Breaking News
Home / ਕੈਨੇਡਾ / ਕੈਨੇਡਾ ਸਰਕਾਰ ‘ਮੌਰਟਗੇਜ’ ਨਿਯਮਾਂ ‘ਚ ਬਦਲਾਅ ਲਿਆ ਰਹੀ ਹੈ : ਸੋਨੀਆ ਸਿੱਧੂ

ਕੈਨੇਡਾ ਸਰਕਾਰ ‘ਮੌਰਟਗੇਜ’ ਨਿਯਮਾਂ ‘ਚ ਬਦਲਾਅ ਲਿਆ ਰਹੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਘਰਾਂ ਦੀ ਘਾਟ ਦੀ ਸਮੱਸਿਆ ਹੈ। ਇਸ ਦੇ ਹੱਲ ਲਈ ਮਾਣਯੋਗ ਡਿਪਟੀ ਪ੍ਰਾਈਮ ਮਨਿਸਟਰ ਤੇ ਵਿੱਤ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਨੇ ਮੌਰਟਗੇਜ ਨਿਯਮਾਂ ਵਿਚ ਬਦਲਾਅ ਸਬੰਧੀ ਮਹੱਤਵਪੂਰਨ ਐਲਾਨ ਕੀਤਾ ਹੈ ਜਿਸ ਨਾਲ ਬਹੁਤ ਸਾਰੇ ਕੈਨੇਡਾ-ਵਾਸੀ ਨਵੇਂ ਅਤੇ ਪੁਰਾਣੇ ਘਰ ਖ਼ਰੀਦਣ ਲਈ ਆਸਾਨੀ ਨਾਲ ਪਹੁੰਚ ਕਰ ਸਕਦੇ ਹਨ।
ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਘਰ ਬਨਾਉਣ ਲਈ ਕੈਨੇਡਾ-ਵਾਸੀ ਸਖ਼ਤ ਮਿਹਨਤ ਕਰਦੇ ਹਨ ਪਰ ਫਿਰ ਵੀ ਮੌਰਟਗੇਜ ਦੀਆਂ ਭਾਰੀਆਂ ਕਿਸ਼ਤਾਂ ਉਨ੍ਹਾਂ ਲਈ ਘਰਾਂ ਦੇ ਮਾਲਕ ਬਣਨ ਵਿਚ ਦੀਵਾਰ ਬਣ ਕੇ ਖੜ੍ਹੀਆਂ ਹੋ ਜਾਂਦੀਆਂ ਹਨ। ਖ਼ਾਸ ਤੌਰ ‘ਤੇ ਨੌਜੁਆਨ ਪੀੜ੍ਹੀ ਲਈ ਤਾਂ ਪਹਿਲੀ ਵਾਰ ਘਰ ਖਰੀਦਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਨਵੇਂ ਮੌਰਟਗੇਜ ਨਿਯਮ ਲਾਗੂ ਹੋ ਜਾਣ ਨਾਲ ਪਹਿਲੀ ਵਾਰ ਘਰ ਖ਼ਰੀਦਣ ਵਾਲੇ ਕੈਨੇਡਾ-ਵਾਸੀ 30-ਸਾਲਾ ਇਨਸ਼ੋਅਰਡ ਮਾਰਗੇਜ ਰਾਹੀਂ ਨਵੇਂ ਘਰਾਂ ਦੀ ਖ਼ਰੀਦ ਆਸਾਨੀ ਨਾਲ ਕਰ ਸਕਦੇ ਹਨ।
ਨਿਯਮਾਂ ਵਿਚ ਇਹ ਬਦਲਾਅ ਦੋ ਕਿਸਮ ਦੇ ਹਨ। ਪਹਿਲਾ ਇਹ ਕਿ ਇਨਸ਼ੋਅਰਡ ਮਾਰਗੇਜ ਦੀ ‘ਹੱਦ’ (ਪ੍ਰਾਈਸ-ਕੈਪ) ਇਕ ਮਿਲੀਅਨ ਡਾਲਰ ਤੋਂ ਵਧਾ ਕੇ 1.5 ਮਿਲੀਅਨ ਡਾਲਰ ਕਰ ਦਿੱਤੀ ਗਈ ਹੈ ਅਤੇ ਇਹ ਨਿਯਮ 15 ਦਸੰਬਰ 2024 ਤੋਂ ਲਾਗੂ ਹੋਵੇਗਾ ਜਿਸ ਨਾਲ ਹੋਰ ਕੈਨੇਡਾ-ਵਾਸੀ 20% ਤੋਂ ਘੱਟ ਡਾਊਨ-ਪੇਅਮੈਂਟ ਨਾਲ ਮੌਰਟਗੇਜ ਦੇ ਲਈ ਯੋਗ ਹੋ ਸਕਣਗੇ। ਦੂਸਰਾ, ਇਨ੍ਹਾਂ ਸੋਧੇ ਹੋਏ ਨਿਯਮਾਂ ਨਾਲ ਘਰਾਂ ਦੀਆਂ ਮੌਰਟਗੇਜ ਦੀਆਂ ਕਿਸ਼ਤਾਂ ਮੋੜਨ ਦਾ ਸਮਾਂ ਵਧਾ ਕੇ 30 ਸਾਲ ਕਰ ਦਿੱਤਾ ਗਿਆ ਹੈ। ਇਸ ਨਾਲ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਮੌਰਟਗੇਜ ਦੀਆਂ ਮਹੀਨਾਵਾਰ ਕਿਸ਼ਤਾਂ ਘੱਟ ਹੋ ਜਾਣ ਕਾਰਨ ਇਨ੍ਹਾਂ ਦੇ ਤਾਰਨ ਵਿਚ ਆਸਾਨੀ ਹੋਵੇਗੀ। ਘਰਾਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਨਵੇਂ ਘਰ ਅਤੇ ਕਾਂਡੋ ਤਿਆਰ ਕਰਵਾ ਰਹੀ ਹੈ। ਬੱਜਟ 2024 ਵਿਚ ਇਸ ਦੇ ਲਈ ਵਿਵਸਥਾ ਕੀਤੀ ਗਈ ਸੀ ਅਤੇ ਇਹ ਸੱਭ ਅਮਲ ਵਿਚ ਲਿਆਂਦਾ ਜਾ ਰਿਹਾ ਹੈ।
ਮੌਰਟਗੇਜ ਸਬੰਧੀ ਇਹ ਨਵੇਂ ਨਿਯਮ ਬੱਜਟ 2024 ਵਿਚ ਦਰਸਾਏ ਗਏ ‘ਕੈਨੇਡੀਅਨ ਮੌਰਟਗੇਜ ਚਾਰਟਰ’ ਨੂੰ ਮਜ਼ਬੂਤ ਕਰਦੇ ਹਨ ਜੋ ਸਾਰੇ ਇਨਸ਼ੋਅਰਡ ਮੌਰਟਗੇਜ ਹੋਲਡਰਾਂ ਨੂੰ ਬਗ਼ੈਰ ਕਿਸੇ ਪ੍ਰੇਸ਼ਾਨੀ ਦੇ ਲੈਂਡਰਾਂ ਕੋਲ ਮੌਰਟਗੇਜ ਨਵਿਆਉਣ ਵਿਚ ਸਹਾਈ ਹੁੰਦੇ ਹਨ। ਸਰਕਾਰ ਵੱਲੋਂ ਸੁਧਾਰੇ ਗਏ ਇਹ ਮੌਰਟਗੇਜ ਨਿਯਮ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੇ ਨਿਯਮਾਂ ਦੇ ਮੁਕਾਬਲੇ ਬੜੇ ਮਹੱਤਵਪੂਰਨ ਹਨ।
ਕੈਨੇਡਾ ਸਰਕਾਰ ਵੱਲੋਂ ਚਾਰ ਮਿਲੀਅਨ ਨਵੇਂ ਘਰਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਜੋ ਕੈਨੇਡਾ ਦੇ ਇਤਿਹਾਸ ਵਿਚ ਲਿਆ ਗਿਆ ਮਹੱਤਵਪੂਰਨ ਕਦਮ ਹੈ। ਆਉਂਦੇ ਕੁਝ ਹਫ਼ਤਿਆਂ ਵਿਚ ਸਰਕਾਰ ਇਸ ਸਬੰਧੀ ਨਿਯਮਾਂ ਵਿਚ ਬਦਲਾਅ ਅਤੇ ਹੋਰ ਵਿਸਥਾਰ ਲੋਕਾਂ ਦੇ ਸਾਹਮਣੇ ਲਿਆਏਗੀ। ਇਸ ਸਬੰਧੀ ਇਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ‘ਹਾਊਸਿੰਗ ਐਕਸਕਰੇਟਰ ਫ਼ੰਡ’ ਲਈ ਹੁਣ ਤੱਕ 100 ਤੋਂ ਵੱਧ ਡੀਲਾਂ ਸਾਈਨ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਦੇ ਨਾਲ 750,000 ਤੋਂ ਵਧੇਰੇ ਨਵੇਂ ਘਰਾਂ ਦੀ ਉਸਾਰੀ ਹੋ ਰਹੀ ਹੈ।

Check Also

ਗੁਰਸਿੱਖ ਪੰਜਾਬਣ ਸਾਹਿਬ ਕੌਰ ਧਾਲੀਵਾਲ ਵੱਲੋਂ ਯੂਐਨਓ ਵਿਖੇ ਕੈਨੇਡਾ ਦੇ ਨੌਜਵਾਨ ਵਰਗ ਦੀ ਪ੍ਰਤਿਨਿਧਤਾ

ਐਬਟਸਫੋਰਡ : ਐਬਟਸਫੋਰਡ ਸ਼ਹਿਰ ਦੀ ਜੰਮਪਲ ਅਤੇ ਅੱਜਕੱਲ੍ਹ ਮੈਕਗਿਲ ਲਾਅ ਕਾਲਜ, ਯੂਨੀਵਰਸਿਟੀ ਮੋਂਟਰਿਅਲ ਵਿਖੇ ਵਕਾਲਤ …