ਟੋਰਾਂਟੋ ਤੋਂ ਅੰਮਿ੍ਰਤਸਰ ਦਾ ਸਫਰ 22 ਘੰਟਿਆਂ ’ਚ ਹੋਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਵਿਦੇਸ਼ਾਂ ਵਿਚ ਵਸਦੇ ਅਤੇ ਕੈਨੇਡਾ ਤੇ ਅਮਰੀਕਾ ਜਾਣ ਦੇ ਇੱਛੁਕ ਪੰਜਾਬੀਆਂ ਲਈ ਇਕ ਵੱਡੀ ਰਾਹਤ ਵਾਲੀ ਖਬਰ ਹੈ। ਰਾਹਤ ਵਾਲੀ ਖਬਰ ਇਹ ਹੈ ਕਿ ਇਟਲੀ ਦੀ ਪ੍ਰਾਈਵੇਟ ਏਅਰਲਾਈਨ ਨਿਓਜ਼ ਏਅਰਲਾਈਨ ਨੇ ਆਉਂਦੀ 6 ਅਪ੍ਰੈਲ, 2023 ਤੋਂ ਅੰਮਿ੍ਰਤਸਰ-ਟੋਰਾਂਟੋ-ਨਿਊਯਾਰਕ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਨੇੜੇ ਜ਼ੀਰਕਪੁਰ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕਰਦਿਆਂ ਏਅਰਲਾਈਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਫਲਾਈਟ ਹਫਤੇ ਵਿਚ ਇਕ ਦਿਨ ਚੱਲੇਗੀ ਤੇ ਜੂਨ ਤੱਕ ਇਸਨੂੰ ਦੁੱਗਣਾ ਕਰਨ ਦੀ ਸੰਭਾਵਨਾ ਹੈ। ਇਹ ਵੀ ਐਲਾਨ ਕੀਤਾ ਗਿਆ ਕਿ ਇਕਾਨਮੀ ਕਲਾਸ ਦੇ ਮੁਸਾਫਰਾਂ ਨੂੰ 23 ਕਿਲੋ ਦੇ ਦੋ ਬੈਗ ਅਤੇ ਪ੍ਰੀਮੀਅਰ ਇਕਾਨਮੀ ਕਲਾਸ ਦੇ ਮੁਸਾਫਰਾਂ ਨੂੰ 32 ਕਿਲੋ ਦੇ ਦੋ ਬੈਗ ਲਿਜਾਣ ਦੀ ਆਗਿਆ ਹੋਵੇਗੀ। ਇਹ ਫਲਾਈਟ ਆਉਣ ਤੇ ਜਾਣ ਵੇਲੇ ਇਟਲੀ ਦੇ ਸ਼ਹਿਰ ਮਿਲਾਨ ਵਿਚ 4 ਘੰਟੇ ਲਈ ਰੁਕੇਗੀ ਅਤੇ ਟੋਰਾਂਟੋ ਤੋਂ ਅੰਮਿ੍ਰਤਸਰ ਦਾ ਸਫਰ 22 ਘੰਟਿਆਂ ਵਿਚ ਤੈਅ ਹੋ ਸਕੇਗਾ।