ਓਟਵਾ : ਲੰਮੇਂ ਸਮੇਂ ਤੋਂ ਕੰਸਰਵੇਟਿਵ ਐਮਪੀ ਵਜੋਂ ਸੇਵਾ ਨਿਭਾਅ ਰਹੇ ਗੈਰੀ ਰਿਟਜ਼ ਵੱਲੋਂ ਫੈਡਰਲ ਪੌਲੀਟਿਕਸ ਨੂੰ ਅਲਵਿਦਾ ਆਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਉਹ ਜਲਦ ਹੀ ਐਲਾਨ ਵੀ ਕਰਨਗੇ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ।ਰਿਟਜ਼ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਹ ਆਪਣੇ ਸਿਆਸੀ ਕਰੀਅਰ ਦੇ ਭਵਿੱਖ ਬਾਰੇ ਐਲਾਨ ਕਰ ਸਕਦੇ ਹਨ। ਰਿਟਜ਼ ਬੈਟਲਫੋਰਡਜ਼-ਲੌਇਡਮਿੰਸਟਰ, ਸਸਕੈਚਵਨ ਤੋਂ ਪਿਛਲੇ 20 ਸਾਲਾਂ ਤੋਂ ਐਮਪੀ ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੇ ਆਫਿਸ ਵੱਲੋਂ ਐਲਾਨ ਦੇ ਸਬੰਧ ਵਿੱਚ ਕੋਈ ਹੋਰ ਟਿੱਪਣੀ ਨਹੀਂ ਕੀਤੀ ਗਈ। ਪਹਿਲੀ ਵਾਰੀ 1997 ਵਿੱਚ ਰਿਫੌਰਮ ਪਾਰਟੀ ਦੇ ਐਮਪੀ ਵਜੋਂ ਚੁਣੇ ਗਏ ਰਿਟਜ਼ 2007 ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਸਰਕਾਰ ਵਿੱਚ ਐਗਰੀਕਲਚਰ ਤੇ ਐਗਰੀ ਫੂਡ ਮੰਤਰੀ ਬਣੇ। ਉਹ ਲਗਾਤਾਰ ਇਸ ਅਹੁਦੇ ਉੱਤੇ ਉਦੋਂ ਤੱਕ ਬਣੇ ਰਹੇ ਜਦੋਂ ਤੱਕ ਲਿਬਰਲਾਂ ਨੇ 2015 ਵਿੱਚ ਆਪਣੀ ਸਰਕਾਰ ਨਹੀਂ ਬਣਾ ਲਈ। ਜਦੋਂ ਤੋਂ ਕੰਸਰਵੇਟਿਵ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਆਏ ਹਨ ਤਾਂ ਰਿਟਜ਼ ਕੌਮਾਂਤਰੀ ਟਰੇਡ ਕ੍ਰਿਟਿਕ ਦੇ ਅਹੁਦੇ ਉੱਤੇ ਕਾਇਮ ਹਨ। ਇਹ ਵੀ ਪਤਾ ਲੱਗਿਆ ਹੈ ਕਿ ਬੁੱਧਵਾਰ ਨੂੰ ਜਦੋਂ ਸੀਅਰ ਨੇ ਕ੍ਰਿਟਿਕ ਰੋਸਟਰ ਦਾ ਖੁਲਾਸਾ ਕੀਤਾ ਤਾਂ ਇਹ ਸਥਾਨ ਓਨਟਾਰੀਓ ਤੋਂ ਐਮਪੀ ਡੀਨ ਐਲੀਸਨ ਨੂੰ ਦੇ ਦਿੱਤਾ ਗਿਆ।