125 ਤੋਂ ਵਧੇਰੇ ਮੈਂਬਰਾਂ ਤੇ ਮਹਿਮਾਨਾਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 5 ਅਪ੍ਰੈਲ ਨੂੰ ‘ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ’ ਵੱਲੋਂ ਵੈਸਾਖੀ, ਖਾਲਸਾ ਸਾਜਨਾ ਦਿਵਸ, ਸਿੱਖ ਵਿਰਾਸਤੀ ਮਹੀਨਾ ਅਤੇ ਔਟਿਜ਼ਮ ਸਬੰਧੀ ਜਾਗਰੂਕਤਾ ਮਹੀਨਾ ਬਰੈਂਪਟਨ ਦੇ ਪਾਲ ਪਲੈਸ਼ੀ ਕਮਿਊਨਿਟੀ ਸੈਂਟਰ ਵਿਖੇ ਕਲੱਬ ਮੈਂਬਰਾਂ ਵੱਲੋਂ ਸਮੂਹਿਕ ਰੂਪ ਵਿੱਚ ਮਨਾਏ ਗਏ। ਇਸ ਸਮਾਗਮ ਵਿੱਚ ਕਲੱਬ ਦੇ 125 ਤੋਂ ਵਧੀਕ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਸਮਾਗਮ ਦਾ ਆਰੰਭ ਕਲੱਬ ਦੇ ਚੇਅਰਪਰਨ ਗਿਆਨ ਪਾਲ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਦੇ ਸੁਆਗ਼ਤ ਵਿੱਚ ਕਹੇ ਗਏ ਭਾਵਪੂਰਤ ਸ਼ਬਦਾਂ ਨਾਲ ਹੋਇਆ।
ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵੈਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ ਮਹਾਨਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਦਿਨ ਬਹਾਦਰੀ, ਬਰਾਬਰੀ ਅਤੇ ਨਿਸ਼ਕਾਮ-ਸੇਵਾ ਦਾ ਪ੍ਰਤੀਕ ਹੈ। ਉਨ੍ਹਾਂ ਸਿੱਖ ਵਿਰਾਸਤੀ ਮਹੀਨਾ ਮਨਾਉਣ ਲਈ ਸਿੱਖ ਕਮਿਊਨਿਟੀ ਦੇ ਵਿਸ਼ੇਸ਼ ਯੋਗਦਾਨ ਬਾਰੇ ਚਰਚਾ ਕੀਤੀ ਅਤੇ ਇਸਦੇ ਨਾਲ ਹੀ ਔਟਿਜ਼ਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਰੀਜਨਲ ਕੌਂਸਲਰ ਪਾਲ ਵਿਸੰਤੇ ਸਮਾਗ਼ਮ ਵਿੱਚ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਰੋਵੀਨਾ ਸੈਂਤੋਸ ਨੇ ਇਸ ਮੌਕੇ ਵੈਸਾਖੀ ਅਤੇ ਖਾਲਸਾ ਸਾਜਨਾ ਦਿਵਸ ਸਬੰਧੀ ਐੱਫ਼.ਸੀ.ਐੱਫ਼.ਸੀ. ਕਲੱਬ ਨੂੰ ਆਪਣਾ ਲਿਖਤੀ ਸੰਦੇਸ਼ ਭੇਜਿਆ। ਪਾਲ ਵਸੰਤੇ ਨੇ ਇਸ ਮੌਕੇ ਬੋਲਦਿਆਂ ਕਿਹਾ, ”ਐੱਫ਼.ਸੀ.ਐੱਫ਼.ਸੀ. ਕਲੱਬ ਇਸ ਤਰ੍ਹਾਂ ਦੇ ਸਮਾਜਿਕ ਅਤੇ ਸੱਭਿਆਚਾਰ ਮੌਕਿਆਂ ‘ਤੇ ਸ਼ਾਨਦਾਰ ਸਮਾਗ਼ਮ ਰਚਾ ਕੇ ਬਰੈਂਪਟਨ ਵਿੱਚ ਕਮਿਊਨਿਟੀਆਂ ਦੀਆਂ ਆਪਸੀ ਤੰਦਾਂ ਨੂੰ ਮਜ਼ਬੂਤ ਕਰਦੀ ਰਹਿੰਦੀ ਹੈ। ਅਜਿਹੇ ਮੌਕਿਆਂ ‘ਤੇ ਮੈਂਬਰ ਇਕੱਠੇ ਹੋ ਕੇ ਸੱਭਿਆਚਾਰਕ ਜਸ਼ਨ ਮਨਾਉਂਦੇ ਹਨ ਅਤੇ ਸਮਾਜ-ਸੇਵਾ ਕਰਦੇ ਹਨ।”
ਸਮਾਗ਼ਮ ਵਿੱਚ ਸ਼ਿਰਕਤ ਕਰਦਿਆਂ ਸਾਬਕਾ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ ਨੇ ਕਿਹਾ, ”ਵੈਸਾਖੀ ਕੇਵਲ ਇੱਕ ਤਿਓਹਾਰ ਨਹੀਂ ਹੈ, ਬਲਕਿ ਇਹ ਸਾਡੀ ਕੌਮੀ ਪਹਿਚਾਣ ਹੈ ਅਤੇ ਸਾਨੂੰ ਸਮਾਜਿਕ ਕਦਰਾਂ-ਕੀਮਤਾਂ ਅਤੇ ਸੇਵਾ ਕਰਨ ਦੇ ਜਜ਼ਬੇ ਦੀ ਜ਼ਿੰਮੇਵਾਰੀ ਯਾਦ ਕਰਵਾਉਂਦੀ ਹੈ। ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਇਹ ਕਲੱਬ ਆਪਣੀ ਵਿਰਾਸਤ ਨੂੰ ਯਾਦ ਕਰਦੀ ਹੋਈ ਅਜਿਹੇ ਸ਼ਾਨਦਾਰ ਉਪਰਾਲੇ ਕਰ ਰਹੀ ਹੈ।”
ਇਸ ਦੌਰਾਨ ਸਮਾਗ਼ਮ ਵਿੱਚ ਮੈਂਬਰਾਂ ਵੱਲੋਂ ਬਹੁਤ ਵਧੀਆ ਮਨੋਰੰਜਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗੀਤ-ਸੰਗੀਤ, ਸੱਭਿਆਚਾਰਕ ਵੰਨਗੀਆਂ ਅਤੇ ਗਿੱਧਾ ਪੇਸ਼ ਕੀਤਾ ਗਿਆ। ਇਸਦੀ ਸਮੁੱਚੀ ਰੂਪ-ਰੇਖਾ ਕਮਲ ਬਬਰਾ ਵੱਲੋਂ ਤਿਆਰ ਕੀਤੀ ਗਈ ਅਤੇ ਮੰਚ ਦਾ ਸੰਚਾਲਣ ਜਿਓਤੀ ਡੈਡਲੀਆ ਵੱਲੋਂ ਕੀਤਾ ਗਿਆ। ਸਾਰੇ ਸਮਾਗ਼ਮ ਦੌਰਾਨ ਕਲਾਕਾਰਾਂ ਵੱਲੋਂ ਵੱਖ-ਵੱਖ ਕਈ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਂਦੀਆਂ ਰਹੀਆਂ ਜਿਨ੍ਹਾਂ ਦਾ ਮੈਂਬਰਾਂ ਤੇ ਮਹਿਮਾਨਾਂ ਨੇ ਖ਼ੂਬ ਅਨੰਦ ਮਾਣਿਆਂ।
ਸਮਾਗ਼ਮ ਵਿੱਚ ਇਸ ਮਹੀਨੇ ਕਲੱਬ ਦੇ ਮੈਂਬਰਾਂ ਦੇ ਆਏ ਜਨਮ-ਦਿਨ ਵੀ ਮਨਾਏ ਗਏ ਅਤੇ ਸਾਰਿਆਂ ਵੱਲੋਂ ਉਨ੍ਹਾਂ ਮੁਬਾਰਕਾਂ ਅਤੇ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ। ਕਲੱਬ ਦੀ ਪ੍ਰਧਾਨ ਜਸਵਿੰਦਰ ਦੈਂਦ ਵੱਲੋਂ ਇਸ ਮੌਕੇ ਮੈਂਬਰਾਂ ਵੱਲੋਂ ਪਿਛਲੇ ਮਹੀਨੇ ਬੜੇ ਉਤਸ਼ਾਹ ਨਾਲ ਚਲਾਈ ਗਈ ‘ਗੋਲਡਨ ਹੈਂਡਜ਼ ਨਿੱਟਿੰਗ ਹੋਪ’ ਮੁਹਿੰਮ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ, ਜਿਸ ਦੇ ਰਾਹੀਂ ਮੈਂਬਰਾਂ ਨੇ ਸੀਨੀਅਰਾਂ ਅਤੇ ਕੈਂਸਰ ਦੇ ਰੋਗੀਆਂ ਦੇ ਲਈ ਵੱਡੀ ਗਿਣਤੀ ਵਿੱਚ ਉੱਨ ਦੀਆਂ ਗਰਮ ਟੋਪੀਆਂ ਬੁਣੀਆਂ। ਇਸ ਦੌਰਾਨ ਮੈਂਬਰਾਂ ਅਤੇ ਮਹਿਮਾਨਾਂ ਨੇ ਤੰਬੋਲਾ ਦੀ ਗੇਮ ਖੇਡਦਿਆਂ ਹੋਇਆਂ ਇਸਦਾ ਖੂਬ ਅਨੰਦ ਲਿਆ।
ਅਖ਼ੀਰ ਵਿੱਚ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸਮੂਹ ਮੈਂਬਰਾਂ ਅਤੇ ਮਹਿਮਾਨਾਂ ਦਾ ਦਿਲੀ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਲੱਬ ਦੇ ਅਜਿਹੇ ਸਮੂਹਿਕ ਉਪਰਾਲੇ ਹੀ ਇਸਦੀ ਅਸਲੀ ਤਾਕਤ ਹਨ। ਸਮਾਗਮ ਦੀ ਸਮਾਪਤੀ ਬੜੇ ਖੁਸ਼ੀ ਭਰੇ ਮਾਹੌਲ ਵਿੱਚ ਇੱਕ ਦੂਸਰੇ ਨਾਲ ਮਾਣਮੱਤੇ ਸੱਭਿਆਚਾਰਕ ਵਿਰਸੇ ਨੂੰ ਸਾਂਝੇ ਕਰਦਿਆਂ ਅਤੇ ਸਮਾਜਿਕ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਹੋਇਆਂ ਹੋਈ।




