ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਜਿਸ ਵੇਲੇ ਮੈਂ ਹਥਲਾ ਕਾਲਮ ਲਿਖਣ ਬੈਠਾ ਹਾਂ ਤਾਂ ਆਥਣ ਗੂੜ੍ਹੀ ਹੋਣ ਜਾ ਰਹੀ ਹੈ। ਕਣਕਾਂ ਵੱਢਣ, ਕੱਢਣ, ਵੇਚਣ ਤੇ ਵੱਟਣ ਦੇ ਦਿਨ ਹਨ। ਮੌਸਮ ਵੀ ਬੜਾ ਖਰਾਬ ਚੱਲ ਰਿਹਾ ਹੈ। ਤੇਜ਼ ਹਨੇਰੀ ਤੇ ਵਿੱਚ-ਵਿੱਚ ਮੀਂਹ ਤੇ ਕਈ ਥਾਂਈ ਗੜੇ ਪੈਣ ਦੀਆਂ ਵੀ ਖ਼ਬਰਾਂ ਆਈਆਂ ਹਨ। ਬਿਜਲੀ ਦੇ ਕੱਟ ਵੀ ਲੱਗ ਰਹੇ ਹਨ, ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਕਈ ਥਾਈਂ ਬਿਜਲੀ ਦੀਆਂ ਤਾਰਾਂ ਜੁੜਨ ਕਾਰਨ ਸੈਂਕੜੇ ਏਕੜ ਕਣਕ ਸੜ ਗਈ ਹੈ…ਇਸ ਦੇ ਡਰੋਂ ਹੀ ਬਿਜਲੀ ਬੰਦ ਕਰ ਰੱਖੀ ਹੈ।
ਮੰਡੀਆਂ, ਖੇਤਾਂ, ਕਸਬਿਆਂ ਤੇ ਪਿੰਡਾਂ ਵਿੱਚ ਖੂਬ ਖੜਕਾ-ਦੜਕਾ ਹੈ। ਇੰਜਣਾਂ ਦੀ ਠੱਕ-ਠੱਕ ਹੈ। ਮੋਟਰ-ਮਸ਼ੀਨਰੀ ਦੀ ਘੂਕਰ ਹੈ। ਪਰ੍ਹੇ ਕਿਧਰੋਂ ਆਵਾਜ਼ ਆ ਰਹੀ ਹੈ…ਟਰੈਕਟਰਾਂ ਉਤੇ ਗੀਤ ਗੂੰਜ ਰਹੇ ਹਨ-‘ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ’। ਹੁਣ ਟਰੈਕਟਰਾਂ ਉਤੇ ਵਜਦੇ ਗੀਤਾਂ ਦਾ ਜਿੱਥੇ ਰੰਗ-ਰੂਪ ਬਦਲਿਆ ਹੈ, ਉਥੇ ਗੀਤਾਂ ਦੀਆਂ ਰੀਲਾਂ ਖ੍ਰੀਦਣ ਤੇ ਸੰਭਾਲਣ ਦਾ ਝੰਜਟ ਮੁੱਕ ਗਿਆ ਹੈ, ਨਿੱਕੀ ਜਿਹੇ ਪੁਰਜੇ (ਪਿਨ ਡਰਾਈਵ) ਵਿੱਚ ਹਜ਼ਾਰਾਂ ਗੀਤ ਪੁਵਾਓ ਤੇ ਸੁਣੀ ਜਾਓ!
