ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਐਤਵਾਰ, ਕੈਨੇਡਾ ਭਰ ਵਿਚੋਂ ਵੱਖ-ਵੱਖ ਪ੍ਰੋਵਿੰਸਸਾਂ ਦੀਆਂ ਤਰਕਸ਼ੀਲ ਸੋਸਾਇਟੀਆਂ ਦੇ ਭੇਜੇ ਨੁਮਾਇੰਦਿਆਂ ਨੇ ਜੂਮ ਮੀਟਿੰਗ ਕੀਤੀ ਜਿਸ ਵਿਚ ਸੁਸਾਇਟੀ ਦੇ ਬਣਾਏ ਐਲਾਨਨਾਮੇ ਅਤੇ ਸੰਵਿਧਾਨ ਨੂੰ ਬਰੀਕੀ ਨਾਲ ਵਿਚਾਰਨ ਉਪਰੰਤ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਕਾਰਜਕਰਨੀ ਦੀ ਚੋਣ ਕੀਤੀ ਗਈ। ਕਾਰਜਕਰਨੀ ਵਿਚੋਂ ਵੈਨਕੂਵਰ ਤੋਂ ਬਾਈ ਅਵਤਾਰ ਗਿੱਲ ਪ੍ਰਧਾਨ ਅਤੇ ਜਗਰੂਪ ਧਾਲੀਵਾਲ ਵਿੱਤ ਸਕੱਤਰ, ਟੋਰਾਂਟੋ ਤੋਂ ਬਲਵਿੰਦਰ ਬਰਨਾਲਾ ਮੀਤ ਪ੍ਰਧਾਨ, ਬਲਦੇਵ ਰਹਿਪਾ ਜਨਰਲ ਸਕੱਤਰ ਅਤੇ ਡਾਕਟਰ ਬਲਜਿੰਦਰ ਸੇਖੋਂ ਮੀਡੀਆ ਅਤੇ ਐਜੂਕੇਸ਼ਨ ਸਕੱਤਰ ਚੁਣੇ ਗਏ। ਇਸ ਤੋਂ ਇਲਾਵਾ ਕਾਰਜਕਰਨੀ ਵਿੱਚ ਟੋਰਾਂਟੋ ਤੋਂ ਨਵਕਿਰਨ ਸਿੱਧੂ ਅਤੇ ਵੈਨਕੂਵਰ ਤੋਂ ਪ੍ਰਮਿੰਦਰ ਸਵੈਚ ਮੈਂਬਰ ਹੋਣਗੇ। ਕੈਲਗਰੀ ਤੋਂ ਗੋਪਾਲ ਸਿੰਘ ਕਾਓਂਕੇ ਅਤੇ ਗੁਰਨਾਮ ਸਿੰਘ ਮਾਨ, ਵਿਨੀਪੈਗ ਤੋਂ ਜਸਵੀਰ ਕੌਰ ਮੰਗੂਵਾਲ/ ਰਾਜ ਬਲਵਿੰਦਰ ਸਿੰਘ ਨਿਮੰਤਰਤ ਮੈਂਬਰ ਹੋਣਗੇ।
ਸੰਵਿਧਾਨ ਅਨੁਸਾਰ ਕੈਲਗਰੀ ਯੁਨਿਟ ਦੀ ਚੋਣ ਦੇ 6 ਮਹੀਨੇ ਪੂਰੇ ਹੋ ਜਾਣ ਉਤੇ ਉਹ ਪੱਕੇ ਤੌਰ ‘ਤੇ ਕਾਰਜਕਾਰਨੀ ਦੇ ਮੈਂਬਰ ਬਣ ਜਾਣਗੇ। ਕੈਨੇਡਾ ਭਰ ਵਿਚ ਹੋਰ ਸ਼ਹਿਰਾਂ ਵਿਚ ਵੀ ਸੁਸਾਇਟੀ ਦੇ ਯੂਨਿਟ ਉਸਾਰੇ ਜਾ ਰਹੇ ਹਨ, ਜੋ ਬਾਅਦ ਵਿਚ ਸੁਸਾਇਟੀ ਦਾ ਹਿੱਸਾ ਬਣਦੇ ਰਹਿਣਗੇ। ਕੈਨੇਡਾ ਪੱਧਰ ‘ਤੇ ਸੁਸਾਇਟੀ ਦਾ ਗਠਨ, ਲੰਬੇ ਸਮੇਂ ਤੋਂ ਕੈਨੇਡਾ ਭਰ ਵਿਚ ਸਰਗਰਮ ਜਥੇਬੰਦੀਆਂ ਦੇ ਨੁਮਾਇੰਦਿਆਂ ਦੀਆਂ ਬੀਤੇ ਕਈ ਮਹੀਨਿਆਂ ਤੋਂ ਇਸ ਮਨੋਰਥ ਲਈ ਚੱਲ ਰਹੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ, ਜਿਸ ਦੌਰਾਨ ਕਿੰਨੀਆਂ ਹੀ ਜੂੰਮ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਟੋਰਾਂਟੋ, ਵੈਨਕੂਵਰ, ਵਿਨੀਪੈਗ, ਐਡਮਿੰਟਨ, ਕੈਲਗਰੀ ਆਦਿ ਤੋਂ ਚੁਣੇ ਨੁਮਾਇੰਦੇ ਹਿੱਸਾ ਲੈਂਦੇ ਰਹੇ।
ਤਰਕਸ਼ੀਲ ਸੁਸਾਇਟੀ ਦੀਆਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚਲੀਆਂ ਇਕਾਈਆਂ ਵਿਗਿਆਨਕ ਸਮਝ ਦੇ ਪਸਾਰੇ ਲਈ ਆਪਣੀ ਸਮਰੱਥਾ ਅਨੁਸਾਰ ਕੰਮ ਕਰਦੀਆਂ ਹੋਈਆਂ ਪਖੰਡੀ ਸਾਧਾਂ-ਸੰਤਾਂ, ਵਹਿਮ-ਭਰਮ ਫੈਲਾਉਂਦੇ ਪੀਰਾਂ ਫਕੀਰਾਂ ਅਤੇ ਧਰਮ ਦੇ ਠੇਕੇਦਾਰਾਂ ਆਦਿ ਵੁੱਲੋਂ ਫੈਲਾਏ ਜਾ ਰਹੇ ਅੰਧਵਿਸ਼ਵਾਸਾਂ ਦਾ ਪਰਦਾਫਾਸ਼ ਕਰਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਮਿਹਨਤਕਸ਼ ਜਮਾਤ ਦੀ ਹੋ ਰਹੀ ਲੁੱਟ ਬਾਰੇ ਅਤੇ ਪੈਦਾਵਾਰ ਦੀ ਉਚਿੱਤ ਵੰਡ ਲਈ ਲੋਕਾਂ ਨੂੰ ਜਾਗਰੂਕ ਕਰਦੇ ਹੋਏ, ਪੈਦਾਵਾਰ ਦੀ ਤਰਕ ਸੰਗਤ ਵੰਡ ਲਈ ਹੋ ਰਹੇ ਸੰਘਰਸ਼ਾਂ ਵਿਚ ਅਪਣਾ ਸਹਿਯੋਗ ਦਿੰਦੀਆਂ ਰਹਿਣਗੀਆਂ।
ਮੀਟਿੰਗ ਦਾ ਸੰਚਾਲਨ ਨਵਕਿਰਨ ਸਿੱਧੂ ਨੇ ਬਾਖੂਬੀ ਕੀਤਾ। ਸੁਸਾਇਟੀ ਬਾਰੇ ਹੋਰ ਜਾਣਕਾਰੀ ਲਈ ਜਾਂ ਨਵੀਆਂ ਇਕਾਈਆਂ ਦੇ ਗਠਿਨ ਲਈ, ਬਰੈਂਪਟਨ ਵਿਚ ਬਲਦੇਵ ਰਹਿਪਾ (416 881 7202) ਅਤੇ ਵੈਨਕੂਵਰ ਵਿਚ ਬਾਈ ਅਵਤਾਰ ਗਿੱਲ (604 728 7011) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …