ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਫਗਾਨਿਸਤਾਨ ‘ਚ ਤਾਇਨਾਤ ਉਨ੍ਹਾਂ ਦੇ ਦੇਸ਼ ਦੇ ਫੌਜੀ ਅਫਸਰ 31 ਅਗਸਤ ਦੀ ਸਮਾਂ ਸੀਮਾ ਖ਼ਤਮ ਹੋਣ ਦੇ ਬਾਅਦ ਵੀ ਉੱਥੋਂ ਕੂਚ ਨਹੀਂ ਕਰਨਗੇ। ਧਿਆਨ ਰਹੇ ਕਿ ਅਮਰੀਕਾ ਦੀ ਜੋਅ ਬਿਡੇਨ ਸਰਕਾਰ ਤੇ ਤਾਲਿਬਾਨ ਦਰਮਿਆਨ 31 ਅਗਸਤ ਤਕ ਬਚਾਅ ਕਾਰਵਾਈ ਨੂੰ ਪੂਰਾ ਕਰਨ ਲੈਣ ‘ਤੇ ਸਹਿਮਤੀ ਪ੍ਰਗਟਾਈ ਗਈ ਸੀ। ਟਰੂਡੋ ਹੋਰਾਂ ਕਿਹਾ ਕਿ ਅਸੀਂ ਤਾਲਿਬਾਨ ‘ਤੇ ਦਬਾਅ ਬਣਾਉਂਦੇ ਰਹਾਂਗੇ ਕਿ ਉਹ ਲੋਕਾਂ ਨੂੰ ਉੱਥੋਂ ਜਾਣ ਦੀ ਇਜਾਜ਼ਤ ਦੇਣਾ ਜਾਰੀ ਰੱਖੇ। ਸਾਡੀ ਇਹ ਵਚਨਬੱਧਤਾ ਹੈ ਕਿ ਮੌਜੂਦਾ ਦੌਰ ‘ਚ ਅਫ਼ਗਾਨਿਸਤਾਨ ਦਾ ਖ਼ਾਤਮਾ ਨਾ ਹੋ ਸਕੇ। ਅਸੀਂ ਹਰ ਰੋਜ਼ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਜੀ-ਸੱਤ ਦੇ ਸਾਡੇ ਹੋਰ ਸਹਿਯੋਗੀਆਂ ਦੀ ਵੀ ਇਹੀ ਵਚਨਬੱਧਤਾ ਹੈ ਕਿ ਅਸੀਂ ਰਲ਼ ਮਿਲ ਕੇ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਟਰੂਡੋ ਦਾ ਬਿਆਨ ਸਮੂਹ-ਸੱਤ ਦੀ ਹੋਈ ਬੈਠਕ ਦੇ ਬਾਅਦ ਆਇਆ ਹੈ ਜਿਸ ਵਿਚ ਆਗੂਆਂ ਨੇ 31 ਅਗਸਤ ਦੀ ਸਮਾਂ ਸੀਮਾ ਨੂੰ ਅੱਗੇ ਵਧਾਉਣ ‘ਤੇ ਚਰਚਾ ਕੀਤੀ ਹੈ।