ਕਿਤੋਂ-ਕਿਤੋਂ ਟਾਂਵੇ-ਟਾਂਵੇ ਲਲਕਾਰੇ ਜਿਹੇ ਵੱਜਣ ਦੀਆਂ ਆਵਾਜ਼ਾਂ ਆਉਂਦੀਆਂ ਹਨ..ਕਿਉਂਕਿ ਇਹ ਮਾਲਵਾ ਹੈ! ਤੂੜੀ ਤੰਦ ਸਾਂਭੇ ਜਾ ਰਹੇ ਹਨ। ਸਾਲ ਭਰ ਲਈ ਖਾਣ ਲਈ ਦਾਣਾ ਫੱਕ ਸੰਭਾਲਿਆ ਜਾ ਰਿਹਾ ਹੈ। ਜਿਵੇਂ ਪਹਿਲੇ ਵੇਲੇ ਦੇ ਕਿਸਾਨ ਨੂੰ ਘਰ ਕਣਕ ਆਈ ਦੀ ਚਾਅ ਹੁੰਦਾ ਸੀ ਤੇ ਉਹ ਕਹਿੰਦਾ ਸੀ ਕਿ ਵਿਹੜੇ ‘ਅੰਨ ਦੇਵਤਾ’ ਆਇਆ ਹੈ, ਹੁਣ ਉਸ ਚਾਅ ਦੀ ਥਾਂ ਉਤੇ ਕਿਸਾਨ ਨੂੰ ਕਾਹਲ ਹੈ…ਖਬਰੈ ਮੰਡੀ ਵਿੱਚ ਢੇਰੀ ਲਾਉਣ ਨੂੰ ਥਾਂ ਮਿਲੇ ਜਾਂ ਨਾ ਮਿਲੇ…ਪਤਾ ਨਹੀਂ ਕਿੰਨੇ ਦਿਨ ਮੰਡੀ ਰੁਲਣਾ ਪਵੇ…? ਮੱਛਰ ਖਾ ਜਾਊ…ਮਲੇਰੀਆ ਵੀ ਹੋ ਸਕਦੈ…ਏਸ ਲਈ ਮੰਡੀ ਵਿੱਚ ਬੋਤਲ ਪੀਤੀ ਬਿਨਾਂ ਨੀਂਦ ਨਹੀਂ ਆਉਣੀ। ਕਦੋਂ ਤੁਲਾਈ ਹੋਊ ਤੇ ਕਦ ਘਰ ਨੂੰ ਜਾਵਾਂਗੇ…ਜਦ ਤੱਕ ਨੂੰ ਕਿਧਰੇ ਮੀਂਹ ਲੱਥ ਪਵੇ ਤੇ ਢੇਰੀ ਹੀ ਨਾ ਭਿਉਂ ਦੇਵੇ! ਇਸ ਲਈ ਕਾਹਲ ਦੇ ਨਾਲ-ਨਾਲ ਕਰੋਧ ਵੀ ਹੈ। ਆੜਤੀਏ ਨੇ ਕੀ ਦੇਣਾ ਹੈ…ਜਾਂ ਕੁਝ ਨਹੀਂ ਵੀ ਦੇਣਾ…ਇਸ ਲਈ ਕਰੋਧ ਦੇ ਨਾਲ-ਨਾਲ ‘ਕੁੱਤੇ ਝਾਕ’ ਵੀ ਹੈ ਤੇ ਕੁੜੱਤਣ ਵੀ ਹੈ। ਘਰ ਵਿੱਚ ਕਿਸੇ ਨੇ ਘਿਉ-ਸ਼ੱਕਰ ਨਹੀਂ ਰਲਾਇਆ ਕਿਉਂਕਿ ਸਾਰੇ ਟੱਬਰ ਦੇ ਕ੍ਰਲੈਸਟ੍ਰੋਲ ਵਧੇ ਹੋਏ ਨੇ ਤੇ ਡਾਕਟਰ ਦੀ ਸਖ਼ਤ ਮਨਾਹੀ ਹੈ।
ਕਾਂਗਰਸ ਦੀ ਸਰਕਾਰ ਬਣ ਚੁੱਕੀ ਨੂੰ ਦੋ ਮਹੀਂਨੇ ਤੋਂ ਵੱਧ ਹੋ ਚੱਲੇ ਹਨ। ਕੈਪਟਨ ਸਰਕਾਰ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਣਕ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ। ਇਸ ਵਾਰੀ ਕਣਕ ਦਾ ਨਾੜ ਵੀ ਨਹੀਂ ਸਾੜਨ ਦੇਣਾ, ਕਿਉਂਕਿ ਪ੍ਰਦੂਸ਼ਣ ਫੈਲਦਾ ਹੈ। ਕਣਕ ਜਾਂ ਪਰਾਲੀ ਸਾੜਨ ਦੇ ਮੁੱਦੇ ‘ਤੇ ਜਥੇਦਾਰ ਅਫਸਰਾਂ ਨਾਲ ਅਕਸਰ ਹੀ ਧੱਕਾ ਕਰਦੇ ਸਨ, ਇਸ ਵਾਰ ਦੇਖੋ ਕਿ ਕਾਂਗਰਸੀ ਧੱਕਾ ਕਰਦੇ ਹਨ ਜਾਂ ਨਹੀਂ?
