Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਦੀ ਪਰਿਵਾਰਕ ਪਿਕਨਿਕ ਵਿੱਚ ਭਾਰੀ ਰੌਣਕਾਂ

ਤਰਕਸ਼ੀਲ ਸੁਸਾਇਟੀ ਦੀ ਪਰਿਵਾਰਕ ਪਿਕਨਿਕ ਵਿੱਚ ਭਾਰੀ ਰੌਣਕਾਂ

Tarksheel picnic 2016 518 copy copyਬਰੈਂਪਟਨ/ਬਿਊਰੋ ਨਿਊਜ਼
ਬੀਤੇ ਐਤਵਾਰ 14 ਅਗਸਤ ਨੂੰ ਬਰੈਂਪਟਨ ਦੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਐਲਡਰੇਡੋ ਪਾਰਕ ਵਿੱਚ  ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਮਨਾਈ ਗਈ ਪਰਿਵਾਰਕ ਪਿਕਨਿਕ ਵਿੱਚ 500 ਤੋਂ ਵੱਧ ਬੱਚਿਆਂ , ਔਰਤਾਂ ਅਤੇ ਮਰਦਾਂ ਨੇ ਭਾਗ ਲਿਆ। ਜਿਸ ਵਿੱਚ ਦੁਪਹਿਰ ਦੇ 12:00 ਵਜੇ ਤੋਂ ਸ਼ਾਮ ਦੇ 5:30 ਵਜੇ ਤੱਕ ਖਾਣ-ਪੀਣ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਚਲਦਾ ਰਿਹਾ। ਤਰਕਸ਼ੀਲ ਸੁਸਾਇਟੀ ਦੇ ਜਥੇਬੰਦਕ ਕੁਆਰਡੀਨੇਟਰ ਬਲਰਾਜ ਸ਼ੌਕਰ ਦੀ ਅਗਵਾਈ ਵਿੱਚ ਪਿਕਨਿਕ ਵਿੱਚ ਸ਼ਾਮਲ ਪਰਿਵਾਰਾਂ ਦਾ ਨਛੱਤਰ ਬਦੇਸ਼ਾ, ਨਿਰਮਲ ਸੰਧੂ, ਡਾ: ਬਲਜਿੰਦਰ ਸੇਖੋ, ਬਲਦੇਵ ਰਹਿਪਾ, ਅੰਮ੍ਰਿਤ ਢਿੱਲੋ ਅਤੇ ਨਵਕਿਰਣ ਸਿੱਧੂ ਵਲੋਂ ਸਵਾਗਤ ਕੀਤਾ ਜਾ ਰਿਹਾ ਸੀ। ਇਸ ਉਪਰੰਤ ਮਹਿਮਾਨ ਖਾਣ ਪੀਣ ਅਤੇ ਪਿਕਨਿਕ ਦਾ ਆਨੰਦ ਲੈਣ ਵਿੱਚ ਰੁੱਝ ਜਾਂਦੇ। ਇਸੇ ਤਰ੍ਹਾਂ ਸੁਸਾਇਟੀ ਦੀ ਲੇਡੀ ਕੁਆਰਡੀਨੇਟਰ ਸੁਰਿੰਦਰ ਸ਼ੌਕਰ ਆਪਣੀਆਂ ਸਾਥਣਾਂ ਨਾਲ ਆਈਆਂ ਮਹਿਮਾਨਾਂ ਦਾ ਸਵਾਗਤ ਕਰਦੀਆਂ। ਦੂਜੇ ਪਾਸੇ ਹਰਬੰਸ ਮੱਲ੍ਹੀ, ਸੁਰਿੰਦਰ ਘੁਮਾਣ, ਸੁਰਜੀਤ ਸਹੋਤਾ, ਪਰਮਜੀਤ ਸੰਧੂ ਆਦਿ ਨੇ ਮਹਿਮਾਨਾਂ ਵਾਸਤੇ ਬਾਰ-ਬੀ-ਕਿਊ ਕਰਨ ਦੀ ਡਿਊਟੀ ਨਿਭਾਈ।
ਚਾਹ ਪਾਣੀ ਤੋਂ ਬਾਦ ਆਏ ਮਹਿਮਾਨ ਵੱਖ ਵੱਖ ਗਰੁੱਪਾਂ ਵਿੱਚ ਬੈਠ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦੇ। ਇਹ ਪਿਕਨਿਕ ਵਿੱਚ ਬਹੁਤ ਸਾਰੇ ਸੱਜਣ ਚਿਰਾਂ ਦੇ ਵਿਛੜੇ ਦੋਸਤਾਂ ਨੂੰ ਮਿਲਣ ਦੀਆਂ ਖੁਸੀਆਂ ਪ੍ਰਾਪਤ ਕਰਨ ਦਾ ਸਬੱਬ ਵੀ ਬਣੀ। ਪਿਕਨਿਕ ਵਿੱਚ ‘ਰੈੱਡ ਵਿੱਲੋ ਕਲੱਬ’ ਦੇ ਪਰਮਜੀਤ ਬੜਿੰਗ, ਅਮਰਜੀਤ ਸਿੰਘ ਤੇ ਸਾਥੀ, ‘ਇੰਡੋ ਕੈਨੇਡੀਅਨ ਪੰਜਾਬੀ ਸਾਹਿਤ ਸਭਾ’ ਦੇ ਤਲਵਿੰਦਰ ਮੰਡ, ਸੁਖਦੇਵ ਝੰਡ, ਮਲੂਕ ਕਾਹਲੋਂ ਅਤੇ ‘ਕਲਮਾਂ ਦਾ ਕਾਫਲਾ’, ਦੇ ਕੁਲਵਿੰਦਰ ਖਹਿਰਾ, ਵਰਿਆਮ ਸੰਧੂ, ਪੂਰਨ ਸਿੰਘ ਪਾਂਧੀ, ਪ੍ਰਿੰ: ਸਰਵਣ ਸਿੰਘ, ‘ਸਰੋਕਾਰਾਂ ਦੀ ਆਵਾਜ਼’ ਦੇ ਹਰਬੰਸ ਸਿੰਘ, ਦਵਿੰਦਰ ਤੂਰ, ਡਾ: ਹਰਦੀਪ, ‘ਤੇਗ ਬਹਾਦਰ ਇੰਟਰਨੈਸ਼ਨਲ ਸਕੂਲ’ ਦੇ ਪ੍ਰਿੰ: ਧਵਨ ਅਤੇ ਸਟਾਫ,’ਸੀ ਪੀ ਸੀ’ ਦੇ ਹਰਿੰਦਰ ਹੁੰਦਲ, ਸ਼ਮਸ਼ਾਦ ਅਤੇ ਬਲਜੀਤ ਬੈਂਸ,’ਸਿਟੀ ਟੈਕਸੀ’ ਦੇ ਪਾਲ ਸੇਖੋਂ, ਪੱਤਰਕਾਰ ਪ੍ਰਤੀਕ ਆਰਟਿਸਟ,  ਅਤੇ ਸਕਾਰਬਰੋ ਦੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਭਰਵੀਂ ਸ਼ਮੂਲੀਅਤ ਸੀ। ਟੋਰਾਂਟੋ ਏਰੀਏ ਦੇ ਵੱਡੀ ਗਿਣਤੀ ਵਿੱਚ ਅਗਾਂਹਵਧੂ ਸੋਚ ਦੇ ਮਾਲਕ ਬੁੱਧੀਜੀਵੀ, ਲੇਖਕ, ਪੱਤਰਕਾਰ, ਥੀਏਟਰ ਆਰਟਿਸਟ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। ਇਹਨਾਂ ਤੋਂ ਬਿਨਾਂ ਐਮ ਪੀ ਸੋਨੀਆ ਸਿੱਧੂ ਅਤੇ ਇੰਡੀਆ ਤੋਂ ਆਏ ਜਰਨੈਲ ਸਿੰਘ ਰਾਏਪੁਰ ਡੱਬਾ, ਪ੍ਰੋ: ਪੂਰਨ ਸਿੰਘ, ਹਾਕਮ ਸਿੰਘ ਧਾਲੀਵਾਲ ਅਤੇ ਜੀਵਨ ਲਾਲ ਸ਼ਹਿਣਾ ਵੀ ਹਾਜ਼ਰ ਸਨ।  ਬੱਚਿਆਂ ਦੀਆਂ ਸਪੋਰਟਸ ਈਵੈਂਟਸ ਬਹੁਤ ਹੀ ਦਿਲਚਸਪ ਸਨ। ਕਈ ਗਰੁੱਪਾਂ ਵਿੱਚ ਬੱਚਿਆਂ ਦੀਆਂ ਰੇਸਾਂ ਦੇ ਮੁਕਾਬਲੇ ਕਰਵਾਏ ਗਏ। ਖਾਸ ਤੌਰ ‘ਤੇ ਬੱਚਿਆਂ ਦੇ ਵੱਖ ਵੱਖ ਗਰੁੱਪਾਂ ਦੇ ਰੱਸਾ-ਕਸ਼ੀ ਮੁਕਾਬਲੇ ਬਹੁਤ ਹੀ ਦਿਲਚਸਪ ਸਨ। ਜਿਹੜੀ ਟੀਮ ਜਿੱਤ ਜਾਂਦੀ ਉਸ ਟੀਮ ਦੇ ਬੱਚੇ ਚਾਂਭੜਾਂ ਪਾਉਂਦੇ ਹੋਏ ਦੁੜੰਗੇ ਲਾਉਂਦੇ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਅਤੇ ਜੇਤੂਆਂ ਨੂੰ ਸ਼ਾਨਦਾਰ ਮੋਮੈਂਟੋ ਦਿੱਤੇ ਗਏ। ਬੱਚੇ ਅਤੇ ਮਾਪੇ ਅਤਿਅੰਤ ਖੁਸ਼ ਨਜ਼ਰ ਆ ਰਹੇ ਸਨ। ਸਪੋਰਟਸ ਦੇ ਪ੍ਰਬੰਧ ਵਿੱਚ ਸੋਹਣ ਢੀਂਡਸਾ, ਜਸਵੀਰ ਚਾਹਲ ਅਤੇ ਭੂਰਾ ਸਿੰਘ ਰੰਧਾਵਾ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਚਾਹ-ਪਾਣੀ, ਬਾਰ-ਬੀ -ਕਿਊ ਅਤੇ ਲੰਚ ਤੋਂ ਬਾਅਦ ਇਸ ਪ੍ਰੋਗਰਾਮ ਦਾ ਸਿਖਰ ਚੇਤਨਾ ਕਲਚਰਲ ਕਲੱਬ ਵਲੋਂ ਨਾਹਰ ਔਜਲਾ ਦੀ ਟੀਮ ਦੁਆਰਾ ਖੇਡਿਆ ਗਿਆ ਨੁੱਕੜ ਨਾਟਕ ‘ਮਸਲਾ ਮੈਰਿਜ਼ ਦਾ’ ਸੀ। ਨਾਟਕ ਇਹ ਸੰਦੇਸ਼ ਦੇ ਗਿਆ ਕਿ ਮਾਪਿਆਂ ਨੂੰ ਆਪਣੇ ਨੌਜਵਾਨ ਬੱਚਿਆਂ ਦੀ ਸ਼ਾਦੀ ਦੇ ਮਾਮਲੇ ਵਿੱਚ ਆਪਣੀ ਮਰਜ਼ੀ ਠੋਸ ਕੇ ਘਰਾਂ ‘ਚ ਕਲੇਸ਼ ਅਤੇ ਲੜਾਈ ਦਾ ਮਾਹੋਲ ਪੈਦਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ਼ਾਦੀ ਬੱਚਿਆਂ ਦੀ ਹੋਣੀ ਹੁੰਦੀ ਹੈ ਨਾ ਕਿ ਮਾਪਿਆਂ ਦੀ। ਨਾਟਕ ਦੇ ਅੰਤ ਤੇ ਸੁਸਾਇਟੀ ਦੇ ਕੁਆਰਡੀਨੇਟਰ ਬਲਰਾਜ ਸ਼ੋਕਰ ਨੇ ਨਾਟਕ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਨੁੱਖੀ ਬਰਾਬਰੀ ਖਾਸ ਤੌਰ ਤੇ ਲੜਕੇ ਅਤੇ ਲੜਕੀ ਦੀ ਹਰ ਪੱਧਰ ਤੇ ਸਮਾਨਤਾ ਹੋਣੀ ਤਰਕਸ਼ੀਲ ਸੁਸਾਇਟੀ ਦਾ ਸਰੋਕਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਸਪਾਂਸਰਾਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …