ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ‘ਚ 50 ਮੌਤਾਂ, ਫਸਲਾਂ ਦਾ ਭਾਰੀ ਨੁਕਸਾਨ
ਨਵੀਂ ਦਿੱਲੀ : ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਅੲ ਵਿਚ ਮੰਗਲਵਾਰ ਨੂੰ ਬੇਮੌਸਮੀ ਮੀਂਹ, ਹਨੇਰੀ ਚੱਲਣ ਅਤੇ ਬਿਜਲੀ ਡਿੱਗਣ ਕਾਰਨ 50 ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਅਤੇ ਹਨੇਰੀ ਕਾਰਨ ਗੁਜਰਾਤ ਅਤੇ ਰਾਜਸਥਾਨ ਵਿਚ ਸੰਪਤੀ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਰਾਜਸਥਾਨ ਵਿਚ ਸਭ ਤੋਂ ਵੱਧ 21 ਮੌਤਾਂ ਹੋਈਆਂ ਹਨ। ਮੀਂਹ ਕਾਰਨ ਮੱਧ ਪ੍ਰਦੇਸ਼ ਵਿਚ 15, ਗੁਜਰਾਤ ਵਿਚ 10 ਅਤੇ ਮਹਾਰਾਸ਼ਟਰ ‘ਚ ਤਿੰਨ ਵਿਅਕਤੀਆਂ ਦੀ ਜਾਨ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਮੀਂਹ ਕਾਰਨ ਹੋਈਆਂ ਮੌਤਾਂ ‘ਤੇ ਦੁੱਖ ਪ੍ਰਗਟਾਇਆ ਅਤੇ ਟਵਿੱਟਰ ‘ਤੇ ਰਾਹਤ ਦਾ ਐਲਾਨ ਕੀਤਾ। ਇਸ ਮਗਰੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਪ੍ਰਧਾਨ ਮੰਤਰੀ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਉਹ ਸਿਰਫ਼ ਆਪਣੇ ਗ੍ਰਹਿ ਸੂਬੇ ਗੁਜਰਾਤ ਲਈ ਫਿਕਰਮੰਦ ਹਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬਾਅਦ ਵਿਚ ਕੀਤੇ ਗਏ ਟਵੀਟ ‘ਚ ਕਿਹਾ ਗਿਆ ਕਿ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼, ਰਾਜਸਥਾਨ, ਮਨੀਪੁਰ ਅਤੇ ਮੁਲਕ ਦੇ ਹੋਰ ਹਿੱਸਿਆਂ ਵਿਚ ਬੇਮੌਸਮੀ ਮੀਂਹ ਅਤੇ ਹਨੇਰੀ ਕਾਰਨ ਲੋਕਾਂ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਇਕ ਹੋਰ ਟਵੀਟ ਵਿਚ ਪੀਐਮਓ ਨੇ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ, ਮਨੀਪੁਰ ਅਤੇ ਮੁਲਕ ਦੇ ਹੋਰ ਹਿੱਸਿਆਂ ਵਿਚ ਮੀਂਹ ਅਤੇ ਹਨੇਰੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੇ ਵਾਰਿਸਾਂ ਲਈ ਪ੍ਰਧਾਨ ਮੰਤਰੀ ਦੇ ਕੌਮੀ ਰਾਹਤ ਫੰਡ ਵਿਚੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਹਾਲਾਤ ‘ਤੇ ਨੇੜਿਉਂ ਨਜ਼ਰ ਰੱਖ ਰਹੀ ਹੈ ਅਤੇ ਸੂਬਿਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ। ਜੈਪੁਰ ਵਿਚ ਰਾਜਸਥਾਨ ਦੇ ਰਾਹਤ ਸਕੱਤਰ ਆਸ਼ੂਤੋਸ਼ ਪੇਡਨੇਕਰ ਨੇ ਦੱਸਿਆ ਕਿ ਮੀਂਹ ਕਾਰਨ 21 ਵਿਅਕਤੀਆਂ ਦੀ ਮੌਤ ਹੋਈ ਹੈ। ਪੀੜਤਾਂ ਦੇ ਵਾਰਿਸਾਂ ਨੂੰ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ‘ਚ ਵੀ ਭਾਰੀ ਤਬਾਹੀ
15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ: ਬਾਦਲ
ਚੰਡੀਗੜ੍ਹ : ਪੰਜਾਬ ਭਰ ਵਿਚ ਪਿਛਲੇ ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੱਤਾ ਹੈ। ਪੰਜਾਬ ਦੇ ਕਈ ਹਿੱਸਿਆਂ ਜਿਨ੍ਹਾਂ ਵਿਚ ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ ਤੇ ਤਰਨਤਾਰਨ ਸ਼ਾਮਲ ਹਨ, ਵਿਚ ਸਭ ਤੋਂ ਜ਼ਿਆਦਾ ਮੀਂਹ ਪਿਆ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੱਧ ਨੁਕਸਾਨ ਹੋਇਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਕੈਪਟਨ ਵਲੋਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਚੰਡੀਗੜ੍ਹ : ਪੰਜਾਬ ਭਰ ਵਿਚ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਖੇਤੀਬਾੜੀ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਤੁਰੰਤ ਸਾਰੇ ਜ਼ਿਲ੍ਹਿਆਂ ਤੋਂ ਰਿਪੋਰਟਾਂ ਮੰਗਵਾਉਣ ਤੇ ਪੀੜਤਾਂ ਨੂੰ ਮੁਆਵਜ਼ਾ ਦੇਣਾ ਯਕੀਨੀ ਬਣਾਇਆ ਜਾ ਸਕੇ।
Check Also
ਸੰਵਿਧਾਨ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ : ਦਰੋਪਦੀ ਮੁਰਮੂ
ਰਾਸ਼ਟਰਪਤੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ‘ਤੇ ਦਿੱਤਾ ਜ਼ੋਰ ਉਪ ਰਾਸ਼ਟਰਪਤੀ ਨੇ …