Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕਾਰਜਕਾਰਨੀ ਮੀਟਿੰਗ ਵਿਚ ਕੀਤੇ ਅਹਿਮ ਫੈਸਲੇ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕਾਰਜਕਾਰਨੀ ਮੀਟਿੰਗ ਵਿਚ ਕੀਤੇ ਅਹਿਮ ਫੈਸਲੇ

ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਹਰਦਿਆਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਲੈਡ ਡੌਗ ਪਾਰਕ ਵਿਚ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿਚ ਕਈ ਅਹਿਮ ਫ਼ੈਸਲੇ ਲਏ। ਪਹਿਲੇ ਮਤੇ ਵਿਚ ਬਰੈਂਪਟਨ ਸੀਨੀਅਰ ਸਿਟੀਜ਼ਨਜ਼ ਕਾਊਂਸਲ ਦੀ 5 ਅਕਤੂਬਰ ਨੂੰ ਹੋਈ ਚੋਣ ਵਿਚ ਸਫ਼ਲ ਹੋਣ ਵਾਲੇ ਮੈਂਬਰਾਂ ਨੂੰ ਐਸੋਸੀਏਸ਼ਨ ਦੇ ਐੱਗਜ਼ੈਕਟਿਵ ਮੈਂਬਰਾਂ ਵੱਲੋਂ ਵਧਾਈ ਦਿੰਦਿਆਂ ਹੋਇਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਦੂਸਰੇ ਮਤੇ ਵਿਚ ਇਹ ਪਾਸ ਕੀਤਾ ਗਿਆ ਕਿ ਬੈਂਕ ਵਿਚ ਐਸੋਸੀਏਸ਼ਨ ਦਾ ਅਕਾਊਂਟ ਸੰਵਿਧਾਨ ਮੁਤਾਬਕ ਪ੍ਰਧਾਨ, ਸਕੱਤਰ ਅਤੇ ਖ਼ਜ਼ਾਨਚੀ ਹੀ ਚਲਾ ਸਕਦੇ ਹਨ। ਇਸ ਲਈ ਬੈਂਕ ਨੂੰ ਇਸ ਮਤੇ ਦੀ ਇਕ ਕਾਪੀ ਦਿੱਤੀ ਜਾਵੇ।
ਇਸ ਦੇ ਨਾਲ ਹੀ ਬੈਂਕ ਜਾਣ ‘ਤੇ ਪਤਾ ਲੱਗਾ ਕਿ ਐਸੋਸੀਏਸ਼ਨ ਦੇ ਇਕ ਮੈਂਬਰ ਨੇ ਆਪਣੇ ਨਾਂ ‘ਤੇ ਏ. ਟੀ. ਐੱਮ. ਕਾਰਡ ਵੀ ਲਿਆ ਹੋਇਆ ਹੈ ਜਿਸ ਨਾਲ ਉਹ ਇਕੱਲਾ ਕਿਸੇ ਸਮੇਂ ਵੀ ਇਸ ਅਕਾਊਂਟ ਵਿੱਚੋਂ ਪੈਸੇ ਕਢਵਾ ਸਕਦਾ ਹੈ ਜੋ ਸਰਾਸਰ ਗ਼ਲਤ ਹੋਣ ਕਰਕੇ ਉਹ ਏ.ਟੀ.ਐੱਮ. ਕਾਰਡ ਕੈਂਸਲ ਕਰਵਾਇਆ ਗਿਆ, ਕਿਉਂਕਿ ਐਸੋਸੀਏਸ਼ਨ ਦਾ ਬੈਂਕ ਅਕਾਊਂਟ ਓਪਰੇਟ ਕਰਨ ਲਈ ਉਪਰੋਕਤ ਵਰਨਣ ਤਿੰਨਾਂ ਵਿਅੱਕਤੀਆਂ ਵਿੱਚੋਂ ਦੋ ਦੇ ਦਸਤਖ਼ਤ ਹੋਣੇ ਜ਼ਰੂਰੀ ਹਨ। ਤੀਸਰੇ ਮਤੇ ਉੱਪਰ ਵਿਚਾਰ ਕਰਦਿਆਂ ਐਸੋਸੀਏਸ਼ਨ ਦੀ ਕਾਰਜਕਾਰਨੀ ਦੇ ਮੈਂਬਰ ਕਰਤਾਰ ਸਿੰਘ ਚਾਹਲ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਫਿਊਨਰਲ ਅਕਾਊਂਟ ਵਿਚੋਂ ਹੁਣ ਤੱਕ 92 ਵਿਅੱਕਤੀਆਂ ਦੇ ਪੈਸੇ ਵਾਪਸ ਕੀਤੇ ਜਾ ਚੁੱਕੇ ਹਨ। ਇਸ ਮਤੇ ਵਿਚ ਪਾਸ ਕੀਤਾ ਗਿਆ ਕਿ ਜਿਨ੍ਹਾਂ ਵੀਰਾਂ-ਭੈਣਾਂ ਵੱਲੋਂ 100 ਡਾਲਰ ਦੇ ਕੇ ਫਿਊਨਰਲ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਸੀ ਅਤੇ ਹੁਣ ਤੱਕ ਉਨ੍ਹਾਂ ਨੇ ਇਹ ਰਕਮ ਵਾਪਸ ਨਹੀਂ ਲਈ, ਉਹ 30 ਅਪ੍ਰੈਲ 2022 ਤੱਕ ਆਪਣੇ ਪੈਸੇ ਐਸੋਸੀਏਸ਼ਨ ਕੋਲੋਂ ਵਾਪਸ ਲੈ ਸਕਦੇ ਹਨ। ਇਸ ਤੋਂ ਬਾਅਦ ਇਹ ਰਕਮ ਵਾਪਸ ਨਹੀਂ ਕੀਤੀ ਜਾਵੇਗੀ ਅਤੇ ਇਹ ਐਸੋਸੀਏਸ਼ਨ ਦੇ ਅਕਾਊਂਟ ਵਿਚ ਜਮ੍ਹਾਂ ਕਰਵਾ ਦਿੱਤੀ ਜਾਏਗੀ। ਇਹ ਵੀ ਮਤਾ ਪਾਸ ਕੀਤਾ ਗਿਆ ਕਿ ਫ਼ਿਊਨਰਲ ਸਬੰਧੀ ਸਾਰਾ ਰੀਕਾਰਡ ਕਰਤਾਰ ਸਿੰਘ ਚਾਹਲ ਕੋਲ ਹੀ ਰਹੇਗਾ। ਇਸ ਸਬੰਧੀ ਕੋਈ ਵੀ ਜਾਣਕਾਰੀ ਉਨ੍ਹਾਂ ਨੂੰ 647-854-8746 ਜਾਂ ਜੰਗੀਰ ਸਿੰਘ ਸੈਂਹਬੀ ਨੂੰ 416-409-0126 ‘ਤੇ ਫ਼ੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਵੀ ਪਾਸ ਹੋਇਆ ਕਿ ਐਸੋਸੀਏਸ਼ਨ ਦਾ ਵਫ਼ਦ ਆਉਂਦੇ ਦਿਨਾਂ ਵਿਚ ਸਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਸੀਨੀਅਰਾਂ ਦੀਆਂ ਮੰਗਾਂ ਤੋਂ ਜਾਣੂੰ ਕਰਵਾਏਗਾ। ਪ੍ਰਧਾਨ ਜੀ ਦਾ ਧੰਨਵਾਦ ਕਰਨ ਤੋਂ ਬਾਅਦ ਮੀਟਿੰਗ ਦੀ ਸਮਾਪਤੀ ਹੋਈ।

 

Check Also

ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

ਓਨਟਾਰੀਓ/ਬਿਊਰੋ ਨਿਊਜ਼ : ਬਸੰਤ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਭਾਵੇਂ ਅਜੇ ਕਾਫੀ ਸਮਾਂ ਪਿਆ …