Breaking News
Home / ਕੈਨੇਡਾ / ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ ਸਵੈਮਾਣ ਸਹਿਤ ਆਰਾਮ ਨਾਲ ਗੁਜ਼ਾਰਨ ਦੇ ਹੱਕਦਾਰ ਹਨ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕੈਨੇਡਾ ਸਰਕਾਰ ਵੱਲੋਂ ਸੀਨੀਅਰਾਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਰੌਸ਼ਨੀ ਪਾਈ।
ਉਨ੍ਹਾਂ ਕਿਹਾ ਕਿ ਦੇਸ਼-ਭਰ ਵਿਚ ਸੀਨੀਅਰਾਂ ਦੀ ਭਲਾਈ ਲਈ ਕੰਮ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਇਸ ਦੇ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਨੇ ਸੀਨੀਅਰਜ਼ ਲਈ ਓਲਡ-ਏਜ ਸਕਿਉਰਿਟੀ ਅਤੇ ਜੀ.ਆਈ.ਐੱਸ. ਲਈ ਯੋਗਤਾ ਦੀ ਹੱਦ 67 ਸਾਲ ਤੋਂ ਮੁੜ 65 ਸਾਲ ਕਰਕੇ 100,000 ਸੀਨੀਅਰਾਂ ਦਾ ਗ਼ਰੀਬੀ ਦੀ ਦਲਦਲ ‘ਚ ਜਾਣ ਤੋਂ ਉਨ੍ਹਾਂ ਦਾ ਬਚਾਅ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਮੇਸ਼ਾ ਸੀਨੀਅਰਾਂ ਦੇ ਨਾਲ ਖੜ੍ਹੀ ਹੈ ਅਤੇ ਇਸ ਨੇ ਉਨ੍ਹਾਂ ਦਾ ਜੀਵਨ ਸੁਖਾਲ਼ਾ ਤੇ ਕਿਫ਼ਾਇਤੀ ਬਨਾਉਣ ਲਈ ਸਮੇਂ-ਸਮੇਂ ਲੋੜੀਂਦੇ ਕਦਮ ਚੁੱਕੇ ਹਨ। ਕੰਸਰਵੇਟਿਵ ਸਰਕਾਰ ਨੇ ਆਪਣੇ ਰਾਜਕਾਲ ਸਮੇਂ ਉਨ੍ਹਾਂ ਦੀ ਸੇਵਾ-ਮੁਕਤੀ ਦੀ ਹੱਦ 67 ਸਾਲ ਕਰ ਦਿੱਤੀ ਸੀ ਜਿਸ ਨੂੰ ਲਿਬਰਲ ਸਰਕਾਰ ਦੇ ਆਉਂਦਿਆਂ ਹੀ ਘਟਾ ਕੇ 65 ਸਾਲ ਕਰ ਦਿੱਤਾ ਗਿਆ ਸੀ। ਅਸੀਂ ਸੀਨੀਅਰਾਂ ਲਈ ਓ.ਏ.ਐੱਸ. ਅਤੇ ਜੀ.ਆਈ.ਐੱਸ. ਦੀ ਰਕਮ ਵਿਚ ਵਾਧਾ ਕੀਤਾ ਤਾਂ ਜੋ ਸਾਡੇ ਸੀਨੀਅਰਜ਼ ਆਪਣੇ ਜੀਵਨ-ਪੱਧਰ ਨੂੰ ਕੇਵਲ ਸਥਿਰ ਰੱਖਣ ਲਈ ਹੀ ਨਹੀਂ, ਸਗੋਂ ਇਸਨੂੰ ਬੇਹਤਰ ਬਨਾਉਣ ਲਈ ਵੱਧਦੀ ਮਹਿੰਗਾਈ ਦਾ ਮੁਕਾਬਲਾ ਕਰਨ ਦੇ ਯੋਗ ਹੋ ਸਕਣ। ਅਸੀਂ ਸੀਨੀਅਰਾਂ ਦੇ ਆਪਣੇ ਘਰਾਂ ਵਿਚ ਉਨ੍ਹਾਂ ਦੇ ਸੁਰੱਖ਼ਿਅਤ ਤੇ ਆਜ਼ਾਦਾਨਾ ਤੌਰ ‘ਤੇ ਰਹਿਣ ਲਈ ‘ਏਜ ਵੈੱਲ ਐਟ ਹੋਮ’ ਦੀ ਸ਼ੁਰੂਆਤ ਕੀਤੀ। ਅਸੀਂ ਸੀਨੀਅਰਾਂ ਲਈ ‘ਲੌਂਗ ਟਰਮ ਕੇਅਰ ਹੋਮਜ਼’ ਲਈ ਕਈ ਬਿਲੀਅਨ ਡਾਲਰ ਪੂੰਜੀ ਨਿਵੇਸ਼ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੀਨੀਅਰਾਂ ਲਈ ਆਰੰਭ ਕੀਤੀ ਗਈ ‘ਕੈਨੇਡੀਅਨ ਡੈਂਟਲ ਕੇਅਰ ਪਲੈਨ’ ਨਾਲ 9 ਮਿਲੀਅਨ ਲੋਕਾਂ, ਖ਼ਾਸ ਕਰਕੇ ਸੀਨੀਅਰਾਂ ਨੂੰ ਫ਼ਾਇਦਾ ਹੋਵੇਗਾ ਜਿਨ੍ਹਾਂ ਕੋਲ ਕੋਈ ਡੈਂਟਲ ਇਨਸ਼ੋਅਰੈਂਸ ਨਾ ਹੋਣ ਕਾਰਨ ਉਨ੍ਹਾਂ ਦੀ ਡੈਂਟਲ ਕੇਅਰ ਤੱਕ ਪਹੁੰਚ ਨਹੀਂ ਹੈ।
ਹੁਣ ਤੀਕ 2 ਮਿਲੀਅਨ ਲੋਕਾਂ ਦੀ ਸਰਕਾਰ ਦੀ ਸੀਡੀਸੀਪੀ ਸਕੀਮ ਅਧੀਨ ਪ੍ਰਵਾਨਗੀ ਹੋ ਚੁੱਕੀ ਹੈ ਅਤੇ ਉਨ੍ਹਾਂ ਵਿੱਚੋਂ 200,000 ਲੋਕਾਂ ਨੇ ਇਸ ਯੋਜਨਾ ਦਾ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ‘ਕੈਨੇਡੀਅਨ ਡੈਂਟਲ ਕੇਅਰ ਪਲੈਨ’ ਲੱਖਾਂ ਹੀ ਕੈਨੇਡਾ-ਵਾਸੀਆਂ ਦੀ ਦੰਦਾਂ ਦੀ ਸੰਭਾਲ ਕਰਨ ਵਿਚ ਸਹਾਇਤਾ ਕਰੇਗੀ ਅਤੇ ਉਨ੍ਹਾਂ ਨੂੰ ਹੁਣ ਆਪਣੇ ਦੰਦਾਂ ਦੀ ਸੁਰੱਖਿਆ ਲਈ ਇਨ੍ਹਾਂ ਦੇ ਖ਼ਰਚੇ ਦੇ ਭਾਰੀ ਬਿਲਾਂ ਬਾਰੇ ਨਹੀਂ ਸੋਚਣਾ ਪਵੇਗਾ।
ਅਸੀਂ ਆਪਣੇ ਸੀਨੀਅਰਜ਼ ਦੀ ਇੰਜ ਹੀ ਸਹਾਇਤਾ ਕਰਦੇ ਰਹਾਂਗੇ ਅਤੇ ਇਸ ਨਾਲ ਆਉਂਦੇ ਸਮੇਂ ਵਿਚ ਕਮਿਊਨਿਟੀਆਂ ਨੂੰ ਹੋਰ ਮਜ਼ਬੂਤ ਬਣਾਵਾਂਗੇ।
ਇਸ ਦੇ ਬਾਰੇ ਬੋਲਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ-ਭਰ ਵਿਚ ਸੀਨੀਅਰਜ਼ ਦੇ ਜੀਵਨ ਨੂੰ ਬੇਹਤਰ ਬਨਾਉਣ ਲਈ ਸਰਕਾਰ ਹਰ ਸਾਲ ਕਈ ਨਵੇਂ ਪ੍ਰੋਗਰਾਮ ਉਲੀਕਦੀ ਹੈ ਅਤੇ ਉਨ੍ਹਾਂ ਨੂੰ ਅਮਲ ਵਿਚ ਲਿਆਉਂਦੀ ਹੈ। ਜਦੋਂ ਸਾਡੇ ਸੀਨੀਅਰ ਕਮਿਊਨਿਟੀ ਵਿਚ ਅੱਗੇ ਵੱਧ ਕੇ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਸਿਹਤਮੰਦ ਜੀਵਨ ਬਸਰ ਕਰਦੇ ਹਨ ਤਾਂ ਇਸ ਦਾ ਹਰੇਕ ਨੂੰ ਲਾਭ ਹੁੰਦਾ ਹੈ। ਸਰਕਾਰ ਵੱਲੋਂ ਤਿਆਰ ਕੀਤੇ ਗਏ ਪ੍ਰੋਗਰਾਮਾਂ ਰਾਹੀਂ ਸਾਡੇ ਸੀਨੀਅਰਜ਼ ਨੂੰ ਤੰਦਰੁਸਤ ਰੱਖਣਾ ਅਤੇ ਉਨ੍ਹਾਂ ਦਾ ਕਮਿਊਨਿਟੀਆਂ ਦੇ ਨਾਲ ਤਾਲਮੇਲ ਮਜ਼ਬੂਤ ਕਰਨਾ ਬੀ ਸਾਡੀ ਤਰੱਕੀ ਹੈ।

Check Also

ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …