ਓਨਟਾਰੀਓ/ਬਿਊਰੋ ਨਿਊਜ਼ : ਪ੍ਰੋਵਿੰਸ਼ੀਅਲ ਸਰਕਾਰ ਦੇ ਕਲਾਸਾਂ ਦਾ ਆਕਾਰ ਵਧਾਏ ਜਾਣ ਦੇ ਫੈਸਲੇ ਤੋਂ ਬਾਅਦ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ 200 ਦੇ ਨੇੜੇ-ਤੇੜੇ ਸੈਕੰਡਰੀ ਸਕੂਲ ਟੀਚਰਾਂ ਨੂੰ ਉਨ੍ਹਾਂ ਦੀ ਛਾਂਟੀ ਸਬੰਧੀ ਨੋਟਿਸ ਦੇ ਦਿੱਤੇ ਗਏ ਹਨ।ઠ
ਸਿੱਖਿਆ ਮੰਤਰੀ ਲੀਜ਼ਾ ਥੌਂਪਸਨ ਨੇ ਪਿਛਲੇ ਮਹੀਨੇ ਇਹ ਐਲਾਨ ਕੀਤਾ ਸੀ ਕਿ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਕਲਾਸਾਂ ਦਾ ਆਕਾਰ 22 ਵਿਦਿਆਰਥੀਆਂ ਦੀ ਥਾਂ 28 ਵਿਦਿਆਰਥੀ ਕੀਤਾ ਜਾਵੇਗਾ ਜਦਕਿ ਚੌਥੀ ਕਲਾਸ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਦੀ ਗਿਣਤੀ 23 ਤੋਂ 24 ਕੀਤੀ ਜਾਵੇਗੀ। ਉਸ ਸਮੇਂ ਥੌਂਪਸਨ ਨੇ ਇਹ ਵੀ ਆਖਿਆ ਸੀ ਕਿ ਇਸ ਤਬਦੀਲੀ ਕਾਰਨ ਕਿਸੇ ਵੀ ਅਧਿਆਪਕ ਨੂੰ ਆਪਣੀ ਨੌਕਰੀ ਤੋਂ ਹੱਥ ਨਹੀਂ ਧੋਣੇ ਪੈਣਗੇ। ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਛਾਂਟੀ ਸਬੰਧੀ ਇਹ ਨੋਟਿਸ ਕਲਾਸਾਂ ਦੇ ਆਕਾਰ ਵਿੱਚ ਹੋਣ ਵਾਲੀ ਤਬਦੀਲੀ ਕਾਰਨ ਹੀ ਦਿੱਤੇ ਗਏ ਹਨ।ઠ
ਹੁਣ ਤੱਕ 176 ਐਲੀਮੈਂਟਰੀ ਤੇ 193 ਸੈਕੰਡਰੀ ਅਧਿਆਪਕਾਂ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਹ ਸੂਚਿਤ ਕੀਤਾ ਜਾ ਚੁੱਕਿਆ ਹੈ ਕਿ 31 ਅਗਸਤ ਤੋਂ ਬਾਅਦ ਉਨ੍ਹਾਂ ਦੀਆਂ ਪਰਮਾਨੈਂਟ ਪੁਜ਼ੀਸ਼ਨਜ਼ ਬਰਕਰਾਰ ਨਹੀਂ ਰਹਿ ਸਕਣਗੀਆਂ। ਸਕੂਲ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅਜਿਹੇ ਨੋਟਿਸ ਕਲਾਸਾਂ ਦੇ ਆਕਾਰ ਵਿੱਚ ਤਬਦੀਲੀਆਂ ਕਾਰਨ, ਲੋਕਲ ਫੰਡਿੰਗ ਵਿੱਚ ਕਟੌਤੀ ਤੇ ਫੰਡਿੰਗ ਵਿੱਚ ਹੋਰ ਕਮੀ ਲਿਆਂਦੇ ਜਾਣ ਕਾਰਨ ਹੀ ਦਿੱਤੇ ਗਏ ਹਨ।ઠ
ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਦੇ ਆਫਿਸ ਵੱਲੋਂ ਆਖਿਆ ਗਿਆ ਹੈ ਕਿ ਕਲਾਸਾਂ ਦੇ ਆਕਾਰ ਵਿੱਚ ਤਬਦੀਲੀਆਂ ਕਾਰਨ ਪ੍ਰੋਵਿੰਸ ਭਰ ਵਿੱਚ 3,475 ਅਧਿਆਪਕਾਂ ਦੀ ਛਾਂਟੀ ਕੀਤੀ ਜਾਵੇਗੀ। ਇਨ੍ਹਾਂ ਛਾਂਟੀਆਂ ਨਾਲ ਪ੍ਰੋਵਿੰਸ ਨੂੰ ਆਉਣ ਵਾਲੇ ਚਾਰ ਸਾਲਾਂ ਵਿੱਚ 851 ਮਿਲੀਅਨ ਡਾਲਰ ਦੀ ਬਚਤ ਹੋਵੇਗੀ। ਵਿਧਾਨ ਸਭਾ ਵਿੱਚ ਫੋਰਡ ਤੇ ਥੌਂਪਸਨ ਨੇ ਇਹੋ ਜਤਾਇਆ ਕਿ ਇਹ ਸਿਰਫ ਉਨ੍ਹਾਂ ਅਧਿਆਪਕਾਂ ਦੀ ਹੀ ਛਾਂਟੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਨਾਂ ਰੂਟੀਨ ਵਾਧੂ ਅਧਿਆਪਕਾਂ ਦੀ ਸੂਚੀ ਵਿੱਚ ਸ਼ਾਮਲ ਹਨ ਤੇ ਇਹ ਸੂਚੀ ਹਰ ਸਾਲ ਸਕੂਲ ਬੋਰਡਾਂ ਵੱਲੋਂ ਜਾਰੀ ਕੀਤੀ ਜਾਂਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …