ਓਟਵਾ/ਬਿਊਰੋ ਨਿਊਜ਼ : ਗਰੌਸਰੀ ਰਿਬੇਟ ਤੇ ਫੈਡਰਲ ਹੈਲਥ ਟਰਾਂਸਫਰ ਸਬੰਧੀ ਬਿੱਲ ਸੈਨੇਟ ਵੱਲੋਂ ਵੀ ਪਾਸ ਕਰ ਦਿੱਤਾ ਗਿਆ। ਅਧਿਐਨ ਤੋਂ ਬਾਅਦ ਬੁੱਧਵਾਰ ਨੂੰ ਸੈਨੇਟ ਨੇ ਬਿੱਲ ਸੀ-46 ਉੱਤੇ ਮਨਜੂਰੀ ਦੀ ਮੋਹਰ ਲਾ ਦਿੱਤੀ। ਹੁਣ ਇੱਕ ਵਾਰੀ ਸ਼ਾਹੀ ਮੋਹਰ ਲੱਗ ਜਾਣ ਤੋਂ ਬਾਅਦ 11 ਮਿਲੀਅਨ ਯੋਗ ਕੈਨੇਡੀਅਨਜ਼ ਨੂੰ ਗਰੌਸਰੀ ਰਿਬੇਟ ਸਬੰਧੀ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ਲਈ ਸਰਕਾਰ ਵੱਲੋਂ 2.5 ਬਿਲੀਅਨ ਡਾਲਰ ਦੀ ਰਕਮ ਰਾਖਵੀਂ ਰੱਖੀ ਗਈ ਹੈ। ਕੈਨੇਡਾ ਰੈਵਨਿਊ ਏਜੰਸੀ ਦਾ ਕਹਿਣਾ ਹੈ ਕਿ ਜੁਲਾਈ ਵਿੱਚ ਇਹ ਰਕਮ ਯੋਗ ਕੈਨੇਡੀਅਨਜ਼ ਨੂੰ ਦਿੱਤੀ ਜਾ ਸਕਦੀ ਹੈ। ਫੈਡਰਲ ਪ੍ਰੋਵਿੰਸ਼ੀਅਲ ਫਿਸਕਲ ਅਰੇਂਜਮੈਂਟਸ ਐਕਟ ਵਿੱਚ ਕੀਤੀਆਂ ਗਈਆਂ ਸੋਧਾਂ ਕਰਕੇ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਵੀ ਜਲਦ ਹੀ 2 ਬਿਲੀਅਨ ਡਾਲਰ ਵਿੱਚੋਂ ਆਪਣਾ ਬਣਦਾ ਹਿੱਸਾ ਮਿਲ ਜਾਵੇਗਾ। ਇਹ ਬਿੱਲ 19 ਅਪਰੈਲ ਤੋਂ ਅਧਿਐਨ ਲਈ ਸੈਨੇਟ ਕੋਲ ਸੀ।