ਪੱਕੀ ਇੰਮੀਗ੍ਰੇਸ਼ਨ ਅਤੇ ਪਰਿਵਾਰ ਨਾਲ ਲਿਜਾਣਾ ਹੋਇਆ ਆਸਾਨ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਸਰਕਾਰ ਨੇ ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖਭਾਲ ਲਈ ਪੁਰਾਣਾ ਨੈਨੀ ਪ੍ਰੋਗਰਾਮ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਕੁਝ ਫੇਰਬਦਲਾਂ ਨਾਲ ਨਵੇਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤੇ ਹਨ ਜਿਸ ਦਾ ਐਲਾਨ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਰ ਦਿੱਤਾ ਹੈ। ਹੁਣ ਨੈਨੀ ਵਾਸਤੇ ਪੱਕੀ ਇਮੀਗ੍ਰੇਸ਼ਨ ਲੈਣਾ ਅਤੇ ਪਰਿਵਾਰ ਨੂੰ ਸਪਾਂਸਰ ਕਰਨਾ ਆਸਾਨ ਕੀਤਾ ਗਿਆ ਹੈ ਤੇ ਨੈਨੀ ਵੀਜ਼ਾ ਮਿਲਣ ਮਗਰੋਂ ਆਪਣੇ ਪਰਿਵਾਰ (ਪਤੀ/ਪਤਨੀ ਤੇ ਬੱਚੇ) ਨੂੰ ਨਾਲ ਲਿਜਾਇਆ ਜਾ ਸਕੇਗਾ। ਨੈਨੀ ਦੇ ਪਤੀ ਜਾਂ ਪਤਨੀ ਨੂੰ ਪੱਕੇ ਹੋਣ ਤੱਕ ਓਪਨ ਵਰਕ ਪਰਮਿਟ ਮਿਲਿਆ ਕਰੇਗਾ ਅਤੇ ਉਨ੍ਹਾਂ ਦੇ ਬੱਚੇ ਸਟੱਡੀ ਪਰਮਿਟ ਨਾਲ ਪੜ੍ਹਾਈ ਕਰਨ ਦੇ ਹੱਕਦਾਰ ਹੋਣਗੇ। ਹੁਣ ਨੈਨੀ ਨੂੰ ਨੌਕਰੀ ਬਦਲਣ ਵਿਚ ਦਿੱਕਤ ਨਹੀਂ ਆਵੇਗੀ ਤੇ ਮਨਮਰਜ਼ੀ ਨਾਲ ਨੌਕਰੀ ਕਰਨ ਵਾਲੀ ਥਾਂ (ਇੰਪਲਾਇਰ) ਬਦਲੀ ਜਾ ਸਕੇਗੀ। ਇਹ ਵੀ ਕਿ ਨੈਨੀ ਦੇ ਪੱਕੇ ਹੋਣ ਦੀ ਸੰਭਾਵਨਾਵਾਂ ਦਾ ਮੁਲਾਂਕਣ ਉਸ ਨੂੰ ਕੈਨੇਡਾ ਦਾ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਹੀ ਕਰ ਲਿਆ ਜਾਇਆ ਕਰੇਗਾ। ਵਰਕ ਪਰਮਿਟ ‘ਤੇ 2 ਸਾਲ ਕੰਮ ਕਰ ਲੈਣ ਮਗਰੋਂ ਪੱਕੀ ਇਮੀਗ੍ਰੇਸ਼ਨ ਅਪਲਾਈ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਨੈਨੀ ਵਜੋਂ ਕੈਨੇਡਾ ਵਿਚ ਪੁੱਜ ਚੁੱਕੇ ਲੋਕਾਂ ਨੂੰ (2014 ਤੋਂ) ਪੱਕੇ ਹੋਣ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਸਭ ਨੂੰ 4 ਮਾਰਚ 2019 ਤੋਂ 4 ਜੂਨ 2019 ਤੱਕ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ ਜੋ ਪੱਕੇ ਹੋਣ ਦੀ ਆਸ ਵਿਚ ਨੈਨੀ ਵਜੋਂ ਕੈਨੇਡਾ ਪੁੱਜੇ ਸਨ ਤੇ ਅਜੇ ਵੀ ਨੈਨੀ ਵਜੋਂ ਕੰਮ ਕਰ ਰਹੇ/ਰਹੀਆਂ ਹਨ। ਫ਼ਿਲਹਾਲ ਉਪਰੋਕਤ ਸਾਰੇ ਬਦਲਾਅ ਆਰਜ਼ੀ ਹਨ ਤੇ 5 ਸਾਲਾਂ ਬਾਅਦ ਦੁਬਾਰਾ ਮੁਲਾਂਕਣ ਕੀਤਾ ਜਾਵੇਗਾ। ਮੰਤਰੀ ਹੁਸੈਨ ਨੇ ਕਿਹਾ ਕਿ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ ਦੇ ਨਿਪਟਾਰੇ ਵਿਚ ਤੇਜ਼ੀ ਲਿਆ ਚੁੱਕੀ ਹੈ ਅਤੇ ਨੈਨੀ ਅਰਜ਼ੀਆਂ ਦਾ ਫ਼ੈਸਲਾ ਕਰਨ ਦੇ ਸਮੇਂ ਨੂੰ ਪੰਜ ਸਾਲਾਂ ਤੋਂ ਘਟਾ ਕੇ 1 ਸਾਲ ਤੱਕ ਲਿਆਂਦਾ ਜਾ ਚੁੱਕਾ ਹੈ। ਅਕਤੂਬਰ 2017 ਤੋਂ ਹੁਣ ਤੱਕ 9 ਹਜ਼ਾਰ ਅਰਜ਼ੀਆਂ ਵਿਚੋਂ ਮਸਾਂ 495 ਕੇਸਾਂ ਦਾ ਫ਼ੈਸਲਾ ਹੋਣਾ ਬਾਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੈਨੀ ਕੈਨੇਡਾ ਦੇ ਲੋਕਾਂ ਦੀ ਸੇਵਾ ਕਰਦੇ/ਕਰਦੀਆਂ ਹਨ ਜਿਸ ਕਰਕੇ ਕੈਨੇਡਾ ਨੂੰ ਉਨ੍ਹਾਂ ਦਾ ਖ਼ਿਆਲ ਕਰਨਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਹੁਣ ਨੈਨੀ ਨੂੰ ਆਪਣਾ ਪਰਿਵਾਰ ਕੈਨੇਡਾ ਵਿਚ ਲਿਆਉਣ ਅਤੇ ਪੱਕੀ ਇਮੀਗ੍ਰੇਸ਼ਨ ਦਾ ਮੌਕਾ ਦਿੱਤਾ ਜਾ ਰਿਹਾ ਹੈ।
Check Also
ਸ਼ਬਦ ਨਾਦ ਬਿਆਸ ਮੰਚ ਨੇ ‘ਰਾਬਤਾ ਮੁਕਾਲਮਾ ਕਾਵਿ-ਮੰਚ’ ਅਤੇ ‘ਏਕਮ ਸਾਹਿਤ ਮੰਚ’ ਨਾਲ ਮਿਲ ਕੇ ਮਲਵਿੰਦਰ ਨਾਲ ਰਚਾਇਆ ਸੰਜੀਦਾ ਰੂ-ਬ-ਰੂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ …