ਕੈਨੇਡਾ ‘ਚ 10 ਲੱਖ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਵਾਇਰਸ ਕਾਰਨ ਚਲੀ ਗਈ ਨੌਕਰੀ
ਟੋਰਾਂਟੋ/ਬਿਊਰੋ ਨਿਊਜ਼
ਦੁਨੀਆ ਭਰ ਦੇ ਮੁਲਕ ਇਸ ਵੇਲੇ ਜਿਥੇ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨਾਲ ਜੂਝ ਰਹੇ ਹਨ ਉਥੇ ਹੀ ਹੁਣ ਸਮੁੱਚੀ ਦੁਨੀਆ ਵਿਚ ਆਰਥਿਕ ਮੰਦਵਾੜੇ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਨੇ ਇਕ ਅੰਕੜਾ ਜਾਰੀ ਕਰਦਿਆਂ ਕਿਹਾ ਹੈ ਕਿ ਸਿਰਫ ਮਾਰਚ ਮਹੀਨੇ ਦੌਰਾਨ ਹੀ 10 ਲੱਖ ਤੋਂ ਵੱਧ ਕੈਨੇਡੀਅਨ ਵਾਸੀਆਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਅਤੇ ਬੇਰੁਜ਼ਗਾਰੀ ਦੀ ਦਰ ਵਿਚ ਵੀ 7.8 ਪ੍ਰਤੀਸ਼ਤ ਵਾਧਾ ਹੋਇਆ ਹੈ, ਜਦ ਕਿ ਅਰਥ ਸ਼ਾਸਤਰੀ ਇਹ ਉਮੀਦ ਕਰ ਰਹੇ ਸਨ ਕਿ ਇਹ ਅੰਕੜਾ 5 ਲੱਖ ਨੌਕਰੀਆਂ ਤੱਕ ਹੀ ਸਿਮਟ ਜਾਵੇਗਾ। ਕੈਨੇਡਾ ਵਿਚ ਹਰ ਮਹੀਨੇ, ਡਾਟਾ ਏਜੰਸੀ ਇਕ ਹਫਤੇ ਦੇ ਦੌਰਾਨ ਕੈਨੇਡੀਅਨ ਦਾ ਸਰਵੇਖਣ ਕਰਦੀ ਹੈ ਅਤੇ ਉਸ ਮਹੀਨੇ ਦੀ ਆਪਣੀ ਰੁਜ਼ਗਾਰ ਦਰ ਦੱਸਦੀ ਹੈ ਅਤੇ ਮਾਰਚ ਦੇ ਅੰਕੜੇ 15 ਮਾਰਚ ਤੋਂ ਸ਼ੁਰੂ ਹੋਏ ਹਫਤੇ ਦੇ ਸਰਵੇਖਣ ਤੋਂ ਮਿਲਦੇ ਹਨ। ਮਾਹਿਰ ਮੰਨਦੇ ਹਨ ਕਿ 1976 ਤੋਂ ਬਾਅਦ ਕੈਨੇਡਾ ਵਿਚ ਇਹ ਬੇਰੁਜ਼ਗਾਰੀ ਦੀ ਦਰ ਵਿਚ ਸਭ ਤੋਂ ਵੱਡਾ ਮਹੀਨਾਵਾਰ ਵਾਧਾ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ ਮਾਰਚ ਮਹੀਨੇ ਦੇ ਇਨ੍ਹਾਂ ਅੰਕੜਿਆਂ ਤੋਂ ਪਹਿਲਾਂ ਕੈਨੇਡੀਅਨ ਨੌਕਰੀਆਂ ਲਈ ਸਭ ਤੋਂ ਭੈੜਾ ਮਹੀਨਾ ਜਨਵਰੀ 2009 ਸੀ ਜਦੋਂ ਲੋਕਾਂ ਨੇ 1,24,400 ਨੌਕਰੀਆਂ ਗੁਆ ਦਿੱਤੀਆਂ ਸਨ, ਮਾਰਚ 2020 ਦੇ ਅੰਕੜਿਆਂ ਨੇ ਇਹ ਅੰਕੜਾ ਵੀ ਮਿਟਾ ਦਿੱਤਾ ਹੈ। ਨੌਕਰੀਆਂ ਦੇ ਘਾਟੇ ਦਾ ਸਭ ਤੋਂ ਵੱਡਾ ਹਿੱਸਾ ਰਿਹਾਇਸ਼ੀ ਅਤੇ ਭੋਜਨ ਸੇਵਾਵਾਂ ਦੇ ਖ਼ੇਤਰ ਵਿਚ ਆਇਆ ਹੈ ਜੋ ਕਿ ਤਕਰੀਬਨ ਇਕ ਚੌਥਾਈ ਰਹਿ ਗਿਆ, ਅਗਲਾ ਮੁਸ਼ਕਿਲ ਖੇਤਰ ਆਈ.ਟੀ., ਕਲਾ ਅਤੇ ਸੱਭਿਆਚਾਰ ਹੈ, ਜਿਸ ਵਿਚ 13 ਪ੍ਰਤੀਸ਼ਤ ਗਿਰਾਵਟ ਹੋਈ ਹੈ। ਸਿੱਖਿਆ ਖੇਤਰ ਵਿਚ ਨੌ ਪ੍ਰਤੀਸ਼ਤ ਜਦਕਿ ਥੋਕ ਅਤੇ ਪ੍ਰਚੂਨ ਦੇ ਵਪਾਰ ਵਿਚ ਸੱਤ ਪ੍ਰਤੀਸ਼ਤ ਦੀ ਗਿਰਾਵਟ ਹੋਈ ਹੈ। ਕੁਦਰਤੀ ਸਰੋਤਾਂ ਅਤੇ ਖੇਤੀਬਾੜੀ ਨੂੰ ਛੱਡ ਕੇ ਸਿਰਫ਼ ਹਰ ਖੇਤਰ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ, ਜਿਨ੍ਹਾਂ ਨੇ ਕੈਨੇਡਾ ਦੀ ਭੋਜਨ ਸਪਲਾਈ ਲੜੀ ਨੂੰ ਮਜ਼ਬੂਤ ਰੱਖਣ ਲਈ ਸਰਗਰਮੀਆਂ ਵਧਾਉਂਦਿਆਂ ਤਕਰੀਬਨ 7,000 ਨੌਕਰੀਆਂ ਜੋੜੀਆਂ। ਕੋਵਿਡ-19 ਕਾਰਨ ਕੈਨੇਡਾ ਦੇ ਹਰ ਸੂਬੇ ਵਿਚ ਹੀ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ, ਪਰ ਲਗਪਗ ਦੋ-ਤਿਹਾਈ ਨੁਕਸਾਨ ਓਨਟਾਰੀਓ ਅਤੇ ਕਿਊਬਕ ਵਿਚ ਹੋਇਆ ਹੈ, ਜਿਨ੍ਹਾਂ ਨੇ ਕ੍ਰਮਵਾਰ 403,000 ਅਤੇ 264,000 ਨੌਕਰੀਆਂ ਗੁਆਈਆਂ ਹਨ। ਮੈਨੀਟੋਬਾ ਨੇ ਵੀ ਪਿਛਲੇ ਚਾਰ ਦਹਾਕਿਆਂ ਵਿਚ ਕਿਸੇ ਵੀ ਮਹੀਨੇ ਦੇ ਮੁਕਾਬਲੇ ਮਾਰਚ ਵਿਚ ਵਧੇਰੇ ਨੌਕਰੀਆਂ ਗੁਆਈਆਂ ਹਨ, ਪਿਛਲੇ ਮਹੀਨੇ ਲਗਪਗ 25,300 ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ, ਜਿਨ੍ਹਾਂ ਵਿਚ 11,900 ਉਹ ਲੋਕ ਸ਼ਾਮਿਲ ਹਨ ਜਿਨ੍ਹਾਂ ਨੂੰ ਅਸਥਾਈ ਤੌਰ ‘ਤੇ ਕੰਮਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅਰਥ ਸ਼ਾਸਤਰੀਆਂ ਨੇ ਇਹ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਅਗਲੇ ਮਹੀਨੇ ਦੀ ਰਿਪੋਰਟ ਵਿਚ ਇਹ ਗਿਰਾਵਟ ਹੋਰ ਵੀ ਵੱਡੀ ਹੋ ਸਕਦੀ ਹੈ ਅਤੇ ਇਹ ਸਭ ਇਸ ‘ਤੇ ਨਿਰਭਰ ਕਰਦਾ ਹੈ ਕਿ ਤਾਲਾਬੰਦੀ ਦਾ ਇਹ ਸਮਾਂ ਕਿੰਨਾ ਲੰਬਾ ਚੱਲਦਾ ਹੈ।
ਇਹ ਸਾਦਗੀ ਭਾਰਤੀ ਲੀਡਰਾਂ ‘ਚ ਕਦੋਂ ਆਵੇਗੀ ਨਜ਼ਰ…
ਕਰੋਨਾ ਦੀ ਮਾਰ ਦੇ ਦਰਮਿਆਨ ਘਰ ਦੀਆਂ ਜ਼ਰੂਰੀ ਵਸਤਾਂ ਲੈਣ ਨਿਕਲੇ ਕੈਨੇਡੀਅਨ ਲੋਕਾਂ ਦਰਮਿਆਨ ਸਰੀਰਕ ਦੂਰੀ ਕਾਇਮ ਰੱਖਦਿਆਂ ਗਰੌਸਰੀ ਲੈਣ ਖਾਤਰ ਲਾਈਨ ਖੜ੍ਹੇ ਨਜ਼ਰ ਆ ਰਹੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਇਹ ਤਸਵੀਰ ਖੂਬ ਵਾਇਰਲ ਹੋਈ। ਭਾਰਤ ਦੇ ਵੱਖੋ-ਵੱਖ ਗਰੁੱਪਾਂ ਵਿਚ ਤਾਰੀਫ਼ ਹਾਸਲ ਕਰਦੀ ਇਹ ਤਸਵੀਰ ਸਵਾਲ ਵੀ ਖੜ੍ਹੇ ਕਰਦੀ ਗਈ ਕਿ ਇਹੋ ਜਿਹੀ ਸਾਦਗੀ ਭਾਰਤੀ ਲੀਡਰਾਂ ਵਿਚ ਕਦੋਂ ਨਜਰ ਆਵੇਗੀ।