ਬਰੈਂਪਟਨ/ਡਾ.ਝੰਡ : ਜੂਨ ਮਹੀਨੇ ਵਿਚ ਸਦੀਵੀ-ਵਿਛੋੜਾ ਦੇ ਗਈਆਂ ਦੋ ਮਹਾਨ ਸਾਹਿਤਕ ਤੇ ਰੰਗਕਰਮੀ ਸ਼ਖ਼ਸੀਅਤਾਂ ਇਕਬਾਲ ਰਾਮੂਵਾਲੀਆ ਅਤੇ ਅਜਮੇਰ ਸਿੰਘ ਔਲਖ ਦੀ ਨਿੱਘੀ ਯਾਦ ਨੂੰ ਸਮੱਰਪਿਤ ਸਾਂਝਾ ਸ਼ਰਧਾਂਜਲੀ ਸਮਾਗਮ ਲੰਘੇ ਐਤਵਾਰ 30 ਜੁਲਾਈ ਨੂੰ ਤਰਕਸ਼ੀਲ ਸੋਸਾਇਟੀ ਆਫ਼ ਓਨਟਾਰੀਓ ਵੱਲੋਂ ਸਾਹਿਤਕ ਤੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਰਾਇਲ ਬੈਂਕੁਇਟ ਹਾਲ ਵਿਚ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪ੍ਰਿੰ.ਸਰਵਣ ਸਿੰਘ, ਸੇਵਾ-ਮੁਕਤ ਸੈਸ਼ਨ ਜੱਜ ਅਵਤਾਰ ਸਿੰਘ, ਕਮਿਊਨਿਟੀ ਸੋਸ਼ਲ ਵਰਕਰ ਬਲਦੇਵ ਸਿੰਘ ਮੁੱਤਾ, ਡਾ. ਹਰਦੀਪ ਸਿੰਘ ਅਤੇ ਡਾ.ਭਾਨ ਗਰਗ ਸ਼ਾਮਲ ਸਨ।
ਮੰਚ-ਸੰਚਾਲਕ ਚਰਨਜੀਤ ਬਰਾੜ ਵੱਲੋਂ ਦੋਹਾਂ ਸ਼ਖ਼ਸੀਅਤਾਂ ਬਾਰੇ ਸੰਖੇਪ ਵਿਚ ਦੱਸਣ ਤੋਂ ਬਾਅਦ ਇਕਬਾਲ ਰਾਮੂਵਾਲੀਏ ਦੇ ਪੁਰਾਣੇ ਸਾਥੀ ਪਿਆਰਾ ਸਿੰਘ ਤੂਰ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਕੈਨੇਡਾ ਵਿਚ ਇਕਬਾਲ ਨਾਲ ਆਪਣੀ ਮੁੱਢਲੇ ਦਿਨਾਂ ਦੀ ਸਾਂਝ ਦੀ ਗੱਲ ਕੀਤੀ। ਪ੍ਰਿੰ. ਸਰਵਣ ਸਿੰਘ ਨੇ ਕਵੀ, ਕਹਾਣੀਕਾਰ, ਨਾਵਲਕਾਰ, ਨਾਟਕਕਾਰ ਤੇ ਜੀਵਨੀ ਲੇਖਕ ਇਕਬਾਲ ਰਾਮੂਵਾਲੀਏ ਬਾਰੇ ਆਪਣੇ ਨਿੱਜੀ ਸੰਪਰਕ ਨਾਲ ਜੁੜੀਆਂ ਕਈ ਗੱਲਾਂ ਕੀਤੀਆਂ। ਉਨ੍ਹਾਂ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਨਾਲ ਸਬੰਧਿਤ ਯਾਦਾਂ ਵੀ ਸਾਂਝੀਆਂ ਕੀਤੀਆਂ। ਬਲਦੇਵ ਸਿੰਘ ਮੁੱਤਾ ਨੇ ਆਪਣੇ ਸੰਬੋਧਨ ਵਿਚ ਇਕਬਾਲ ਨਾਲ ਸਾਂਝੇ ਕਮਿਊਨਿਟੀ ਪ੍ਰਾਜੈੱਕਟਾਂ ਬਾਰੇ ਦੱਸਿਆ। ਹੀਰਾ ਰੰਧਾਵਾ ਨੇ ਗੁਰਸ਼ਰਨ ਭਾਅ ਜੀ ਅਤੇ ਅਜਮੇਰ ਔਲਖ ਦੇ ਨਾਟਕਾਂ ਦੀ ਗੱਲ ਕਰਦਿਆਂ ਅਜਮੇਰ ਔਲਖ ਨੂੰ ਮਾਲਵੇ ਦਾ ‘ਮਹਾਨ ਨਾਟਕਕਾਰ’ ਕਿਹਾ। ਇੰਜ ਹੀ, ਟੋਰਾਂਟੋ ਦੇ ‘ਰੰਗ-ਮੰਚ ਧਨੀਆਂ’ ਬਲਜਿੰਦਰ ਲੇਲਣਾ ਅਤੇ ਜਸਪਾਲ ਢਿੱਲੋਂ ਨੇ ਬੜੇ ਭਾਵ-ਪੂਰਤ ਸ਼ਬਦਾਂ ਵਿਚ ਦੋਹਾਂ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉੱਘੇ ਲੇਖਕ ਪੂਰਨ ਸਿੰਘ ਪਾਂਧੀ ਨੇ ਇਕਬਾਲ ਦੇ ਪਿਤਾ ਜੀ ਸ਼੍ਰੋਮਣੀ ਕਵੀਸ਼ਰ ਕਰਨੈਲ ਪਾਰਸ ਨਾਲ ਆਪਣੀ ਨੇੜਤਾ ਨੂੰ ਯਾਦ ਕਰਦਿਆਂ ਇਕਬਾਲ ਵੱਲੋਂ ਉਨ੍ਹਾਂ ਨੂੰ ‘ਯਾਰ ਚਾਚਾ’ ਅਤੇ ਕਈ ਵਾਰੀ ਪਿਆਰ ਤੇ ਸਤਿਕਾਰ ਨਾਲ ‘ਬੁੜ੍ਹਿਆ’ ਕਹਿ ਕੇ ਬੁਲਾਉਣ ਦੀ ਵੀ ਗੱਲ ਕਹੀ। ਇਕਬਾਲ ਰਾਮੂਵਾਲੀਏ ਦੀਆਂ ਬੇਟੀਆਂ ਸੁੱਖੀ ਤੇ ਕਿਨੂੰ ਨੇ ਮੰਚ ‘ਤੇ ਹਾਜ਼ਰੀਨ ਨੂੰ ਇਕੱਠਿਆਂ ਸੰਬੋਧਨ ਹੁੰਦਿਆਂ ਆਪੋ ਆਪਣੇ ਸ਼ਬਦਾਂ ਵਿਚ ਆਪਣੇ ਪਾਪਾ ਦੀ ਸੰਗਤ ਵਿਚ ਗੁਜ਼ਾਰੇ ਬਚਪਨ ਦੇ ਦਿਨਾਂ, ਜਵਾਨੀ ਵਿਚ ਪੈਰ ਧਰਦਿਆਂ ਆਪਣੇ ਫ਼ੈਸਲੇ ਖ਼ੁਦ ਲੈਣ ਅਤੇ ਜੀਵਨ ਵਿਚ ਅਡੋਲ ਤੇ ਨਿੱਡਰ ਹੋ ਕੇ ਚੱਲਣ ਦੇ ਪਾਪਾ ਵੱਲੋਂ ਆਏ ਖ਼ੂਬਸੂਰਤ ‘ਸੁਝਾਆਂ’ ਬਾਰੇ ਕਈ ਮਿੱਠੀਆਂ ਯਾਦਾਂ ਤਾਜ਼ਾ ਕੀਤੀਆਂ। ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਡਾ. ਸੁਖਦੇਵ ਸਿੰਘ ਝੰਡ ਨੇ ਇਕਬਾਲ ਰਾਮੂਵਾਲੀਆ ਦੀਆਂ ਹੋਰ ਪੁਸਤਕਾਂ ਨਾਲ ਉਨ੍ਹਾਂ ਦੀ ਸਵੈ-ਜੀਵਨੀ ਦੇ ਦੋ ਭਾਗਾਂ ‘ਸੜਦੇ ਸਾਜ਼ ਦੀ ਸਰਗ਼ਮ’ ਅਤੇ ‘ਬਰਫ਼ ‘ਚੋਂ ਉੱਗਦਿਆਂ’ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਸਵੈ-ਜੀਵਨੀ ਦੇ ਖ਼ੇਤਰ ਵਿਚ ਨਵੀਆਂ ਪੈੜਾਂ ਪਾਈਆਂ ਹਨ। ਉਨ੍ਹਾਂ ਕਿਹਾ ਬੜੇ ਦੁੱਖ ਦੀ ਗੱਲ ਹੈ ਕਿ ਇਸ ਸਵੈ-ਜੀਵਨੀ ਦਾ ਤੀਸਰਾ ਭਾਗ ਜੋ ਅਜੇ ਇਕਬਾਲ ਜੀ ਦੀ ਲਿਖਤ ਅਧੀਨ ਸੀ, ਸਾਨੂੰ ਪੰਜਾਬੀ ਪਾਠਕਾਂ ਨੂੰ ਨਸੀਬ ਨਹੀਂ ਹੋ ਸਕਿਆ।
‘ਸਰੋਕਾਰਾਂ ਦੀ ਆਵਾਜ਼’ ਦੇ ਸੰਪਾਦਕ ਹਰਬੰਸ ਸਿੰਘ ਨੇ ਕਿਹਾ ਜਿਹੜੇ ਲੇਖਕ ਲੋਕਾਂ ਲਈ ਲਿਖਦੇ ਹਨ, ਉਹ ਲੋਕਾਂ ਵਿਚ ਹਮੇਸ਼ਾ ਜਿੰਦਾ ਰਹਿੰਦੇ ਹਨ ਅਤੇ ਦੁਨਿਆਵੀ ਮੌਤ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ। ਉਨ੍ਹਾਂ ਕਿਹਾ ਕਿ ਅਜਮੇਰ ਔਲਖ ਅਤੇ ਇਕਬਾਲ ਰਾਮੂਵਾਲੀਏ ਨੇ ਲੋਕਾਂ ਲਈ ਲਿਖਿਆ ਹੈ ਅਤੇ ਉਹ ਆਪਣੀਆਂ ਪੁਸਤਕਾਂ ਦੇ ਰੂਪ ਵਿਚ ਸਦਾ ਲਈ ਲੋਕਾਂ ਵਿਚ ਮੌਜੂਦ ਰਹਿਣਗੇ। ‘ਪਰਵਾਸੀ’ ਮੀਡੀਏ ਤੋਂ ਰਜਿੰਦਰ ਸੈਣੀ ਨੇ ਦੋਹਾਂ ਸਾਹਿਤਕਾਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹੋਰ ਕਈਆਂ ਤੋਂ ਇਲਾਵਾ ਇਕਬਾਲ ਰਾਮੂਵਾਲੀਆ ਦੀ ਭੈਣ ਕਰਮਜੀਤ ਸੇਖੋਂ, ਉਨ੍ਹਾਂ ਦੇ ਪਰਿਵਾਰਕ ਮੈਂਬਰ ਕੁਲਦੀਪ ਸਿੰਘ ਹੇਅਰ ਅਤੇ ਨੇੜਲੇ ਸਾਥੀਆਂ ਪ੍ਰੋ. ਰਾਮ ਸਿੰਘ ਤੇ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਵੀ ਦੋਹਾਂ ਸਾਹਿਤਕਾਰਾਂ ਨਾਲ ਜੁੜੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ।
ਇਸ ਮੌਕੇ ‘ਕੈਂਸਰ’ ਨਾਂ ਦੀ ਨਾ-ਮੁਰਾਦ ਬੀਮਾਰੀ ਜਿਸ ਨਾਲ 8-10 ਸਾਲ ਲਗਾਤਾਰ ਜੂਝਦਿਆਂ ਇਹ ਦੋਵੇਂ ਮਹਾਨ ਸਾਹਿਤਕਾਰ ਸਾਥੋਂ ਸਦਾ ਲਈ ਵਿੱਛੜ ਗਏ ਹਨ, ਬਾਰੇ ਡਾ.ਹਰਦੀਪ ਸਿੰਘ ਨੇ ਇਸ ਦੇ ਕਾਰਨਾਂ, ਲੱਛਣਾਂ, ਇਸ ਦੀ ਮੁੱਢਲੀ ਜਾਂਚ-ਪੜਤਾਲ ਅਤੇ ਮੌਜੂਦਾ ਪ੍ਰਚੱਲਤ ਡਾਕਟਰੀ ਇਲਾਜ ਬਾਰੇ ਜਾਣਕਾਰੀ ਦਿੱਤੀ। ਏਸੇ ਤਰ੍ਹਾਂ ਡਾ. ਭਾਨ ਗਰਗ ਨੇ ਮੌਤ ਤੋਂ ਬਾਅਦ ਕੰਮ ਆ ਜਾਣ ਬਾਰੇ ਮਨੁੱਖੀ-ਅੰਗਾਂ ਦੇ ਦਾਨ ਬਾਰੇ ਵੱਡਮੁੱਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਦਿਮਾਗ਼ ਤੋਂ ਬਿਨਾਂ ਸਾਡੇ ਸਰੀਰ ਦੇ ਅੱਠ ਮੁੱਖ ਅੰਗ ਅੱਠ ਅਣਮੋਲ ਮਨੁੱਖੀ ਜਾਨਾਂ ਬਚਾਉਣ ਦੇ ਕੰਮ ਆ ਸਕਦੇ ਹਨ ਅਤੇ ਉਨ੍ਹਾਂ ਲੋਕਾਂ ਵਿਚ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਗੱਲ ਕੀਤੀ। ਅਖ਼ੀਰ ਵਿਚ ਪ੍ਰਧਾਨਗੀ-ਮੰਡਲ ਵਿੱਚੋਂ ਸਾਬਕਾ ਸੈਸ਼ਨ ਜੱਜ ਅਵਤਾਰ ਸਿੰਘ ਨੇ ਸਮੁੱਚੇ ਸਮਾਗ਼ਮ ਦੀ ਕਾਰਵਾਈ ਸਮੇਟਦਿਆਂ ਹੋਇਆਂ ਆਏ ਸਾਰੇ ਮਹਿਮਾਨਾਂ ਦਾ ਆਪਣੇ ਵੱਲੋਂ, ਤਰਕਸ਼ੀਲ ਸੋਸਾਇਟੀ ਆਫ਼ ਓਨਟਾਰੀਓ ਵੱਲੋਂ ਤੇ ਵਿੱਛੜੀਆਂ ਰੂਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰੀਨ ਵਿਚ ਇਕਬਾਲ ਰਾਮੂਵਾਲੀਏ ਦੇ ਪਰਿਵਾਰਕ ਮੈਂਬਰਾਂ ਛੋਟੇ ਭਰਾ ਰਛਪਾਲ ਸਿੰਘ, ਪਤਨੀ ਸੁਖਸਾਗਰ, ਭੈਣਾਂ ਕਰਮਜੀਤ ਸੇਖੋਂ ਤੇ ਇੰਦਰਜੀਤ, ਧੀਆਂ ਸੁੱਖੀ ਤੇ ਕਿੰਨੂ ਤੋਂ ਇਲਾਵਾ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਸਰਗ਼ਰਮ ਮੈਂਬਰ ਤਲਵਿੰਦਰ ਮੰਡ, ‘ਸਾਂਝਾ ਪੰਜਾਬ’ ਰੇਡੀਓ ਦੇ ਸੰਚਾਲਕ ਬੌਬ ਦੋਸਾਂਝ, ਸੰਪੂਰਨ ਸਿੰਘ ਚਾਨੀਆਂ ਸਮੇਤ ਸੈਂਕੜੇ ਵਿਅੱਕਤੀ ਸ਼ਾਮਲ ਸਨ।