Breaking News
Home / ਕੈਨੇਡਾ / ਪੰਜਾਬ ਦੀ ਖ਼ੁਸ਼ਹਾਲੀ ਤੇ ਤਰੱਕੀ ਲਈ ਪੂਰੇ ਆਸਵੰਦ ਹਨ ਪਰਵਾਸੀ ਪੰਜਾਬੀ

ਪੰਜਾਬ ਦੀ ਖ਼ੁਸ਼ਹਾਲੀ ਤੇ ਤਰੱਕੀ ਲਈ ਪੂਰੇ ਆਸਵੰਦ ਹਨ ਪਰਵਾਸੀ ਪੰਜਾਬੀ

ਚੋਣ-ਨਤੀਜੇ ਵੇਖਣ ਲਈ ‘ਆਪ’ ਸਮੱਰਥਕਾਂ ਦਾ ਚਾਂਦਨੀ ਬੈਂਕੁਇਟ ਹਾਲ ਵਿਚ ਹੋਇਆ ਭਾਰੀ ਇਕੱਠ
ਬਰੈਂਪਟਨ/ਡਾ. ਝੰਡ : ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਚਾਰ ਹੋਰ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੇ ਨਾਲ 10 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 8.00 ਵਜੇ ਸ਼ੁਰੂ ਹੋਈ ਅਤੇ ਕੈਨੇਡਾ ਦੇ ਟੋਰਾਂਟੋ ਏਰੀਏ ਵਿਚ ਉਦੋਂ 9 ਮਾਰਚ ਦੀ ਰਾਤ ਦੇ 9.30 ਵੱਜੇ ਸਨ। ਬਰੈਂਪਟਨ ਵਿਚ ਆਮ ਆਦਮੀ ਪਾਰਟੀ ਦੇ ਸਮੱਰਥਕਾਂ ਵੱਲੋਂ 125 ਕਰਾਈਸਲਰ ਰੋਡ ਸਥਿਤ ‘ਚਾਂਦਨੀ ਬੈਂਕੁਇਟ ਹਾਲ’ ਵਿਚ ਇਹ ਚੋਣ-ਨਤੀਜੇ ਸਮੂਹਿਕ ਰੂਪ ਵਿਚ ਵੇਖਣ ਦਾ ਪ੍ਰੋਗਰਾਮ ਉਲੀਕਿਆ ਗਿਆ। ਪ੍ਰਬੰਧਕੀ ਟੀਮ ਦੀ ਅਗਵਾਈ ਸੁਦੀਪ ਸਿੰਗਲਾ ਕਰ ਰਹੇ ਸਨ ਜਿਸ ਵਿਚ ਗੁਰਦੀਪ ਢਿੱਲੋਂ, ਰਾਣੀ ਕੋਹੇਨੂਰ ਅਤੇ ਅਨੁਰਾਗ ਸ੍ਰੀਵਾਸਤਵਾ ਸ਼ਾਮਲ ਸਨ। ਦਰਅਸਲ, 7 ਮਾਰਚ ਦੀ ਰਾਤ ਨੂੰ ਵੱਖ-ਵੱਖ ਟੀ.ਵੀ. ਚੈਨਲਾਂ ਉੱਪਰ ਆਏ ‘ਐਗਜ਼ਿਟ-ਪੋਲ ਸਰਵਿਆਂ’ ਤੋਂ ‘ਆਪ’ ਵੱਲੋਂ ਬਹੁਮਤ ਲਿਜਾਣ ਦੀ ਆਪ ਦੇ ਇਨਾਂ ਸਮੱਰਥਕਾਂ ਨੂੰ ਪੂਰੀ ਆਸ ਸੀ ਜਿਨਾਂ ਵਿਚ ਇਸ ਪਾਰਟੀ ਨੂੰ 65 ਤੋਂ 100 ਸੀਟਾਂ ਤੱਕ ਲਿਜਾਣ ਦੀ ਗੱਲ ਕੀਤੀ ਗਈ ਸੀ। ਚੋਣ ਨਤੀਜੇ ਵੇਖਣ ਲਈ ਲੋਕ ਸਾਢੇ ਨੌਂ ਵਜੇ ਹੀ ਇਸ ਬੈਂਕੁਇਟ ਹਾਲ ਵਿਚ ਆਉਣੇ ਸ਼ੁਰੂ ਹੋ ਗਏ ਅਤੇ 10 ਕੁ ਵਜੇ ਤੱਕ ਹਾਲ ਲੱਗਭੱਗ ਪੂਰਾ ਭਰ ਚੁੱਕਾ ਸੀ। ਹਾਲ ਵਿਚ ਬੀਬੀਆਂ ਦੀ ਗਿਣਤੀ ਵੀ ਚੋਖੀ ਸੀ ਅਤੇ ਉਨ੍ਹਾਂ ਦੇ ਨਾਲ ਬੱਚੇ ਵੀ ਵੱਡੀ ਗਿਣਤੀ ਵਿਚ ਆਏ ਹੋਏ ਸਨ। ਹਾਲ ਵਿਚ ਪ੍ਰਬੰਧਕਾਂ ਵੱਲੋਂ ਦੋ ਵੱਡੀਆਂ ਸਕਰੀਨਾਂ ਉੱਪਰ ਇਹ ਚੋਣ-ਨਤੀਜੇ ਵਿਖਾਉਣ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਚਾਹ-ਪਾਣੀ ਤੇ ਖਾਣ-ਪੀਣ ਦਾ ਵੀ ਸੁਚੱਜਾ ਪ੍ਰਬੰਧ ਵੀ ਸੀ। ਗਰਮਾ-ਗਰਮ ਚਾਹ ਅਤੇ ਸਨੈਕਸ ਸਵੇਰ ਦੇ ਤਿੰਨ ਵਜੇ ਤੱਕ ਚੱਲਦੇ ਰਹੇ। ਜਿਉਂ ਹੀ ਚੋਣ-ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ, ਸੱਭਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋਣ ਲੱਗ ਪਈਆਂ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ‘ਐਗਜ਼ਿਟ-ਪੋਲ ਸਰਵਿਆਂ’ ਉੱਪਰ ਪੂਰਾ ਵਿਸ਼ਵਾਸ ਨਹੀ ਸੀ ਅਤੇ 2017 ਦੀਆਂ ਅਸੈਂਬਲੀ ਚੋਣਾਂ ਵਿਚ ਇਸ ਪਾਰਟੀ ਨਾਲ ਇਹ ઑਭਾਣਾ਼ ਵਾਪਰ ਵੀ ਚੁੱਕਾ ਸੀ। ਜਿਵੇਂ-ਜਿਵੇਂ ‘ਆਪ’ ਦੇ ਉਮੀਦਵਾਰਾਂ ਦੇ ਹੋਰਨਾਂ ਦੇ ਨਾਲੋਂ ਅੱਗੇ ਹੋਣ ਦੇ ਰੁਝਾਨ ਵੱਧਦੇ ਗਏ, ਹਾਲ ਵਿਚ ਤਾੜੀਆਂ ਦੀ ਗੂੰਜ ਵੀ ਨਾਲੋ-ਨਾਲ ਉੱਚੀ ਹੁੰਦੀ ਗਈ। ਲੋਕਾਂ ਨੇ ਜਦੋਂ ਵੇਖਿਆ ਕਿ ”ਉੱਤਰ ਕਾਂਟੋ ਮੈਂ ਚੜਾਂ” ਵਾਂਲੀਆਂ ਪਾਰਟੀਆਂ ਦਾ ਸਮਾਂ ਸਮਾਪਤੀ ਦੇ ਕੰਢੇ ‘ਤੇ ਆ ਗਿਆ ਹੈ ਤਾਂ ਤਾੜੀਆਂ ਦੀ ਇਹ ਗੜਗੜਾਹਟ ਹੋਰ ਉਚੇਰੀ ਹੋ ਗਈ।
ਇਸ ਦੇ ਨਾਲ ਹੀ ਬਰੈਂਪਟਨ ਦੇ ਸੁਰੀਲੇ ਗਾਇਕ ਜਿੰਦ ਧਾਲੀਵਾਲ ਨੇ ਮਾਈਕ ਫੜ ਕੇ ਪੰਜਾਬ ਦਾ ਪਿਛਲੇ 15 ਸਾਲਾਂ ਦਾ ઑਰਾਜਨੀਤਕ ਹਾਲ਼, ਖ਼ਾਸ ਕਰਕੇ ‘ਪੰਜਾਬ ਨੂੰ ਕੈਲੇਫ਼ੋਰਨੀਆ ਬਨਾਉਣ ਵਾਲਾ ਅਧਿਆਇ’ ਅਤੇ ਇੱਥੇ ’25 ਸਾਲ ਰਾਜ ਕਰਨ ਦਾ ਵੱਡਾ ਸੁਪਨਾ਼’ ਖ਼ੂਬਸੂਰਤ ਗੀਤਾਂ ਦੇ ਰੂਪ ਵਿਚ ਬਿਆਨਣਾ ਆਰੰਭ ਕਰ ਦਿੱਤਾ ਜਿਸ ਨਾਲ ਸਾਰਾ ਹਾਲ ਇਕ ਵਾਰ ਫਿਰ ਤਾੜੀਆਂ ਨਾਲ ਗੂੰਜ ਉੱਠਿਆ। ਸਕਰੀਨਾਂ ਉੱਪਰ ਜਦੋਂ ‘ਪਟੇ’ ਵਾਲੇ ਪਟਿਆਲੇ ਦੇ ਮਹਾਰਾਜੇ ਦਾ ਸਿਆਸੀ ਸੂਰਜ ਡੁੱਬਦਾ ਵਿਖਾਈ ਦਿੱਤਾ ਤਾਂ ઑਆਪ਼ ਦੇ ਸਰਗ਼ਰਮ ਸਮੱਰਥਕ ਕੈਪਟਨ ਇਕਬਾਲ ਸਿੰਘ ਵਿਰਕ ਜਿਨ੍ਹਾਂ ਨੇ ਦੇਸ਼ ਦੇ ਲਈ ਚਾਰ ਜੰਗਾਂ ਲੜੀਆਂ ਅਤੇ 81 ਸਾਲ ਦੀ ਉਮਰ ਵਿਚ ਅਜੇ ਵੀ ਹਰ ਤਰਾਂ ਦੀ ਲੜਾਈ ਲੜਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ, ਨੇ ਸਟੇਜ ‘ਤੇ ਆ ਕੇ ਮਾਈਕ ਸੰਭਾਲ ਲਿਆ।
ਉਨ੍ਹਾਂ ਸੰਖੇਪ ਵਿਚ 1762 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਪਰ ਹਮਲੇ ਸਮੇਂ ਪਟਿਆਲਾ ਰਿਆਸਤ ਵੱਲੋਂ ਉਸ ਦੇ ਕੋਲ ਨਜ਼ਰਾਨੇ ਲੈ ਕੇ ਜਾਣ ਅਤੇ ਮਾਝੇ ਤੇ ਦੁਆਬੇ ਦੇ 40,000 ਜਰਨੈਲਾਂ ਨੂੰ ਅਬਦਾਲੀ ਕੋਲ ਚੁਗਲੀ ਕਰਕੇ ઑਰਹੀੜੇ਼ ਪਿੰਡ ਵਿਚ ਮਰਵਾਉਣ ਅਤੇ ਅਬਦਾਲੀ ਕੋਲੋਂ ਇਨਾਮ ਲੈਣ ਦਾ ਹਾਲ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਵੱਲੋਂ ਕੀਤੀ ਗਈ ‘ਤੁਕ-ਬੰਦੀ’ ਵੀ ਸੁਣਾਈ ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਲਾਹਿਆ ਗਿਆ। ਜਦੋਂ ਸਕਰੀਨਾਂ ‘ਤੇ 92 ਸੀਟਾਂ ਉੱਪਰ ‘ਆਪ’ ਦੇ ਅੱਗੇ ਚੱਲਣ ਦੀ ਖ਼ਬਰ ਆਈ ਤਾਂ ਜਾਲ ਵਿਚ ਢੋਲ ਵੱਜਣੇ ਅਤੇ ਭੰਗੜੇ ਪੈਣੇ ਸ਼ੁਰੂ ਹੋ ਗਏ। ਹਾਲ ਵਿਚ ਬੈਠੇ ਲੋਕਾਂ ਨੂੰ ਪਤਾ ਈ ਨਾ ਲੱਗਾ ਕਿ ਇਹ ਢੋਲਚੀ ਇਕਦੰਮ ਕਿੱਥੋਂ ਆ ਗਏ। ਢੋਲ ਦੇ ਡੱਗਿਆਂ ਉੱਪਰ ਬੀਬੀਆਂ ਨੇ ਵੀ ਨੱਚ ਕੇ ਖ਼ੂਬ ਧਮਾਲਾਂ ਪਾਈਆਂ ਅਤੇ ਉਨ੍ਹਾਂ ਦੇ ਨਾਲ ਬੱਚੇ ਵੀ ਪੂਰੇ ਰੌਂਅ ਵਿਚ ਨੱਚ ਨੱਚ ਕੇ ਧਮਾਲਾਂ ਪਾ ਰਹੇ ਸਨ। ਇਸ ਭੰਗੜੇ ਤੇ ਨਾਚ ਦੀਆਂ ਵੀਡੀਓਜ਼ ਲੋਕ ਫ਼ੋਨਾਂ ਰਾਹੀ ਆਪਣੇ ਸਨੇਹੀਆਂ ਤੇ ਦੋਸਤਾਂ-ਮਿੱਤਰਾਂ ਨਾਲ ਸ਼ੇਅਰ ਕਰ ਰਹੇ ਸਨ। ਹਾਲ ਵਿਚ ‘ਭਾਰਤ ਮਾਤਾ ਕੀ ਜੈ’, ‘ਆਮ ਆਦਮੀ ਪਾਰਟੀ ਜ਼ਿੰਦਾਬਾਦ’, ‘ਭਗਵੰਤ ਮਾਨ ਜ਼ਿੰਦਾਬਾਦ’ ਅਤੇ ‘ਕੇਜਰੀਵਾਲ ਜ਼ਿੰਦਾਬਾਦ’, ‘ਪੰਜਾਬੀ ਵੋਟਰ ਜ਼ਿੰਦਾਬਾਦ’ ਦੇ ਨਾਅਰੇ ਲੱਗ ਰਹੇ ਸਨ। ਇਹ ਸਿਲਸਿਲਾ ਤੜਕੇ 2.30 ਵਜੇ ਤੱਕ ਚੱਲਦਾ ਰਿਹਾ ਅਤੇ ਇਕ ਵੱਡਾ ਸਾਰਾ ਕੇਕ ਕੱਟ ਕੇ ਲੱਗਭੱਗ ਤਿੰਨ ਵਜੇ ਇਸ ਜਸ਼ਨ ਦੀ ਸਮਾਪਤੀ ਕੀਤੀ ਗਈ। ਸੁਦੀਪ ਸਿੰਗਲਾ ਨੇ ਆਏ ਹੋਏ ਸਮੂਹ ਸਮੱਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੜੀ ਵੱਡੀ ਗੱਲ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਏਨੇ ਵੱਡੇ ਬਹੁਮਤ ਨਾਲ ਜਿਤਾਇਆ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …