ਲੁਟੇਰਿਆਂ ਨੇ ਪਹਿਲਾਂ ਦਸਤਾਰ ਫਾੜੀ ਫਿਰ ਨਾਲ ਵੀ ਲੈ ਗਏ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਇਕ ਸਿੱਖ ‘ਤੇ ਨਸਲੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਪਹਿਲਾਂ ਸਿੱਖ ਨੌਜਵਾਨ ਦੀ ਦਸਤਾਰ ਫਾੜੀ ਅਤੇ ਫਿਰ ਨਾਲ ਵੀ ਲੈ ਗਏ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਵੈਸਟਗੇਟ ਸ਼ਾਪਿੰਗ ਸੈਂਟਰ ਓਟਵਾ ਨੇੜੇ ਦੋ ਕਾਲੇ ਵਿਅਕਤੀਆਂ ਨੇ ਇਕ ਸਿੱਖ ‘ਤੇ ਨਸਲੀ ਹਮਲਾ ਕੀਤਾ, ਉਸ ਨੂੰ ਖਿੱਚਿਆ, ਉਸ ਦੀ ਦਸਤਾਰ ਦੀ ਬੇਅਦਬੀ ਅਤੇ ਨਸਲੀ ਟਿਪਣੀਆਂ ਕਰਦਿਆਂ ਉਸ ਨੂੰ ਚਾਕੂ ਦਿਖਾਉਂਦਿਆਂ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ। ਮੁਲਜ਼ਮਾਂ ਨੇ ਇਸ ਹਮਲੇ ਦੇ ਨਾਲ-ਨਾਲ ਸਿੱਖ ਦੀ ਲੁੱਟ ਵੀ ਕੀਤੀ। ਪੁਲਿਸ ਨੇ ਦੱਸਿਆ ਕਿ 11:25 ਵਜੇ ਦੋ ਸ਼ੱਕੀ ਵਿਅਕਤੀ ਪੀੜਤ ਸਿੱਖ ਕੋਲ ਗਏ, ਜਿਸ ਸਮੇਂ ਉਹ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ। ਮੁਲਜ਼ਮਾਂ ਨੇ ਸਿੱਖ ਨੂੰ ਉਸ ਦੇ ਬਾਰੇ ਪੁੱਛਿਆ ਅਤੇ ਉਸ ਨੂੰ ਦਾੜ੍ਹੀ ਅਤੇ ਅਪਣੇ ਕੇਸ ਕਟਾਉਣ ਲਈ ਕਿਹਾ। ਓਟਾਵਾ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੇ ਸਿੱਖ ਵਿਅਕਤੀ ਨੂੰ ਕਿਹਾ ਸੀ ਕਿ ਕੀ ਉਸ ਨੇ ਕਦੇ ਆਪਣੇ ਕੇਸ ਅਤੇ ਦਾੜ੍ਹੀ ਕਟਵਾਏ ਹਨ ਅਤੇ ਇਸ ਤੋਂ ਬਾਅਦ ਹੀ ਦੋਹਾਂ ਧਿਰਾਂ ਵਿਚਾਲੇ ਬਹਿਸ ਹੋਈ ਜੋ ਬਾਅਦ ਵਿਚ ਲੜਾਈ ਵਿਚ ਬਦਲ ਗਈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਮੁਲਜ਼ਮਾਂ ਵਿਚੋਂ ਇਕ ਕੋਲ ਚਾਕੂ ਵੀ ਸੀ ਜਿਸ ਨਾਲ ਸਿੱਖ ਨੂੰ ਡਰਾਇਆ ਗਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਿੱਖ ਨੂੰ ਹੇਠਾਂ ਸੁੱਟ ਲਿਆ ਅਤੇ ਉਸ ਦੀ ਦਸਤਾਰ ਲਾਹ ਦਿਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਸਿੱਖ ਦਾ ਮੋਬਾਈਲ ਅਤੇ ਬੱਸ ਪਾਸ ਵੀ ਖੋਹ ਲਿਆ। ਪੁਲਿਸ ਨੇ ਕਿਹਾ ਕਿ ਓਟਾਵਾ ਵਿਚ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਸਿਆਸੀ ਆਗੂਆਂ ਨੇ ਸਿੱਖ ‘ਤੇ ਹੋਏ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਡੈਮੋਕਰੈਟਿਕ ਅਤੇ ਕੰਜ਼ਰਵੇਟਿਵ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਹਮਲਾ ਕਾਫ਼ੀ ਮੰਦਭਾਗਾ ਹੈ। ਆਗੂਆਂ ਨੇ ਕਿਹਾ ਕਿ ਕੈਨੇਡਾ ਦੇ ਵਿਕਾਸ ਵਿਚ ਸਿੱਖਾਂ ਦਾ ਕਾਫ਼ੀ ਯੋਗਦਾਨ ਰਿਹਾ ਹੈ। ਇਸ ਹਮਲੇ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਕਿ ਸਿੱਖ ‘ਤੇ ਹੋਏ ਇਸ ਹਮਲੇ ਨਾਲ ਕੈਨੇਡਾ ਵਿਚ ਰਹਿ ਰਹਿ ਸਿੱਖਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਹਮਲਾ ਕੁੱਝ ਦਿਨ ਪਹਿਲਾਂ ਹੋਇਆ ਹੈ ਪਰ ਸਿੱਖਾਂ ਵਿਚ ਇਸ ਨੂੰ ਲੈ ਕੇ ਡਰ ਹਾਲੇ ਵੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਦਸਤਾਰ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਸਿੱਖ ਕੌਮ ਗੰਭੀਰਤਾ ਨਾਲ ਲਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …