Breaking News
Home / ਕੈਨੇਡਾ / ਕੌਮਾਂਤਰੀ ਮਹਿਲਾ ਦਿਵਸ ਸਮਾਗਮ ਮੌਕੇ ‘ਪੈਰਾਂ ਨੂੰ ਕਰਾ ਦੇ ਝਾਂਜਰਾਂ’ ਦੀ ਪੇਸ਼ਕਾਰੀ 10 ਮਾਰਚ ਨੂੰ

ਕੌਮਾਂਤਰੀ ਮਹਿਲਾ ਦਿਵਸ ਸਮਾਗਮ ਮੌਕੇ ‘ਪੈਰਾਂ ਨੂੰ ਕਰਾ ਦੇ ਝਾਂਜਰਾਂ’ ਦੀ ਪੇਸ਼ਕਾਰੀ 10 ਮਾਰਚ ਨੂੰ

ਟੋਰਾਂਟੋ : ਕੈਨੇਡੀਅਨ ਸੰਸਥਾ ‘ਅਲਾਇੰਸ ਆਫ਼ ਪ੍ਰੋਗਰੈਸਿਵ ਕੈਨੇਡੀਅਨ’ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਸਮਾਗਮ 10 ਮਾਰਚ ਨੂੰ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਰਗੇਨਾਈਜ਼ਰ ਹਰਪਰਮਿੰਦਰਜੀਤ ਗ਼ਦਰੀ ਨੇ ਦੱਸਿਆ ਕਿ ਹਰ ਵਰ੍ਹੇ ਅੱਠ ਮਾਰਚ ਨੂੰ ਦੁਨੀਆਂ ਭਰ ਵਿੱਚ ਮਨਾਏ ਜਾਂਦੇ ਕੌਮਾਂਤਰੀ ਮਹਿਲਾ ਦਿਵਸ ਸਮਾਗਮਾਂ ਦੀ ਕੜੀ ਵਿੱਚ ਅਲਾਇੰਸ ਆਫ਼ ਪ੍ਰੋਗਰੈਸਿਵ ਕੈਨੇਡੀਅਨ ਵੱਲੋਂ ਉਕਤ ਮਿਤੀ ਨੂੰ ਬਰੈਂਪਟਨ ਦੇ 1295 ਵਿਲੀਅਮਜ਼ ਪਾਰਕਵੇਅ ਸਥਿੱਤ ਟੈਰੀ ਮਿੱਲਰ ਰੀਕਰੇਸ਼ਨ ਸੈਂਟਰ ਵਿੱਚ ਬਾਅਦ ਦੁਪਹਿਰ 3 ਤੋਂ 6 ਵਜੇ ਤੱਕ ਇੱਕ ਕੌਮਾਂਤਰੀ ਪੱਧਰ ਦਾ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਨੂੰ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚੋਂ ਪੁੱਜੇ ਬੁਲਾਰੇ ਸੰਬੋਧਨ ਕਰਨਗੇ ਜਿਨ੍ਹਾਂ ਵਿੱਚ ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਦੀ ਐਨਾ, ਇਰਾਨ ਤੋਂ ਮੀਨੂ ਇਰਾਨੀ, ਅਫ਼ਗਾਨਿਸਤਾਨ ਤੋਂ ਆਰਫ਼ਾ, ਬੰਗਲਾਦੇਸ਼ ਤੋਂ ਮਿਨਾਰਾ ਜ਼ਹੀਰ, ਨੇਪਾਲ ਤੋਂ ਸੁਨੀਤਾ ਸੀਵਾਕੋਟੀ, ਅਤੇ ਕੈਨੇਡੀਅਨ ਐਮ ਪੀ ਪੀ ਪਾਅਲੀਨ ਥੋਰੇਨਹੈਮ ਵਰਗੀਆਂ ਪ੍ਰਮੁੱਖ਼ ਮਹਿਲਾ ਸ਼ਖ਼ਸ਼ੀਅਤਾਂ ਸ਼ਾਮਿਲ ਹਨ। ਇਸ ਮੌਕੇ ਜਿਥੇ ਭਦੌੜ ਸੰਗੀਤ ਮੰਡਲੀ ਵੱਲੋਂ ਮਾਸਟਰ ਰਾਮ ਕੁਮਾਰ ਦੀ ਅਗਵਈ ਹੇਠ ਉਸਾਰੂ ਸਭਿਆਚਾਰਕ ਗੀਤ-ਸੰਗੀਤ ਹੋਵੇਗਾ, ਉਥੇ ਇਸ ਸਮਾਗਮ ਦਾ ਮੁੱਖ ਆਕਰਸ਼ਨ ਹੀਰਾ ਰੰਧਾਵਾ ਦੀ ਨਿਰਦੇਸ਼ਨਾਂ ਹੇਠ ਬਲਜੀਤ ਰੰਧਾਵਾ ਦੀ ਕੈਨੇਡੀਅਨ ਪੰਜਾਬੀ ਲੋਕਾਂ ਦੀ ਸਥਿੱਤੀ ਤੇ ਲਿਖੀ ਕਿਤਾਬ ‘ਲੇਖ ਨਹੀਂ ਜਾਣੇ ਨਾਲ’ ਉੱਤੇ ਅਧਾਰਿਤ ਗੁਰਿੰਦਰ ਮਕਨਾ ਵੱਲੋਂ ਲਿਖਿਆ ਨਾਟਕ ‘ਪੈਰਾਂ ਨੂੰ ਕਰਾ ਦੇ ਝਾਂਜ਼ਰਾਂ’ ਦੀ ਪੇਸ਼ਕਾਰੀ ਹੋਵੇਗਾ। ਨਾਟਕ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਹੈਰੀਟੇਜ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਿਡ ਪ੍ਰੋਡਕਸ਼ਨ (ਹੈਟਸ-ਅੱਪ) ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਨਾਟਕ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੀ ਕਲਾਕਾਰਾ ਸੁਵਿਧਾ ਦੁੱਗਲ ਵੱਲੋਂ ਪ੍ਰਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਨਾਟਕ ਦੀ ਕਹਾਣੀ ਪੰਜਾਬ ਤੋਂ ਵਿਆਹ ਕਰਵਾ ਕੇ ਕੈਨੇਡਾ ਪੁੱਜੀ ਪੰਜਾਬੀ ਲੜਕੀ ਦੀ ਕਹਾਣੀ ਹੈ ਜਿਸ ਦੇ ਚਾਅ ਮਲਾਰ ਹਾਲਾਤ ਦੀ ਭੇਂਟ ਚੜ੍ਹ ਜਾਂਦੇ ਹਨ। ਯਾਦ ਰਹੇ ਕਿ ਹੈਟਸ-ਅੱਪ ਵੱਲੋਂ ਇਸ ਨਾਟਕ ਅਤੇ ਇੱਕ ਹੋਰ ਨਾਟਕ ‘ਬੀਬੀ ਸਾਹਿਬਾ’ ਦੀ ਪੇਸ਼ਕਾਰੀ 31 ਮਾਰਚ ਦਿਨ ਐਤਵਾਰ ਨੂੰ ਬਰੈਂਪਟਨ ਦੇ ਸੀਰਿਲ ਕਲਾਰਕ ਹਾਲ ਵਿੱਚ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਉਕਤ ਸਮਾਗਮ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ। ਸਮਾਗਮ ਸੰਬੰਧੀ ਵਧੇਰੇ ਜਾਣਕਾਰੀ ਲਈ ਪ੍ਰੋਗਰਾਮ ਆਯੋਜਕ ਹਰਪਰਮਿੰਦਰਜੀਤ ਗ਼ਦਰੀ ਨਾਲ ਫੋਨ ਨੰਬਰ 416-625-4363 ‘ਤੇ ਗੱਲ ਕੀਤੀ ਜਾ ਸਕਦੀ ਹੈ।
ਬੱਚਿਆਂ ਦੇ ਕੀਰਤਨ ਮੁਕਾਬਲੇ 10 ਮਾਰਚ ਨੂੰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜ਼ਿਕ ਅਕੈਡਮੀ ਅਤੇ ਇੰਡੋ-ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵੱਲੋਂ ਸਲਾਨਾ ਧਾਰਮਿਕ ਸਮਾਗਮ ਅਤੇ ਬੱਚਿਆਂ ਦਾ ਕੀਰਤਨ ਮੁਕਾਬਲਾ 10 ਮਾਰਚ ਐਤਵਾਰ ਨੂੰ ਨਾਨਕਸਰ ਗੁਰਦੁਆਰਾ ਸਾਹਿਬ 1995 ਕਿਪਲਿੰਗ ਐਵਨਿਊ ਰੈਕਸਡੇਲ (ਟੋਰਾਂਟੋ) ਵਿਖੇ ਕਰਵਾਇਆ ਜਾ ਰਿਹਾ ਹੈ। ਰਾਜਿੰਦਰ ਸਿੰਘ ਰਾਜ ਦੇ ਦੱਸਣ ਅਨੁਸਾਰ ਇਸ ਮੁਕਾਬਲੇ ਵਿੱਚ ਛੋਟੀ ਅਤੇ ਵੱਡੀ ਉਮਰ ਦੇ ਬੱਚੇ ਹਿੱਸਾ ਲੈਣਗੇ ਅਤੇ ਗੁਰੁ ਕਾ ਲੰਗਰ ਵੀ ਅਟੁੱਟ ਵਰਤੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …