10.3 C
Toronto
Saturday, November 8, 2025
spot_img
Homeਭਾਰਤਜਾਤ ਅਧਾਰਿਤ ਮਰਦਮਸ਼ੁਮਾਰੀ ਦੀ ਉਠਣ ਲੱਗੀ ਮੰਗ

ਜਾਤ ਅਧਾਰਿਤ ਮਰਦਮਸ਼ੁਮਾਰੀ ਦੀ ਉਠਣ ਲੱਗੀ ਮੰਗ

ਨਿਤੀਸ਼ ਤੇ ਤੇਜਸਵੀ ਦੀ ਅਗਵਾਈ ‘ਚ 10 ਪਾਰਟੀਆਂ ਦਾ ਵਫਦ ਮੋਦੀ ਨੂੰ ਮਿਲਿਆ
ਨਵੀਂ ਦਿੱਲੀ : ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰਵਾਉਣ ਦੀ ਮੰਗ ਤਹਿਤ ਬਿਹਾਰ ਤੋਂ 10 ਪਾਰਟੀਆਂ ਦਾ ਵਫ਼ਦ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਤੇ ਆਪਣੀ ਮੰਗ ਲਈ ਹਮਾਇਤ ਮੰਗੀ।
ਮੀਟਿੰਗ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਇਸ ਮੌਕੇ ਸਾਰੀਆਂ ਪਾਰਟੀਆਂ ਨੇ ਇਕਸੁਰ ਹੋ ਕੇ ਜਾਤ ਆਧਾਰਿਤ ਮਰਦਮਸ਼ੁਮਾਰੀ ਕਰਵਾਉਣ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵੱਖ ਵੱਖ ਜਾਤਾਂ ਦੇ ਅੰਕੜੇ ਇਕੱਠੇ ਹੋਣ ਨਾਲ ਲੋੜਵੰਦਾਂ ਲਈ ਵਿਕਾਸ ਯੋਜਨਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਬਣਾਉਣ ‘ਚ ਮਦਦ ਮਿਲੇਗੀ। ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਇਹ ਮਰਦਮਸ਼ੁਮਾਰੀ ਦੇਸ਼ ਦੇ ਹਿੱਤ ‘ਚ ਹੈ। ਤੇਜਸਵੀ ਯਾਦਵ ਨੇ ਕਿਹਾ ਕਿ ਉਨਾਂ ਨੂੰ ਪੂਰੀ ਆਸ ਹੈ ਕਿ ਪ੍ਰਧਾਨ ਮੰਤਰੀ ਇਸਦੀ ਇਜਾਜ਼ਤ ਦੇਣਗੇ। ਉਨਾਂ ਕਿਹਾ ਕਿ ਜੇਕਰ ਪਸ਼ੂਆਂ ਤੇ ਰੁੱਖਾਂ ਦੀ ਗਿਣਤੀ ਹੋ ਸਕਦੀ ਹੈ ਤਾਂ ਲੋਕਾਂ ਦੀ ਕਿਉਂ ਨਹੀਂ। ਜੇਕਰ ਸਰਕਾਰ ਕੋਲ ਅਬਾਦੀ ਬਾਰੇ ਕੋਈ ਵਿਗਿਆਨਕ ਅੰਕੜੇ ਹੀ ਨਹੀਂ ਹੋਣਗੇ ਤਾਂ ਉਹ ਲੋਕ ਭਲਾਈ ਦੀਆਂ ਨੀਤੀਆਂ ਕਿਵੇਂ ਤਿਆਰ ਕਰ ਸਕਦੀ ਹੈ। ਨਿਤੀਸ਼ ਨਾਲ ਭਾਜਪਾ ਤੇ ਕਾਂਗਰਸ ਤੋਂ ਇਲਾਵਾ ਹੋਰ ਵੱਡੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ ਤੇ ਉਨਾਂ ਪ੍ਰਧਾਨ ਮੰਤਰੀ ਕੋਲ ਆਪਣੀ ਮੰਗ ਰੱਖੀ। ਪ੍ਰਧਾਨ ਮੰਤਰੀ ਦੇ ਜਵਾਬ ਬਾਰੇ ਨਿਤੀਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰਿਆਂ ਦੀ ਗੱਲ ਠਰੰਮੇ ਨਾਲ ਸੁਣੀ ਤੇ ਉਨਾਂ ਦੀ ਕਿਸੇ ਗੱਲ ਤੋਂ ਇਨਕਾਰ ਨਹੀਂ ਕੀਤਾ। ਵਫ਼ਦ ‘ਚ ਸ਼ਾਮਲ ਭਾਜਪਾ ਆਗੂ ਜਨਕ ਰਾਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰਿਆਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਪ੍ਰਧਾਨ ਮੰਤਰੀ ਦਾ ਫ਼ੈਸਲਾ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਮੀਡੀਆ ਨਾਲ ਗੱਲ ਕਰਦਿਆਂ ਨਿਤੀਸ਼ ਤੇ ਤੇਜਸਵੀ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਵੱਲੋਂ ਰਾਜ ਸਭਾ ‘ਚ ਦਿੱਤੇ ਬਿਆਨ ਦਾ ਹਵਾਲਾ ਦਿੱਤਾ ਜਿਸ ‘ਚ ਉਨਾਂ ਕਿਹਾ ਸੀ ਕਿ ਸਰਕਾਰ ਦੀ ਜਾਤ ਆਧਾਰਿਤ ਅੰਕੜੇ ਜਾਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਸ ਮੌਕੇ ਤੇਜਸਵੀ ਨੇ ਇਹ ਮੁੱਦਾ ਚੁੱਕਣ ਲਈ ਨਿਤੀਸ਼ ਕੁਮਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਹਰ ਲੋਕ ਪੱਖੀ ਫ਼ੈਸਲੇ ‘ਚ ਸੂਬਾ ਸਰਕਾਰ ਦੀ ਹਮਾਇਤ ਕਰਨਗੇ। ਵਫ਼ਦ ‘ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ, ਬਿਹਾਰ ਸਰਕਾਰ ਦੇ ਮੰਤਰੀ ਜਨਕ ਰਾਮ, ਮੁਕੇਸ਼ ਸਾਹਨੀ ਤੇ ਵਿਜੈ ਕੁਮਾਰ ਚੌਧਰੀ, ਵਿਧਾਨ ਸਭਾ ‘ਚ ਕਾਂਗਰਸ ਦੇ ਆਗੂ ਅਜੀਤ ਸ਼ਰਮਾ, ਸੀਪੀਆਈ ਦੇ ਸੂਰਿਆਕਾਂਤ ਪਾਸਵਾਨ, ਸੀਪੀਆਈ-ਐੱਮਐੱਲ ਦੇ ਮਹਿਬੂਬ ਆਲਮ, ਏਆਈਐੱਮਆਈਐੱਮ ਦੇ ਅਖਤਰੁਲ ਇਮਾਮ ਤੇ ਸੀਪੀਆਈ-ਐੱਮ ਦੇ ਅਜੈ ਕੁਮਾਰ ਸ਼ਾਮਲ ਸਨ।

RELATED ARTICLES
POPULAR POSTS