ਮੇਲੇ ਲੰਘ ਚੁੱਕੇ ਹਨ। ਵਿਸਾਖੀ ਆਈ ਤੇ ਅਛੋਪਲੇ ਜਿਹੇ ਲੰਘ ਗਈ…ਚੋਰੀ-ਚੋਰੀ ਤੇ ਡਰਦੀ-ਡਰਦੀ….! ‘ਜੱਟਾ ਆਈ ਵਿਸਾਖੀ’ ਵਾਲਾ ਗੀਤ ਕਿਸੇ ਨਹੀਂ ਗਾਇਆ। ਕਿਸੇ ਧਮਾਲ ਨਹੀਂ ਪਾਈ ਤੇ ਨਾ ਹੀ ਕਿਸੇ ਨੇ ਹੇਕ ਲਾਈ ਹੈ। ਰਾਜਨੀਤਕਾਂ ਦੇ ਨਾਹਰਿਆਂ ਵਿੱਚ ਰੁਲ ਗਿਆ ਇਹ ਗੀਤ:
ਤੇਰੀਆਂ ਉਡੀਕਾਂ ਵਿੱਚ ਲੰਘ ਗਈ ਵਿਸਾਖੀ ਵੇ
ਭੁੱਲ ਗਿਓਂ ਜਾਕੇ ਜਿਹੜੀ ਗੱਲ ਸਾਨੂੰ ਆਖੀ ਵੇ…
ਧੂਵਾਂ ਚਾਦਰਾ ਲਾ ਕੇ ਤੇ ਸੰਮਲੇ ਵਾਲੀ ਪੱਗ ਬੰਨ੍ਹ ਕੇ ਜੱਟ ਮੇਲੇ ਨਹੀਂ ਆਇਆ। ਨਾ ਅਨੰਦ ਛਾਇਆ ਹੈ…ਨਾ ਕਿਸੇ ਕੱਛੇ ਵੰਝਲੀ ਮਾਰੀ ਹੈ। ਲੰਬੜਾਂ ਦਾ ਹਿਸਾਬ ਕਰਨ ਵਾਲਾ ਬਾਕੀ ਪਿਆ ਹੈ। ਸਿਰ ਕਰਜ਼ੇ ਦੀ ਪੰਡ ਭਾਰੀ ਹੈ। ਕੱਛ ਵਿੱਚ ਵੰਝਲੀ ਦੀ ਥਾਂਵੇ ਰਾਜਨੀਤਕਾਂ ਦੇ ਹਮੈਤੀਆਂ ਤੇ ਗੰਨਮੈਨਾਂ ਦੀਆਂ ਬੰਦੂਕਾਂ ਨੇ ਥਾਂ ਮੱਲੀ ਹੋਈ ਸੀ। ਵਿਸਾਖੀ ਦੇ ਮੇਲੇ ਵਿੱਚ ਸਾਰੰਗੀ ਨਹੀਂ ਕੂਕੀ…ਰਾਜਨੀਤਕਾਂ ਦੀਆਂ ਕਾਰਾਂ ਦੇ ਹੂਟਰ ਕੂਕੇ ਹਨ।ਕਦੇ ਕੋਈ ਗਾਉਂਦਾ ਸੀ:
ਬੱਲੇ-ਬੱਲੇ ਬਈ ਕਣਕਾਂ ਜੁਆਨੀ ਚੜ੍ਹੀਆਂ
ਸਰੋਂ ਬੁੰਦੀਆਂ ਮੇਲ੍ਹਦੀ ਆਵੇ…
ਸੱਚੀ ਗੱਲ ਤਾਂ ਇਹ ਹੈ ਕਿ ਹੁਣ ਕਣਕ ਵੱਢਣ ਲਈ ਦਾਤੀ ਦੀ ਲੋੜ ਨਹੀਂ ਰਹੀ…ਅਜੋਕੀ ਸੁਆਣੀ ਦੇ ਹੱਡਾਂ ਵਿੱਚ ਅਰਾਮ ਰਚ ਗਿਆ ਹੈ। ਉਸ ਵਿੱਚ ਹਿੰਮਤ ਨਹੀਂ ਰਹੀ ਕਿ ਉਹ ਮਰਦ ਨੂੰ ਕਹੇ ਕਿ ਚੱਲ ਖੇਤ ਚੱਲੀਏ ਤੇ ਹੱਥੀਂ ਕਿਰਤ ਕਰੀਏ! ਭਈਏ ਬਹੁਤ ਹਨ। ਕੰਬਾਈਨ ਆਈ ਤੇ ਪਲੋ-ਪਲੀ ਵੱਢ ਕੇ ਅਹੁ ਗਈ। ਤੂੜੀ ਬਣਾਉਣ ਜੋਕਰਾ ਮਸਾਲਾ ਮਗਰ ਛੱਡ ਗਈ ਹੈ, ਆਪੇ ਮਗਰੋਂ ਬਣਦੀ ਰਹੇਗੀ ਤੂੜੀ! ਹੁਣ ਸਵਾਣੀ ਨੂੰ ਨਾ ਮਗਰ ਜੱਟ ਦਾ ਭੱਤਾ ਲੈ ਕੇ ਜਾਣ ਦੀ ਲੋੜ ਹੈ…ਆਪੇ ਮੁੰਡਾ ਕਾਰ ਜਾਂ ਮੋਟਰ-ਸਾਈਕਲ ‘ਤੇ ਦੇ ਆਵੇਗਾ ‘ਪਾਪਾ ਲਈ ਫੂਡ’…ਤੇ ਨਾ ਹੀ ਹੁਣ ਇਹ ਗੀਤ ਗਾਉਣ ਦੀ ਲੋੜ ਹੈ:
ਹਾੜੀ ਵੱਢੂੰਗੀ ਬਰਾਬਰ ਤੇਰੇ
ਦਾਤੀ ਨੂੰ ਲਵਾ ਦੇ ਘੁੰਗਰੂ…
ਬਜ਼ਾਰਾਂ ਵਿੱਚ ਦਾਤੀਆਂ ਟੰਗੀਆਂ ਪਈਆਂ ਹਨ। ਦੁਕਾਨਦਾਰ ਗਾਹਕ ਦਾ ਰਾਹ ਦੇਖਦਾ ਹੈ, ਕੋਈ ਅੜਿਆ-ਥੁੜਿਆ ਹੀ ਦਾਤੀ ਲੈਣ ਆਇਆ ਹੈ। ਘੁੰਗਰੂ ਕੀ ਕਰਨੇ ਨੇ ਕਿਸੇ ਨੇ?ਕਿਸ ਨੂੰ ਸੁਰਤ ਹੈ ਤੇ ਕਿਸਦੀ ਸੋਚ ਹੈ ਕਿ ਘੁੰਗਰੂ ਬੰਨਣ੍ਹੇ ਹਨ ਦਾਤੀ ਨਾਲ? ਵੇਲੇ ਬੀਤ ਗਏ ਨੇ ਬੜੀ ਤੇਜ਼ੀ ਨਾਲ। ਕਿਸਾਨ ਅਕਾਸ਼ ਵੱਲ ਦੇਖਦਾ ਹੈ। ਬੱਦਲ ਵਾਈ ਦਿਲ ਨੂੰ ਹੌਲ ਪਾਉਂਦੀ ਹੈ। ਹਨੇਰੀ ਸਾਹ ਸੂਤਦੀ ਹੈ। ਤੇਜ਼ ਹਨੇਰੀਆਂ ਤੇ ਮੀਹਾਂ ਦੀ ਵਿਛਾਈ ਕਣਕ ਹਾਲੇ ਨਹੀਂ ਉੱਠੀ…ਉਂਜ ਦੀ ਉਂਜ ਵੱਢਣੀ ਪਵੇਗੀ… ਏਸ ਡਿੱਗੀ ਹੋਈ ਕਣਕ ਦਾ ਝਾੜ ਪੂਰਾ ਨਹੀਂ ਹੋਣਾ। ਸਪਰੇ, ਖਾਦ, ਪਾਣੀ ਤੇ ਤੇਲ ਦੇ ਪੈਸੇ ਵੀ ਪੂਰੇ ਨਹੀਂ ਹੋਣੇ ਇੰਝ ਤਾਂ! 2016 ਤੇ 17 ਦੋਵੇਂ ਸਾਲ ਕਿਸਾਨਾਂ ਦੀਆਂ ਖੁਦਕਸ਼ੀਆਂ ਭਰੇ ਰਹੇ।
ਡਾਹਢੇ ਹੱਥ ਡੋਰ ਤੇ ਉਹਦੇ ਅੱਗੇ ਕਾਹਦਾ ਜ਼ੋਰ? ਆਪਣੀ ਡਾਇਰੀ ਦੇ ਪੰਨੇ ਲਿਖਦਿਆਂ ਸੋਚਦਾ ਹਾਂ ਕਿ ਕਿਸਾਨ ਦੀ ਕਿਸਮਤ ਲਿਖਣ ਵੇਲੇ ਰੱਬ ਨੇ ਪਤਾ ਨਹੀਂ ਕਿਉਂ ਕੁਰੱਖਤ ਜਿਹੀ ਨਿੱਬ ਵਾਲੀ ਕਲਮ ਚੁੱਕ ਲਈ! ਹੁਣੇ ਹੁਣੇ ਕਿਸਾਨਾਂ ਦੀਆਂ ਖੁਦਕਸੀਆਂ ਉਤੇ ਅਧਾਰਤ ਫਿਲਮ ‘ਅਸਲੀ ਪੰਜਾਬ’ ਦੇ ਕਲਾਕਾਰ ਤੇ ਪੇਸ਼ਕਾਰ ਮੈਨੂੰ ਮਿਲਣ ਆਏ ਸਨ। ਇਹ ਫ਼ਿਮ 21 ਅਪਰੈਲ ਨੂੰ ਰਿਲੀਜ਼ ਹੋਣੀ ਹੈ। ਆਸ ਹੈ ਕਿ ਅਵਤੇਸ਼ ਬਰਾੜ ਦੀ ਮਿਹਨਤ ਰੰਗ ਲਿਆਵੇਗੀ। ੲੲੲ
[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …