1.7 C
Toronto
Wednesday, January 7, 2026
spot_img
Homeਕੈਨੇਡਾਸਾਹਿਤ ਵਿਚਲੇ ਪੱਖ-ਪਾਤ ਸਬੰਧੀ ਕਾਫ਼ਲੇ ਵੱਲੋਂ ਅਹਿਮ ਫ਼ੈਸਲੇ ਲਏ ਗਏ

ਸਾਹਿਤ ਵਿਚਲੇ ਪੱਖ-ਪਾਤ ਸਬੰਧੀ ਕਾਫ਼ਲੇ ਵੱਲੋਂ ਅਹਿਮ ਫ਼ੈਸਲੇ ਲਏ ਗਏ

ਸੰਤੁਲਿਤ ਵਿਸ਼ਲੇਸ਼ਣਾਂ ਲਈ ਕਦਮ ਚੁੱਕੇਗਾ ਕਾਫਲਾ
ਟੋਰਾਂਟੋ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਵੱਲੋਂ ਪਿਛਲੇ ਦਿਨੀਂ ਕੀਤੀ ਗਈ ਮੀਟਿੰਗ ਵਿੱਚ ਜਿੱਥੇ ਕਾਫ਼ਲੇ ਦੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ, ਉਥੇ ਸਾਹਿਤਕ ਖੇਤਰ ਵਿੱਚ ਹੋ ਰਹੇ ਪੱਖਪਾਤੀ ਖਿਲਵਾੜ ਨੂੰ ਨੱਥ ਪਾਉਣ ਅਤੇ ਮਿਆਰੀ ਕੈਨੇਡੀਅਨ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਲੋੜੀਂਦੇ ਕਦਮਾਂ ਬਾਰੇ ਵੀ ਖੁੱਲ੍ਹ ਕੇ ਵਿਚਾਰ ਕੀਤਾ ਗਿਆ। ਨਿਰਣਾ ਕੀਤਾ ਗਿਆ ਕਿ ਜਿੱਥੇ ਭਾਰਤ ਵਿੱਚ ਬੈਠੇ ਜ਼ਿੰਮੇਂਵਾਰ ਬੁੱਧੀਜੀਵੀਆਂ ਵੱਲੋਂ ਨਿੱਜੀ ਮੁਫਾਦਾਂ ਖ਼ਾਤਰ ਕਿਤਾਬਾਂ ਦੀ ਕੀਤੀ ਜਾ ਰਹੀ ਗੁੰਮਰਾਹਕੁੰਨ ਚਰਚਾ ਦਾ ਨੋਟਿਸ ਲਿਆ ਜਾਵੇਗਾ ਓਥੇ ਲੋੜ ਨੂੰ ਸਮਝਦਿਆਂ ਹੋਇਆਂ ਕਾਫ਼ਲੇ ਦੀਆਂ ਮੀਟਿੰਗਾਂ ਦੇ ਫੌਰਮੈਟ ਨੂੰ ਬਦਲ ਕੇ ਕੈਨੇਡਾ ਭਰ ਵਿੱਚ ਛਪਣ ਵਾਲ਼ੇ ਮਿਆਰੀ ਸਾਹਿਤ ‘ਤੇ ਚਰਚਾ ਦਾ ਕੰਮ ਆਰੰਭਿਆ ਜਾਵੇਗਾ ਅਤੇ ਮੀਟਿੰਗਾਂ ਵਿੱਚ ਮਿਆਰੀ ਆਲੋਚਨਾ ਦੀ ਪਿਰਤ ਨੂੰ ਮੁੜ ਬਹਾਲ ਕੀਤਾ ਜਾਵੇਗਾ।
ਪਿਛਲੇ ਦਿਨੀਂ ਅਚਾਨਕ ਵਿਛੋੜਾ ਦੇ ਗਏ ਜਸਵਿੰਦਰ ਸਿੰਘ ਬਾਰੇ ਗੱਲ ਕਰਦਿਆਂ ਕੁਲਵਿੰਦਰ ਖਹਿਰਾ ਨੇ ਦੱਸਿਆ ਕਿ ਹਰ ਸਾਹਿਤਕ ਅਤੇ ਸਮਾਜੀ ਸਮਾਗਮ ਵਿੱਚ ਤਹਿਦਿਲੋਂ ਸਰਗਰਮੀ ਨਾਲ਼ ਸ਼ਾਮਲ ਹੋਣ ਵਾਲਾ ਜਸਵਿੰਦਰ ਸਿੰਘ ਬੇਸ਼ੱਕ ਕਦੀ ਵੀ ਸਟੇਜ ‘ਤੇ ਨਹੀਂ ਸੀ ਬੋਲਿਆ ਅਤੇ ਨਾ ਹੀ ਕਿਸੇ ਕਿਸਮ ਦੀ ਪ੍ਰਸਿੱਧੀ ਲਈ ਯਤਨ ਕਰਦਾ ਵੇਖਿਆ ਗਿਆ ਸੀ ਪਰ ਉਹ ਖੁਦ ਸਾਹਿਤ ਨਾਲ਼ ਜੁੜਿਆ ਹੋਇਆ ਵੀ ਸੀ ਅਤੇ ਆਪਣੇ ਸਵੈ-ਜੀਵਨੀਨੁਮਾ ਨਾਵਲ ‘ਤੇ ਕੰਮ ਵੀ ਕਰ ਰਿਹਾ ਸੀ। ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਗੀਤਕਾਰ ਸੁਖਮਿੰਦਰ ਰਾਮਪੁਰੀ ਬਾਰੇ ਬੋਲਦਿਆਂ ਮੇਜਰ ਮਾਂਗਟ ਨੇ ਦੱਸਿਆ ਕਿ ਅਥਲੀਟ ਤੋਂ ਲੇਖਕ ਬਣੇ ਸੁਖਮਿੰਦਰ ਰਾਮਪੁਰੀ ਨੇ ਆਪਣੀ ਅਣਥੱਕ ਮਿਹਨਤ ਅਤੇ ਰਿਆਜ਼ ਨਾਲ਼ ਸਾਹਿਤ ਰਚਨਾ ਤੋਂ ਲੈ ਕੇ ਸੁਰੀਲੀ ਆਵਾਜ਼ ਵਿੱਚ ਗਾਉਣ ਵਿੱਚ ਵੀ ਆਪਣਾ ਨਾਂ ਕਮਾਇਆ। ਕੁਝ ਦੇਰ ਪਹਿਲਾਂ ਵਿੱਛੜ ਗਏ ਸਾਹਿਤਕਾਰ ਅਤੇ ਇਤਿਹਾਸਕਾਰ ਜੋਗਿੰਦਰ ਸ਼ਮਸ਼ੇਰ ਬਾਰੇ ਜਾਣ-ਪਛਾਣ ਦਿੰਦਿਆਂ ਜਿੱਥੇ ਕੁਲਵਿੰਦਰ ਖਹਿਰਾ ਨੇ ਦੱਸਿਆ ਕਿ ਸ਼ਮਸ਼ੇਰ ਜੀ ਨੇ ਕੈਨੇਡਾ ਵਿੱਚ ਰਹਿੰਦਿਆਂ ਮੈਨੀਟੋਬਾ ਦੇ ਪੰਜਾਬੀ ਸਾਹਿਤ ਬਾਰੇ ਲਿਖਿਆ ਓਥੇ ”ਮੈਨੀਟੋਬਾ ਦਾ ਇਤਿਹਾਸ” ਕਿਤਾਬ ਵਿੱਚ ਕੈਨੇਡਾ ਦੇ ਆਦਿਵਾਸੀਆਂ ਦੇ ਇਤਿਹਾਸ ਨੂੰ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਸਾਹਿਤ ਦਾ ਬਹੁਤ ਹੀ ਮਾਣ ਵਧਾਇਆ ਅਤੇ ਪੰਜਾਬੀਆਂ ਨੂੰ ਇਸ ਧਰਤੀ ‘ਤੇ ਹੋਏ ਅੱਤਿਆਚਾਰਾਂ ਤੋਂ ਜਾਣੂੰ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਕਾਫ਼ਲਾ ਸੰਚਾਲਕ ਪਰਮਜੀਤ ਦਿਓਲ ਵੱਲੋਂ ਜਿੱਥੇ ਹਾਜ਼ਰ ਲੇਖਕਾਂ ਦਾ ਧੰਨਵਾਦ ਕੀਤਾ ਗਿਆ ਓਥੇ ਸੰਚਾਲਕਾਂ ਵੱਲੋਂ ਸੁਝਾਏ ਗਏ ਮਤੇ ਨੂੰ ਪਰਵਾਨਗੀ ਦੇਣ ਲਈ ਵੀ ਧੰਨਵਾਦ ਕੀਤਾ ਅਤੇ ਆਪਣੀ ਇੱਕ ਰਚਨਾ ਵੀ ਸਾਂਝੀ ਕੀਤੀ। ਇਸ ਤੋਂ ਇਲਾਵਾ ਰਿੰਟੂ ਭਾਟੀਆ, ਜਸਵਿੰਦਰ ਸੰਧੂ, ਪਿਆਰਾ ਸਿੰਘ ਕੁੱਦੋਵਾਲ, ਮਨਮੋਹਨ ਸਿੰਘ ਗੁਲਾਟੀ, ਗਿਆਨ ਸਿੰਘ ਦਰਦੀ, ਰਛਪਾਲ ਕੌਰ ਗਿੱਲ, ਡਾਕਟਰ ਜਗਦੀਸ਼ ਚੋਪੜਾ ਆਦਿ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ। ਗਿਆਨ ਸਿੰਘ ਦਰਦੀ ਅਤੇ ਪਰਮਜੀਤ ਢਿੱਲੋਂ ਵੱਲੋਂ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ।

 

RELATED ARTICLES
POPULAR POSTS