ ਦਾ ਸਾਥ ਛੱਡ ਚੁੱਕੇ ਹਨ ਅਤੇ ਯੋਗੀ ਕੈਬਨਿਟ ਵਿਚੋਂ ਅਸਤੀਫਾ ਦੇਣ ਵਾਲੇ ਧਰਮ ਸਿੰਘ ਸੈਣੀ ਤੀਜੇ ਮੰਤਰੀ ਹਨ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਰਤ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਯੋਗੀ ਮੰਤਰੀ ਮੰਡਲ ‘ਚੋਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਤਰ੍ਹਾਂ ਦਾਰਾ ਸਿੰਘ ਚੌਹਾਨ ਨੇ ਵੀ ਵਜ਼ਾਰਤ ‘ਚੋਂ ਅਸਤੀਫ਼ੇ ਦੀ ਚਿੱਠੀ ਰਾਜਪਾਲ ਆਨੰਦੀਬੇਨ ਪਟੇਲ ਨੂੰ ਭੇਜਣ ਮਗਰੋਂ ਕਿਹਾ ਕਿ ਮੈਂ ਪਿਛਲੇ ਪੰਜ ਸਾਲਾਂ ਤੋਂ ਪੂਰੇ ਸਮਰਪਣ ਨਾਲ ਕੰਮ ਕੀਤਾ ਪਰ ਦਲਿਤਾਂ, ਓਬੀਸੀ ਅਤੇ ਬੇਰੁਜ਼ਗਾਰਾਂ ਨੂੰ ਭਾਜਪਾ ਸਰਕਾਰ ਤੋਂ ਇਨਸਾਫ਼ ਨਹੀਂ ਮਿਲਿਆ। ਜੰਗਲਾਤ ਅਤੇ ਵਾਤਾਵਰਨ ਮੰਤਰੀ ਰਹੇ ਚੌਹਾਨ ਨੇ ਕਿਹਾ ਕਿ ਉਹ ਸਾਰੀਆਂ ਸਮੱਸਿਆਵਾਂ ਬਾਰੇ ਪਾਰਟੀ ਹਾਈਕਮਾਨ ਨੂੰ ਸਮੇਂ ਸਮੇਂ ‘ਤੇ ਜਾਣੂਕਰਵਾਉਂਦੇ ਰਹੇ ਸਨ ਪਰ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਕਿਉਂਕਿ ਉਹ ਪੱਛੜਿਆਂ ਅਤੇ ਦਲਿਤਾਂ ਦੀ ਗੱਲ ਕਰ ਰਿਹਾ ਸੀ। ਸਵਾਮੀ ਪ੍ਰਸਾਦ ਮੌਰਿਆ ਵਾਂਗ ਹੀ ਚੌਹਾਨ ਨੇ ਸਿੱਧੇ ਤੌਰ ‘ਤੇ ਜਵਾਬ ਨਹੀਂ ਦਿੱਤਾ ਕਿ ਉਹ ਸਮਾਜਵਾਦੀ ਪਾਰਟੀ ‘ਚ ਸ਼ਾਮਲ ਹੋ ਰਿਹਾ ਹੈ ਜਾਂ ਨਹੀਂ। ਚੌਹਾਨ ਨੇ ਕਿਹਾ ਕਿ ਉਹ ਭਵਿੱਖ ਦੀ ਰਣਨੀਤੀ ਬਾਰੇ ਆਪਣੇ ਸਮਰਥਕਾਂ ਨਾਲ ਵਿਚਾਰ ਵਟਾਂਦਰਾ ਕਰੇਗਾ।
ਇਸੇ ਦੌਰਾਨ ਸ਼ਿਕੋਹਾਬਾਦ ਤੋਂ ਭਾਜਪਾ ਵਿਧਾਇਕ ਮੁਕੇਸ਼ ਸ਼ਰਮਾ ਨੇ ਵੀ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਦੋਂ ਇਹ ਅਖ਼ਬਾਰ ਪਾਠਕਾਂ ਦੇ ਹੱਥ ਵਿਚ ਪਹੁੰਚੇਗੀ ਉਦੋਂ ਤੱਕ ਹੋ ਸਕਦਾ ਹੈ ਕਿ ਯੂਪੀ ਵਿਚ ਭਾਜਪਾ ਦੇ ਕੁੱਝ ਹੋਰ ਮੰਤਰੀ ਅਤੇ ਵਿਧਾਇਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹੋਣਗੇ।
ਯੋਗੀ ਕੈਬਨਿਟ ਵਿਚੋਂ 18 ਮੰਤਰੀ ਦੇਣਗੇ ਅਸਤੀਫੇ!
ਲਖਨਊ : ਓਬੀਸੀ ਆਗੂ ਓਮ ਪ੍ਰਕਾਸ਼ ਰਾਜਭਰ ਨੇ ਦਾਅਵਾ ਕੀਤਾ ਹੈ ਕਿ ਯੋਗੀ ਆਦਿੱਤਿਆਨਾਥ ਮੰਤਰੀ ਮੰਡਲ ‘ਚੋਂ ਇਕ ਤੋਂ ਦੋ ਮੰਤਰੀ ਰੋਜ਼ਾਨਾ ਅਸਤੀਫ਼ੇ ਦੇਣਗੇ ਅਤੇ 20 ਜਨਵਰੀ ਤੱਕ ਇਨ੍ਹਾਂ ਆਗੂਆਂ ਦੀ ਗਿਣਤੀ ਵਧ ਕੇ 18 ਹੋ ਜਾਵੇਗੀ। ਸਵਾਮੀ ਪ੍ਰਸਾਦ ਮੌਰਿਆ ਅਤੇ ਦਾਰਾ ਸਿੰਘ ਚੌਹਾਨ ਵੱਲੋਂ ਅਸਤੀਫ਼ੇ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਰਾਜਭਰ ਨੇ ਇਹ ਦਾਅਵਾ ਕੀਤਾ। ਸੁਹੇਲਦੇਵ ਭਾਰਤੀਯ ਸਮਾਜ ਪਾਰਟੀ ਦੇ ਮੁਖੀ ਨੇ ਕਿਹਾ ਕਿ ਉਨ੍ਹਾਂ 2017 ‘ਚ ਸਰਕਾਰ ‘ਚ ਸ਼ਾਮਲ ਹੋਣ ਦੇ ਕੁਝ ਸਮੇਂ ਮਗਰੋਂ ਹੀ ਭਾਜਪਾ ਦੀ ਦਲਿਤਾਂ, ਪੱਛੜਿਆਂ ਅਤੇ ਹਾਸ਼ੀਏ ‘ਤੇ ਧੱਕੇ ਵਰਗਾਂ ਪ੍ਰਤੀ ਰਵੱਈਏ ਨੂੰ ਜਾਣ ਲਿਆ ਸੀ ਪਰ ਇਹ ਲੋਕ ਹੁਣ ਤੱਕ ਉਡੀਕ ਕਰਦੇ ਰਹੇ ਅਤੇ ਹੁਣ ਉਹ ਪਾਰਟੀ ਛੱਡ ਰਹੇ ਹਨ। ਰਾਜਭਰ ਨੇ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕੀਤਾ ਹੈ। ਉਨ੍ਹਾਂ ਤੋਂ ਜਦੋਂ ਭਾਜਪਾ ਛੱਡਣ ਵਾਲੇ ਆਗੂਆਂ ਦੇ ਨਾਮ ਪੁੱਛੇ ਗਏ ਤਾਂ ਉਨ੍ਹਾਂ ਕਿਹਾ ਕਿ ਇਹ ਨਾਮ ਛੇਤੀ ਹੀ ਸਭ ਦੇ ਸਾਹਮਣੇ ਆ ਜਾਣਗੇ।

Check Also

ਭਗਵੰਤ ਮਾਨ ਨੇ ‘ਆਪ’ ਵਿਧਾਇਕਾਂ ਨੂੰ ਕੀਤਾ ਸੁਚੇਤ

ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦਾ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ …