-5.9 C
Toronto
Monday, January 5, 2026
spot_img
Homeਕੈਨੇਡਾਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਦੀ ਮਹੀਨਾਵਾਰ ਮੀਟਿੰਗ

ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਦੀ ਮਹੀਨਾਵਾਰ ਮੀਟਿੰਗ

ਪਾਸ਼ ਦੀ ਕਵਿਤਾ ਬਾਰੇ ਹੋਈ ਵਿਚਾਰ-ਚਰਚਾ
ਬਰੈਂਪਟਨ/ਪਰਮਜੀਤ ਦਿਓਲઑ : ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਮਾਰਚ ਮਹੀਨੇ ਦੀ ਮੀਟਿੰਗ ਕਾਫ਼ਲਾ ਦੇ ਸੰਚਾਲਕ ਕੁਲਵਿੰਦਰ ਖਹਿਰਾ, ਮਨਮੋਹਨ ਸਿੰਘ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ ਪਿਛਲੇ ਦਿਨੀਂ ਜ਼ੂਮ ਮਾਧਿਅਮ ਰਾਹੀਂ ਹੋਈ। ਜਿਸ ਵਿੱਚ ਡਾ. ਰਾਜਿੰਦਰਪਾਲ ਸਿੰਘ ਬਰਾੜ ਹੁਰਾਂ ਵੱਲੋਂ ઑਵਰਤਮਾਨ ਪ੍ਰਸਥਿਤੀਆਂ ਵਿੱਚ ਪਾਸ਼ ਦੀ ਕਵਿਤਾ ਦੀ ਪ੍ਰਸੰਗਿਕਤਾ਼ ਵਿਸ਼ੇ ‘ਤੇ ਵਿਚਾਰ-ਚਰਚਾ ਕੀਤੀ ਗਈ।
ਪਾਸ਼ ਇੰਟਰਨੈਸ਼ਨਲ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ ਨੇ ਪ੍ਰੋਗਰਾਮ ਦੀ ਭੂਮਿਕਾ ਬੰਨ੍ਹਦਿਆਂ ਡਾ. ਬਰਾੜ ਦੀ ਜਾਣ-ਪਛਾਣ ਕਰਵਾਈ। ਪਾਸ਼ ਦੀ ਕਵਿਤਾ ਬਾਰੇ ਬੋਲਦਿਆਂ ਡਾ. ਬਰਾੜ ਨੇ ਕਿਹਾ ਕਿ ਉਹ ਭਾਵੇਂ ਪਾਸ਼ ਨੂੰ ਜ਼ਾਤੀ ਤੌਰ ‘ਤੇ ਬਹੁਤਾ ਨਹੀਂ ਮਿਲ਼ ਸਕੇ ਪਰ ਉਨ੍ਹਾਂ ਨੇ ਪਾਸ਼ ਦੀ ਕਵਿਤਾ ਨੂੰ ਬਰੀਕੀ ਨਾਲ਼ ਪੜ੍ਹਿਆ ਹੈ। ਉਨ੍ਹਾਂ ਕਵਿਤਾ ‘ਸਭ ਤੋਂ ਖ਼ਤਰਨਾਕ’ ਨੂੰ ਪਾਸ਼ ਦੀ ਆਖਰੀ ਅਤੇ ਸਭ ਤੋਂ ਵੱਧ ਮਕਬੂਲ ਕਵਿਤਾ ਦੱਸਿਆ। ਪਾਸ਼ ਵੱਲੋਂ ਸੁਰਿੰਦਰ ਸ਼ਰਮਾ ਨੂੰ ਲਿਖੀ ਇੱਕ ਚਿੱਠੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਸ਼ ਦੇ ਆਪਣੇ ਸ਼ਬਦਾਂ ਵਿੱਚ ਹੀ ਵਿਦੇਸ਼ਾਂ ਵਿੱਚ ਖੱਬੇ-ਪੱਖੀ ਵਿਚਾਰਧਾਰਾ ਨੂੰ ਕਾਇਮ ਰੱਖਣਾ ਬਹੁਤ ਮੁਸ਼ਕਲ ਹੈ, ਪਰ ઑਕਾਫ਼ਲ਼ੇ ਵੱਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲੇ ਇਸ ਗੱਲ ਦਾ ਸਬੂਤ ਹਨ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਜੀਂਦੇ ਰੱਖ ਰਹੇ ਹੋ। ਜਦਕਿ ਪੰਜਾਬ ਵਿੱਚ ਵੀ ਇਹੋ ਜਿਹਾ ਭਾਵਨਾਤਮਕ ਅਤੇ ਬੌਧਿਕ ਮਾਹੌਲ ਸਿਰਜਣਾ ਬਹੁਤ ਔਖਾ ਹੈ।
ਪਾਸ਼ ਦੀ ਕਵਿਤਾ ਬਾਰੇ ਬੋਲਦਿਆਂ ਡਾ. ਬਰਾੜ ਹੁਰਾਂ ਪੂਰਨ ਸਿੰਘ, ਪ੍ਰੋਫ਼ੈਸਰ ਮੋਹਨ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਸਮੇਤ ਬਹੁਤ ਸਾਰੇ ਕਵੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸਾਨਾਂ ‘ਤੇ ਪਹਿਲਾਂ ਵੀ ਬਹੁਤ ਸਾਰੀ ਕਵਿਤਾ ਲਿਖੀ ਗਈ ਹੈ। ਪਰ ਉਹ ਕਵਿਤਾ ਸਿਰਫ ਕਿਸਾਨ ਦੀ ਪ੍ਰਸੰਸਾ ਅਤੇ ਕਿਸਾਨ ਨੂੰ ਵਡਿਆਉਣ ਤੱਕ ਹੀ ਸੀਮਤ ਰਹਿ ਕੇ ਹਾਕਮ ਜਮਾਤਾਂ ਦੇ ਹੱਕ ‘ਚ ਭੁਗਤਦੀ ਸੀ। ਜਦਕਿ ਪਾਸ਼ ਨੇ ਹਰੇ ਇਨਕਲਾਬ ਨੂੰ ਇਸਦੇ ਸ਼ੁਰੂਆਤੀ ਦੌਰ ‘ਚ ਹੀ ਪੀਲੇ ਪੈਂਦਿਆਂ ਵੇਖ ਕੇ ਕਿਸਾਨ ਅਤੇ ਕਿਸਾਨੀ ਦੇ ਦ੍ਰਿਸ਼ਟੀਕੋਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਾਸ਼ ਦੀ ਦੂਰ-ਅੰਦੇਸ਼ੀ ਸੀ ਕਿ ਜੋ ਸੰਘਰਸ਼ ਕਿਸਾਨਾਂ ਵੱਲੋਂ ਅੱਜ ਲੜਿਆ ਜਾ ਰਿਹਾ ਹੈ ਪਾਸ਼ ਨੇ ਉਸ ਦੁਖਾਂਤ ਨੂੰ 50 ਸਾਲ ਪਹਿਲਾਂ ਹੀ ਮਹਿਸੂਸ ਕਰ ਲਿਆ ਸੀ।
ਪਾਸ਼ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਪਾਸ਼ ਨੇ ਉਹੀ ਲਿਖਿਆ ਹੈ ਜੋ ਉਸਨੇ ਆਪਣੇ ਆਲੇ-ਦੁਆਲੇ ਵੇਖਿਆ ਅਤੇ ਮਹਿਸੂਸਿਆ ਹੈ ਤੇ ਉਸਦੀ ਕਵਿਤਾ ਦੇ ਸਾਰੇ ਪਾਤਰ ਜੀਂਦੇ ਜਾਗਦੇ ਇਨਸਾਨ ਨੇ। ਮੀਟਿੰਗ ਵਿੱਚ ਚੱਲੇ ਵਾਰਤਾਲਾਪ ਦੇ ਦੌਰ ਵਿੱਚ ਸਾਧੂ ਬਿੰਨਿੰਗ, ਗੁਰਬਖਸ਼ ਭੰਡਾਲ, ਦਰਸ਼ਨ ਗਿੱਲ, ਜਰਨੈਲ ਸਿੰਘ ਕਹਾਣੀਕਾਰ, ਬਬਨੀਤ, ਜਸਵੀਰ ਮੰਗੂਵਾਲ਼, ਡਾ. ਬਲਜਿੰਦਰ ਸੇਖੋਂ ਅਤੇ ਜਸਵਿੰਦਰ ਸੰਧੂ ਨੇ ਹਿੱਸਾ ਲਿਆ। ਮੀਟਿੰਗ ਦੀ ਸੰਚਾਲਨਾ ਕੁਲਵਿੰਦਰ ਖਹਿਰਾ ਵੱਲੋਂ ਕੀਤੀ ਗਈ ਅਤੇ ਪਰਮਜੀਤ ਦਿਓਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS