Breaking News
Home / ਕੈਨੇਡਾ / ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ ਕਰਵਾਈ ਇਕੱਤਰਤਾ ‘ਚ ਭਰਵੀਂ ਹਾਜ਼ਰੀ

ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ ਕਰਵਾਈ ਇਕੱਤਰਤਾ ‘ਚ ਭਰਵੀਂ ਹਾਜ਼ਰੀ

ਬਰੈਂਪਟਨ ‘ਚ ਯੂਨੀਵਰਸਿਟੀ ਤੇ ਇਕ ਹੋਰ ਹਸਪਤਾਲ ਦੀ ਉਠੀ ਮੰਗ
ਬਰੈਂਪਟਨ/ਡਾ.ਝੰਡ
ਲੰਘੇ ਐਤਵਾਰ 26 ਮਈ ਨੂੰ ਬਰੈਂਪਟਨ ਸੌਕਰ ਸੈਂਟਰ ਦੇ ਵੱਡੇ ਹਾਲ ਵਿਚ ਬਰੈਂਪਟਨ ਐਕਸ਼ਨ ਕੋਲੀਸ਼ਨ ਵੱਲੋਂ ਬਾਅਦ ਦੁਪਹਿਰ 2.00 ਵਜੇ ਬਰੈਂਪਟਨ-ਵਾਸੀਆਂ ਦੀ ਭਰਵੀਂ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ 30 ਤੋਂ ਵਧੀਕ ਸਮਾਜਿਕ, ਸਾਹਿਤਕ, ਸੀਨੀਅਰਜ਼ ਅਤੇ ਵਰਕਰਜ਼ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਲਗਾਈਆਂ ਗਈਆਂ 300 ਤੋਂ ਵਧੇਰੇ ਕੁਰਸੀਆਂ ਥੋੜ੍ਹੀਆਂ ਪੈ ਗਈਆਂ ਅਤੇ ਕਈਆਂ ਨੂੰ ਖੜ੍ਹੇ ਹੋ ਕੇ ਹੀ ਇਸ ਭਾਰੀ ਇਕੱਠ ਵਿਚ ਆਪਣੀ ਹਾਜ਼ਰੀ ਭਰਨੀ ਪਈ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਨਵੀ ਔਜਲਾ ਨੇ ਇਹ ਮੀਟਿੰਗ ਬੁਲਾਉਣ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਓਨਟਾਰੀਓ ਸੂਬਾ ਸਰਕਾਰ ਵੱਲੋਂ ਹੈੱਲਥ ਤੇ ਐਜੂਕੇਸ਼ਨ ਪੱਖੋਂ ਬਰੈਂਪਟਨ ਨੂੰ ਬਿਲਕੁਲ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ। ਛੇ ਲੱਖ ਤੋਂ ਵਧੀਕ ਆਬਾਦੀ ਵਾਲੇ ਇਸ ਸ਼ਹਿਰ ਵਿਚ ਕੇਵਲ ਇਕ ਹੀ ਹਸਪਤਾਲ ਹੈ ਜਿੱਥੇ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਅਤੇ ਵੇਟਿੰਗ-ਸਮਾਂ ਕਈ-ਕਈ ਘੰਟੇ ਚੱਲਦਾ ਹੈ। ਏਸੇ ਤਰ੍ਹਾਂ ਇਸ ਵੱਡੇ ਸ਼ਹਿਰ ਵਿਚ ਕੋਈ ਯੂਨੀਵਰਸਿਟੀ ਨਹੀਂ ਹੈ ਜਦ ਕਿ ਇਸ ਦੇ ਆਲੇ ਦੁਆਲੇ ਦੇ ਛੋਟੇ-ਛੋਟੇ ਸ਼ਹਿਰਾਂ ਵਿਚ ਯੂਨੀਵਰਸਿਟੀਆਂ ਮੌਜੂਦ ਹਨ ਅਤੇ ਬਰੈਂਪਟਨ-ਵਾਸੀਆਂ ਨੂੰ ਆਪਣੀਆਂ ਇਨ੍ਹਾਂ ਮੁੱਖ ਮੰਗਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਉਪਰੰਤ, ਨਾਹਰ ਸਿੰਘ ਔਜਲਾ ਵੱਲੋਂ ਆਏ ਮਹਿਮਾਨਾਂ ਤੇ ਬਰੈਂਪਟਨ-ਵਾਸੀਆਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਕਾਂ ਨਵੀ ਔਜਲਾ ਤੇ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਵੱਖ-ਵੱਖ ਬੁਲਾਰਿਆਂ ਨੂੰ ਵਾਰੋ-ਵਾਰੀ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ।
ਬੁਲਾਰਿਆਂ ਵਿਚ ਸੱਭ ਤੋਂ ਪਹਿਲਾਂ ਬਰੈਂਪਟਨ ਦੇ ਵਾਰਡ ਨੰਬਰ 9-10 ਦੇ ਕਾਊਂਸਲਰ ਹਰਕੀਰਤ ਸਿੰਘ ਨੇ ਬਰੈਂਪਟਨ ਵਿਚ ਪਿਛਲੇ ਸਾਲ ਐਲਾਨੀ ਗਈ ਯੂਨੀਵਰਸਿਟੀ ਵਿਚ ਟੋਰਾਂਟੋ ਦੀ ਰਾਇਰਸਨ ਯੂਨੀਵਰਸਿਟੀ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਦੀ ਗੱਲ ਛੇੜੀ ਜਿਸ ਦਾ ਡੱਗ ਫ਼ੋਰਡ ਦੀ ਸਰਕਾਰ ਵੱਲੋਂ ਲੋੜੀਂਦੇ ਫ਼ੰਡਾਂ ਤੋਂ ਨਾਂਹ ਕਰਕੇ ਭੋਗ ਪਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਰਾਇਰਸਨ ਯੂਨੀਵਰਸਿਟੀ ਬਰੈਂਪਟਨ ਵਿਚ ਆਪਣਾ ਸੈਂਟਰ ਫ਼ਾਰ ਸਾਈਬਰ ਸਕਿਊਰਿਟੀ ਆਈਨੋਵੇਸ਼ਨ ਸ਼ੁਰੂ ਕਰਨ ਜਾ ਰਹੀ ਹੈ ਜਿਸ ਲਈ ਸਿਟੀ ਕਾਊਂਸਲ ਨੇ ਹਾਮੀ ਭਰ ਦਿੱਤੀ ਹੈ। ਉਨ੍ਹਾਂ ਡੱਗ ਫ਼ੋਰਡ ਵੱਲੋਂ ਸਿਹਤ ਸਬੰਧੀ ਫ਼ੰਡਾਂ ਵਿਚ ਕੱਟ ਲਾਉਣ ਲਈ ਸੂਬਾ ਸਰਕਾਰ ਦੀ ਕਰੜੀ ਆਲੋਚਨਾ ਕੀਤੀ।
ਏਸੇ ਵਾਰਡ ਦੇ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿਚ ਰੀਜਨ ਤੇ ਸਿਟੀ ਕਾਂਊਂਸਲ ਦੇ ਕੰਮਾਂ ਦਾ ਵੱਖਰੇਵਾਂ ਕਰਦਿਆਂ ਹੋਇਆਂ ਪੀਲ ਰੀਜਨਲ ਕਾਊਂਸਲ ਵੱਲੋਂ ਬਰੈਂਪਟਨ ਵਿਚ ਕਰਵਾਏ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਬਰੈਂਪਟਨ ਨੂੰ ਪਬਲਿਕ ਹੈੱਲਥ ਦੇ ਸੁਧਾਰ ਲਈ ਹੋਰ ਫ਼ੰਡਾਂ ਦੀ ਜ਼ਰੂਰਤ ਹੈ ਜਦ ਕਿ ਫ਼ੋਰਡ ਸਰਕਾਰ ਮੌਜੂਦਾ ਫ਼ੰਡਾਂ ਵਿਚ ਵੀ ਕੱਟ ਲਗਾ ਰਹੀ ਹੈ। ਉਨ੍ਹਾਂ ਬਰੈਂਪਟਨ ਵਿਚ ਐੱਲ.ਆਰ.ਟੀ. ਪ੍ਰਾਜੈੱਕਟ ਨੂੰ ਸਿਰੇ ਚਾੜ੍ਹਨ ਤੇ ਸ਼ਹਿਰ ਵਿਚ ਪਬਲਿਕ ਫ਼ੰਡਿਡ ਯੂਨੀਵਰਸਿਟੀ ਦੀ ਗੱਲ ਜ਼ੋਰਦਾਰ ਸ਼ਬਦਾਂ ਵਿਚ ਕੀਤੀ। ਇਸ ਮੌਕੇ ਬਰੈਂਪਟਨ ਐਕਸ਼ਨ ਕੋਲੀਸ਼ਨ ਦੇ ਬੁਲਾਰੇ ਪਰਮਿੰਦਰ ਗ਼ਦਰੀ ਨੇ ਉਚੇਰੀ ਸਿੱਖਿਆ ਲਈ ਯੂਨੀਵਰਸਿਟੀ ਦੀ ਮਹਾਨਤਾ ਬਾਰੇ ਦੱਸਦਿਆਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹਜ਼ਾਰਾਂ ਤੱਕ ਦੀ ਆਬਾਦੀ ਵਾਲੇ ਸ਼ਹਿਰਾਂ ਵਿਚ ਤਾਂ ਯੂਨੀਵਸਿਟੀਆਂ ਮੌਜੂਦ ਹਨ ਪਰ 5,93,636 ਦੀ ਆਬਾਦੀ ਵਾਲੇ ਕੈਨੇਡਾ ਦੇ ਨੌਵੇਂ ਵੱਡੇ ਸ਼ਹਿਰ ਵਿਚ ਕੋਈ ਯੂਨੀਵਰਸਿਟੀ ਨਹੀਂ ਹੈ। ਕੋਲੀਸ਼ਨ ਦੇ ਦੂਸਰੇ ਬੁਲਾਰੇ ਹਰਿੰਦਰ ਹੁੰਦਲ ਨੇ ਬਰੈਂਪਟਨ ਵਿਚ ਸਿਹਤ ਸੇਵਾਵਾਂ ਦੇ ਮਾੜੇ ਪ੍ਰਬੰਧ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਹਿਰ ਦੇ ਇਕਲੌਤੇ ਹਸਪਤਾਲ ਵਿਚ ਮਰੀਜ਼ਾਂ ਦਾ ਅਕਸਰ ਬਹੁਤ ਰਸ਼ ਰਹਿੰਦਾ ਹੈ ਅਤੇ ਇਸ ਵਿਚ ਬੈੱਡਾਂ ਦੀ ਘਾਟ ਕਾਰਨ ਉਨ੍ਹਾਂ ਦਾ ਮਾੜਾ-ਮੋਟਾ ‘ਹਾਲਵੇਅ ਇਲਾਜ’ ਹੀ ਕੀਤਾ ਜਾਂਦਾ ਹੈ। ‘ਪੀਲ ਮੈਮੋਰੀਅਲ ਹੌਸਪੀਟਲ’ ਨਾਂ ਦੇ ਦੂਸਰੇ ਹਸਪਤਾਲ ਦੀਆਂ ਸੇਵਾਵਾਂ ਨੂੰ 2016 ਵਿਚ ਬੰਦ ਕਰਕੇ ਇਸ ਵਿਚ ਕੇਵਲ ‘ਇਨਟੈਗਰੇਟਿਡ ਹੈੱਲਥ ਸਰਵਿਸਿਜ਼’ ਹੀ ਸਵੇਰੇ ਦਸ ਵਜੇ ਤੋਂ ਸ਼ਾਮ ਦੇ ਸੱਤ ਵਜੇ ਤੀਕ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਬਰੈਂਪਟਨ ਵਿਚ ਇਕ ਹੋਰ ਨਵੇਂ ਹਸਪਤਾਲ ਦੀ ਅਤਿਅੰਤ ਲੋੜ ‘ਤੇ ਜ਼ੋਰ ਦਿੰਦਿਆਂ ਹੋਇਆ ਉਨ੍ਹਾਂ ਫ਼ੋਰਡ ਸਰਕਾਰ ਵੱਲੋਂ ਪਿੱਛੇ ਜਿਹੇ ਨੌਕਰੀ ਤੋਂ ਕੱਢੀਆਂ ਗਈਆਂ 600 ਨਰਸਾਂ ਦੀ ਕਾਰਵਾਈ ਨੂੰ ਬੇਹੱਦ ਮਾੜਾ ਗਰਦਾਨਦਿਆਂ ਹੋਇਆਂ ਕਿਹਾ ਕਿ ਓਨਟਾਰੀਓ ਦੇ ਹਸਪਤਾਲਾਂ ਵਿਚ ਨਰਸਾਂ ਅਤੇ ਡਾਕਟਰਾਂ ਦੀ ਸਗੋਂ ਹੋਰ ਜ਼ਰੂਰਤ ਹੈ। ਉਨ੍ਹਾਂ ਮਰੀਜ਼ਾਂ ਦੇ ਖਾਣਾ ਔਟਵਾ ਦੀ ਵੱਡੀ ਕਾਰਪੋਰੇਟ ਕੰਪਨੀ ਵੱਲੋਂ ਮੁਹੱਈਆ ਕੀਤੇ ਜਾਣ ਬਾਰੇ ਵੀ ਦੱਸਿਆ। ਇੰਜੀ. ਦਲਬੀਰ ਸਿੰਘ ਕੰਬੋਜ ਜਿਨ੍ਹਾਂ 9-10 ਸਾਲ ਪਹਿਲਾਂ ਬਰੈਂਪਟਨ ਵਿਚ ਯੂਨੀਵਰਸਿਟੀ ਬਣਾਉਣ ਲਈ ਸੂਬਾ ਸਰਕਾਰ ਨੂੰ ਪਹਿਲੀ ਪਟੀਸ਼ਨ ਭੇਜ ਕੇ ਆਵਾਜ਼ ਉਠਾਈ ਸੀ ਤੇ ਬਾਅਦ ਵਿਚ ਕਈ ਹੋਰ ਪਟੀਸ਼ਨਾਂ ਵੀ ਭੇਜੀਆਂ, ਨੇ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਨੂੰ ਵੱਖ-ਵੱਖ ਪ੍ਰਾਜੈੱਕਟਾਂ ਲਈ ਫੰਡ ਦੀ ਵੰਡ ਸਮੇਂ ਬਰੈਂਪਟਨ ਨਾਲ ਕੀਤੇ ਜਾ ਰਹੇ ਪੱਖ-ਪਾਤੀ ਰਵੱਈਏ ਬਾਰੇ ਤੱਥਾਂ ਸਮੇਤ ਵਿਸਥਾਰ-ਪੂਰਵਕ ਚਾਨਣਾ ਪਾਇਆ। ਇਸ ਦੌਰਾਨ ਬਰੈਂਪਟਨ ਦੇ ਚੁਣੇ ਹੋਏ ਨੁਮਾਂਇੰਦਿਆਂ ਐੱਮ.ਪੀ.ਪੀਜ਼. ਅਮਰਜੋਤ ਸੰਧੂ ਅਤੇ ਪ੍ਰਭਮੀਤ ਸਰਕਾਰੀਆਂ ਦੀ ਗ਼ੈਰ-ਹਾਜ਼ਰੀ ਸ਼ਿੱਦਤ ਨਾਲ ਮਹਿਸੂਸ ਕੀਤੀ ਗਈ ਜਿਨ੍ਹਾਂ ਨੂੰ ਇਸ ਇਕੱਤਰਤਾ ਲਈ ਵਿਸ਼ੇਸ਼ ਤੌਰ ઑਤੇ ਸੱਦਾ ਦਿੱਤਾ ਗਿਆ ਸੀ।
ਇਸ ਮੌਕੇ ਹੋਰ ਬੁਲਾਰਿਆਂ ਵਿਚ ਸ਼ਾਮਲ ਡਾ.ਬਲਜਿੰਦਰ ਸਿੰਘ ਸੇਖੋਂ, ਡਾ. ਸੁਖਦੇਵ ਸਿੰਘ ਝੰਡ, ઑਸਰੋਕਾਰਾਂ ਦੀ ਆਵਾਜ਼਼ ਦੇ ਹਰਬੰਸ ਸਿੰਘ, ઑਜੇਮਜ਼ ਪੌਟਰ ਸੀਨੀਅਰਜ਼ ਐਸੋਸੀਏਸ਼ਨ਼ ਤੋਂ ਪ੍ਰੀਤਮ ਸਿੰਘ ਸਰਾਂ, ઑਕੈਸੀ ਕੈਂਬਲ ਸੀਨੀਅਰਜ਼ ਐਸੋਸੀਏਸ਼ਨ਼ ਤੋਂ ਇਕਬਾਲ ਸਿੰਘ ਵਿਰਕ, ਕੁਲਦੀਪ ਸਿੰਘ ਬੋਪਾਰਾਏ, ਪਰਮਜੀਤ ਸਿੰਘ ਗਿੱਲ ਅਤੇ ਇਕਬਾਲ ਸੁੰਬਲ ਦੇ ਸੰਬੋਧਨ ਦਾ ਮੁੱਖ-ਧੁਰਾ ਬਰੈਂਪਟਨ ਵਿਚ ਪਬਲਿਕ ਫ਼ੰਡਾਂ ਨਾਲ ਬਣਾਈ ਜਾਣ ਵਾਲੀ ਯੂਨੀਵਰਸਿਟੀ ਅਤੇ ਇਕ ਹੋਰ ਨਵੇਂ ਹਸਪਤਾਲ ਦੀ ਲੋੜ ਉੱਪਰ ਹੀ ਕੇਂਦ੍ਰਿਤ ਰਿਹਾ। ਜਿੱਥੇ ਡਾ. ਸੇਖੋਂ ਨੇ ਬਰੈਂਪਟਨ ਦੀ ਇਸ ਭਵਿੱਖ-ਮਈ ਯੂਨੀਵਰਸਿਟੀ ਲਈ ਮੇਨ-ਸਟਰੀਟ ਦੇ ‘ਗੋ-ਸਟੇਸ਼ਨ’ ਦੇ ਨਜ਼ਦੀਕ ਸਿਟੀ ਕਾਊਂਸਲ ਵੱਲੋਂ ਨਿਰਧਾਰਤ ਕੀਤੀ ਗਈ ਸੀਮਤ ਜਿਹੀ ਜਗ੍ਹਾ ਜਿੱਥੇ 20-22 ਮੰਜ਼ਲੀ ਮਲਟੀ-ਸਟੋਰੀ ਬਣਾਉਣ ਦੀ ਤਜਵੀਜ਼ ਹੈ, ਨੂੰ ਯੂਨੀਵਰਸਿਟੀ ਦੀ ਲੋੜ ਲਈ ਨਾ-ਕਾਫ਼ੀ ਦੱਸਿਆ ਅਤੇ ਇਸ ਦੇ ਲਈ ਘੱਟੋ-ਘੱਟ 100-150 ਏਕੜ ਜਗ੍ਹਾ ਦੀ ਮੰਗ ਕੀਤੀ, ਉੱਥੇ ਡਾ. ਝੰਡ ਨੇ ਬਰੈਂਪਟਨ ਵਿਚ ਟੋਰਾਂਟੋ ਦੀ ਰਾਇਰਸਨ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਜਾ ਰਹੇ ‘ਸੈਂਟਰ ਫ਼ਾਰ ਸਾਈਬਰ ਕਰਾਈਮ ਆਈਨੋਵੇਸ਼ਨ’ ਨੂੰ ਉਸ ਯੂਨੀਵਰਸਿਟੀ ਦਾ ਇਕ ਵਿਭਾਗ ਦੱਸਦਿਆਂ ਹੋਇਆਂ ਕਿਹਾ ਕਿ ਯੂਨੀਵਰਸਿਟੀਆਂ ਵਿਚ ਤਾਂ ਸੈਂਕੜੇ ਹੀ ਵਿਭਾਗ ਚੱਲਦੇ ਹਨ ਅਤੇ ਕਿਸੇ ਯੂਨੀਵਰਸਿਟੀ ਦਾ ਕੋਈ ਇਕ ਵਿਭਾਗ ਕਿਸੇ ਖ਼ਾਸ ਖਿੱਤੇ ਵਿਚ ਪੂਰੀ ਯੂਨੀਵਰਸਿਟੀ ਦਾ ਬਦਲ ਨਹੀਂ ਬਣ ਸਕਦਾ। ਉਨ੍ਹਾਂ ਡਾ. ਸੇਖੋਂ ਦੀ ਯੂਨੀਵਰਸਿਟੀ ਲਈ ਵਧੇਰੇ ਖੁੱਲ੍ਹੀ ਜਗ੍ਹਾ ਦੀ ਵੀ ਪ੍ਰੋੜ੍ਹਤਾ ਕੀਤੀ। ਹਰਬੰਸ ਸਿੰਘ ਨੇ ