ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਆਗੂ ਤੇ ਮੁੱਖ ਵਿਰੋਧੀ ਧਿਰ ਦੇ ਨੇਤਾ ਪਇਏਰ ਪੌਲੀਏਵਰ ਵੱਲੋਂ ਇੱਕ ਬਿਆਨ ਜਾਰੀ ਕਰਕੇ ਬੈਂਕ ਆਫ ਕੈਨੇਡਾ ਵੱਲੋਂ ਮੁੜ ਵਧਾਈਆਂ ਗਈਆਂ ਵਿਆਜ ਦਰਾਂ ਦੀ ਨਿਖੇਧੀ ਕੀਤੀ ਗਈ। ਬਿਆਨ ਵਿੱਚ ਪੌਲੀਏਵਰ ਨੇ ਆਖਿਆ ਕਿ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ 0.5 ਫੀ ਸਦੀ ਦਾ ਹੋਰ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਕੀਤੇ ਜਾ ਰਹੇ ਵਾਧਿਆਂ ਕਾਰਨ ਕੈਨੇਡੀਅਨਜ਼ ਨੂੰ ਆਪਣੀਆਂ ਮਾਰਗੇਜ, ਕਰਜ਼ਿਆਂ ਤੇ ਜਸਟਿਨ ਟਰੂਡੋ ਦਾ ਕਰਜਾ ਲਾਹੁਣ ਲਈ ਹਜ਼ਾਰਾਂ ਡਾਲਰ ਵੱਧ ਅਦਾ ਕਰਨੇ ਪੈ ਰਹੇ ਹਨ। ਬਹੁਤ ਸਾਰੇ ਕੈਨੇਡੀਅਨਜ਼ ਦਾ ਪਹਿਲਾਂ ਹੀ ਗੁਜ਼ਾਰਾ ਮੁਸ਼ਕਿਲ ਨਾਲ ਚੱਲ ਰਿਹਾ ਹੈ ਤੇ ਉਸ ਉੱਤੇ ਇਸ ਤਰ੍ਹਾਂ ਵਿਆਜ ਦਰਾਂ ਵਿੱਚ ਵਾਧਾ ਕੀਤੇ ਜਾਣ ਨਾਲ ਕੈਨੇਡੀਅਨਜ਼ ਸਿਰ ਮੁਸੀਬਤਾਂ ਦਾ ਵੱਡਾ ਪਹਾੜ ਹੋਰ ਡਿੱਗ ਜਾਵੇਗਾ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਆਪਣਾ ਢਿੱਡ ਭਰਨ ਲਈ ਤੇ ਆਪਣੇ ਘਰਾਂ ਨੂੰ ਸਿਆਲਾਂ ਵਿੱਚ ਨਿੱਘਾ ਰੱਖਣ ਲਈ, ਕਾਰਾਂ ਵਿੱਚ ਗੈਸ ਭਰਵਾਉਣ ਲਈ ਤੇ ਆਪਣੀਆਂ ਮਾਰਗੇਜ਼ ਅਦਾ ਕਰਨ ਲਈ ਹੋਰ ਕਰਜਾ ਚੁੱਕਣਾ ਪੈ ਰਿਹਾ ਹੈ। ਇਸ ਸਾਲ ਦੂਜੀ ਛਿਮਾਹੀ ਵਿੱਚ ਇਹ ਕਰਜਾ 2.32 ਟ੍ਰਿਲੀਅਨ ਤੱਕ ਪਹੁੰਚ ਚੁੱਕਿਆ ਹੈ ਜੋ ਕਿ ਪਿਛਲੇ ਸਾਲ ਇਸ ਅਰਸੇ ਦੌਰਾਨ ਨਾਲੋਂ 8.2 ਫੀਸਦੀ ਵੱਧ ਹੈ। ਪੌਲੀਏਵਰ ਨੇ ਅੱਗੇ ਆਖਿਆ ਕਿ ਟਰੂਡੋ ਤੇ ਉਨ੍ਹਾਂ ਦੀ ਮੁੱਦਰਾਸਫਿਤੀ ਦੇ ਘਾਟੇ ਦੀ ਮਿਹਰਬਾਨੀ ਸਦਕਾ ਇਸ ਕਰਜੇ ਉੱਤੇ ਹੋਰ ਲਾਗਤ ਆਵੇਗੀ।