ਇਸਲਾਮਾਬਾਦ/ ਬਿਊਰੋ ਨਿਊਜ਼
ਤਾਲਿਬਾਨ ਦੇ ਹਮਲੇ ‘ਚ ਜ਼ਖ਼ਮੀ ਹੋਣ ਤੋਂ ਬਾਅਦ ਮਲਾਲਾ ਯੂਸੁਫ਼ਜ਼ਈ ਵੀਰਵਾਰ ਨੂੰ ਪਹਿਲੀ ਵਾਰ ਪਾਕਿਸਤਾਨ ਪਹੁੰਚੀ। ਵਤਨ ਵਾਪਸੀ ‘ਤੇ ਮਲਾਲਾ ਭਾਵੁਕ ਹੋਈ ਅਤੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਰੋਜ਼ਾਨਾ ਘਰ ਪਰਤਣ ਦੇ ਸੁਪਨੇ ਵੇਖਦੀ ਰਹੀ ਹੈ। ਸੱਤਾਧਾਰੀ ਪੀ.ਐਮ.ਐਲ.- ਨੇ ਟਵੀਟ ਕੀਤਾ ਹੈ ਕਿ ਪਾਕਿਸਤਾਨ ਪਹੁੰਚਣ ਤੋਂ ਕੁਝ ਹੀ ਘੰਟੇ ਦੇ ਅੰਦਰ ਮਲਾਲਾ ਨੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਕੁਝ ਹੋਰ ਅਧਿਕਾਰੀਆਂ ਨਾਲ ਪ੍ਰਧਾਨ ਮੰਤਰੀ ਦਫ਼ਤਰ ਵਿਚ ਮੁਲਾਕਾਤ ਕੀਤੀ।
ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਟਵੀਟ ਕੀਤਾ ਹੈ ਕਿ ਪਾਕਿਸਤਾਨ ਗੁਲ ਮਕਾਈ ਦਾ ਉਨ੍ਹਾਂ ਦੇ ਘਰ ‘ਚ ਸਵਾਗਤ ਕਰਦਾ ਹੈ। ਅਸੀਂ ਮਲਾਲਾ ‘ਤੇ ਮਾਣ ਕਰਦੇ ਹਾਂ।
ਵਤਨ ਪਰਤਣ ਤੋਂ ਬਾਅਦ 20 ਸਾਲਾ ਮਲਾਲਾ ਨੇ ਕਿਹਾ, ‘ਮੈਂ ਪਿਛਲੇ 5 ਸਾਲਾਂ ਤੋਂ ਪਾਕਿਸਤਾਨ ਪਰਤਣ ਦੇ ਸੁਪਨੇ ਵੇਖਦੀ ਰਹੀ ਸੀ।’ ਉਸ ਨੇ ਕਿਹਾ ਕਿ ਜਦੋਂ ਕਦੇ ਮੈਂ ਜਹਾਜ਼ ਵਿਚ ਹੁੰਦੀ ਸੀ ਜਾਂ ਲੰਡਨ ਦੀਆਂ ਸੜਕਾਂ ‘ਤੇ ਕਾਰ ਵਿਚ ਹੁੰਦੀ ਸੀ ਮੈਂ ਇਹੀ ਸੁਪਨੇ ਵੇਖਦੀ ਰਹੀ ਸੀ ਕਿ ਮੈਂ ਇਸਲਾਮਾਬਾਦ ਅਤੇ ਕਰਾਚੀ ਵਿਚ ਹਾਂ, ਪਰ ਇਹ ਸੱਚ ਨਹੀਂ ਹੁੰਦਾ ਸੀ। ਪਰ ਆਖ਼ਰਕਾਰ ਅੱਜ ਮੈਂ ਇੱਥੇ ਹਾਂ ਅਤੇ ਬਹੁਤ ਖੁਸ਼ ਹਾਂ।
ਮਲਾਲਾ ਨੇ ਕਿਹਾ ਕਿ ਉਸ ਦੀ ਇਹ ਪ੍ਰਬਲ ਇੱਛਾ ਹੈ ਕਿ ਉਹ ਪਾਕਿਸਤਾਨ ‘ਚ ਆਜ਼ਾਦ ਘੁੰਮ ਸਕੇ। ਸਭ ਤੋਂ ਘੱਟ ਉਮਰ ਦੀ ਨੋਬਲ ਪੁਰਸਕਾਰ ਜੇਤੂ ਨੇ ਕਿਹਾ ਕਿ ਉਹ ਬੱਚਿਆਂ ਦੀ ਸਿੱਖਿਆ ‘ਤੇ ਕੰਮ ਕਰ ਰਹੀ ਹੈ ਅਤੇ ਪਾਕਿਸਤਾਨ ‘ਚ ਔਰਤਾਂ ਦਾ ਸਸ਼ਕਤੀਕਰਨ ਕਰਨਾ ਚਾਹੁੰਦੀ ਹੈ।
ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਕੁੜੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਦੇ ਬਦਲੇ 2012 ‘ਚ ਪਾਕਿ ਦੀ ਸਵਾਤ ਘਾਟੀ ‘ਚ ਮਲਾਲਾ ਦੇ ਸਿਰ ‘ਚ ਗੋਲੀ ਮਾਰ ਦਿੱਤੀ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਖ਼ਤ ਸੁਰੱਖਿਆ ਹੇਠ 20 ਸਾਲਾ ਮਲਾਲਾ ਆਪਣੇ ਮਾਪਿਆਂ ਦੇ ਨਾਲ ਇਸਲਾਮਾਬਾਦ ਦੇ ਬੇਨਜ਼ਰੀ ਭੁੱਟੋ ਕੌਮਾਂਤਰੀ ਹਵਾਈ ਅੱਡੇ ਤੋਂ ਬਾਹਰ ਨਿਕਲੀ। ਮਲਾਲਾ ਨੇ ਸਲਵਾਰ-ਕਮੀਜ਼ ਪਹਿਨਿਆ ਹੋਇਆ ਸੀ ਅਤੇ ਦੁਪੱਟਾ ਲਿਆ ਹੋਇਆ ਸੀ। ਉਹ ਬੇਹੱਦ ਖ਼ੁਸ਼ ਨਜ਼ਰ ਆ ਰਹੀ ਸੀ। ਸੁਰੱਖਿਆ ਕਾਰਨਾਂ ਨਾਲ ਮਲਾਲਾ ਦੀ ਪਾਕਿਸਤਾਨ ਯਾਤਰਾ ਅਤੇ ਉਨ੍ਹਾਂ ਦੇ 4 ਦਿਨ ਦੇ ਸਾਰੇ ਪ੍ਰੋਗਰਾਮਾਂ ਨੂੰ ਗੁਪਤ ਰੱਖਿਆ ਗਿਆ ਸੀ। ਅੱਬਾਸੀ ਨੇ ਕਿਹਾ ਕਿ ਉਹ ਖ਼ੁਸ਼ ਹੈ ਕਿ ਦੇਸ਼ ਦੀ ਧੀ ਆਪਣੇ ਵਤਨ ਵਾਪਸ ਆ ਗਈ।
Check Also
ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ
ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …