ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਸਮੇਤ ਦੇਸ਼ ਦੀਆਂ 21 ਵਿਰੋਧੀ ਧਿਰਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਫ਼ੌਜ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਅੱਤਵਾਦ ਖ਼ਿਲਾਫ਼ ਲੜਾਈ ਵਿਚ ਸੁਰੱਖਿਆ ਬਲਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੁਲਵਾਮਾ ਹਮਲੇ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਜਵਾਨਾਂ ਦੀ ਸ਼ਹਾਦਤ ਦਾ ਸਿਆਸੀਕਰਨ ਕੀਤਾ ਹੈ। ਵਿਰੋਧੀ ਧਿਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁਲਕ ਦੇ ਸਵੈਮਾਣ, ਏਕੇ ਤੇ ਹਿੱਤਾਂ ਦੀ ਰੱਖਿਆ ਲਈ ਦੇਸ਼ ਦੇ ਲੋਕਾਂ ਨੂੰ ਜਵਾਬਦੇਹ ਹੈ ਤੇ ਦੇਸ਼ ਵਾਸੀਆਂ ਨੂੰ ਭਰੋਸੇ ਵਿਚ ਲਿਆ ਜਾਣਾ ਚਾਹੀਦਾ ਹੈ। ਵਿਰੋਧੀ ਧਿਰਾਂ ਨੇ ਦੇਸ਼ ਵਿਚ ਬਣੀ ਹੰਗਾਮੀ ਸਥਿਤੀ ‘ਤੇ ਚਿੰਤਾ ਜ਼ਾਹਿਰ ਕੀਤੀ। ਇਸ ਮੌਕੇ ਜਾਰੀ ਕੀਤਾ ਸਾਂਝਾ ਬਿਆਨ ਪੜ੍ਹਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਕਿ ਵੱਲੋਂ ਭਾਰਤੀ ਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ, ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਣ ਤੇ ਪਾਇਲਟ ਨੂੰ ਹਿਰਾਸਤ ਵਿਚ ਲੈਣ ਦੀ ਨਿਖੇਧੀ ਕੀਤੀ। ਸਾਂਝੇ ਬਿਆਨ ਵਿਚ ਪਾਕਿ ਵੱਲੋਂ ਅੱਤਵਾਦ ਨੂੰ ਸ਼ਹਿ ਦਿੱਤੇ ਜਾਣ ਦੀ ਨਿਖੇਧੀ ਕੀਤੀ ਗਈ। ਵਿਰੋਧੀ ਦਲਾਂ ਨੇ ਕਿਹਾ ਕਿ ਉਹ ਅੱਤਵਾਦ ਖ਼ਿਲਾਫ਼ ਫ਼ੈਸਲਾਕੁਨ ਲੜਾਈ ਵਿਚ ਆਪਣੇ ਸੁਰੱਖਿਆ ਬਲਾਂ ਤੇ ਸੈਨਾ ਪ੍ਰਤੀ ਇਕਜੁੱਟਤਾ ਦਾ ਅਹਿਦ ਦੁਹਰਾਉਂਦੇ ਹਨ। ਸੰਸਦ ਦੀ ਲਾਇਬਰੇਰੀ ਬਿਲਡਿੰਗ ਵਿਚ ਹੋਈ ਇਸ ਬੈਠਕ ਵਿਚ ਯੂਪੀਏ ਪ੍ਰਮੁੱਖ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੇ ਸੀਨੀਅਰ ਆਗੂ ਅਹਿਮਦ ਪਟੇਲ, ਏ.ਕੇ ਐਂਟਨੀ ਤੇ ਗੁਲਾਮ ਨਬੀ ਆਜ਼ਾਦ, ਤੇਲਗੂ ਦੇਸਮ ਪਾਰਟੀ ਦੇ ਮੁਖੀ ਐੱਨ. ਚੰਦਰਬਾਬੂ ਨਾਇਡੂ, ਤ੍ਰਿਣਮੂਲ ਕਾਂਗਰਸ ਆਗੂ ਮਮਤਾ ਬੈਨਰਜੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਐੱਮ) ਦੇ ਸੀਤਾਰਾਮ ਯੇਚੁਰੀ, ਸੀਪੀਆਈ ਦੇ ਸੁਧਾਕਰ ਰੈੱਡੀ, ਲੋਕਤੰਤਰਿਕ ਜਨਤਾ ਦਲ ਦੇ ਸ਼ਰਦ ਯਾਦਵ, ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ ਤੇ ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਸ਼ਾਮਲ ਹੋਏ। ਇਸ ਤੋਂ ਇਲਾਵਾ ‘ਆਪ’ ਦੇ ਸੰਜੈ ਸਿੰਘ, ਝਾਰਖੰਡ ਮੁਕਤੀ ਮੋਰਚਾ ਦੇ ਸ਼ਿਬੂ ਸੋਰੇਨ ਵੀ ਹਾਜ਼ਰ ਸਨ। ਸਮਾਜਵਾਦੀ ਪਾਰਟੀ ਨੇ ਇਸ ਮੀਟਿੰਗ ਵਿਚ ਹਿੱਸਾ ਨਹੀਂ ਲਿਆ।
Check Also
ਸ਼ਿਮਲਾ ’ਚ ਹਲਕੀ ਬਰਫਬਾਰੀ-ਸੈਲਾਨੀ ਖੁਸ਼
ਸ਼ਿਮਲਾ ਵਿੱਚ ਹੋਈ ਸੀਜ਼ਨ ਦੀ ਦੂਜੀ ਹਲਕੀ ਬਰਫਬਾਰੀ ਸ਼ਿਮਲਾ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ …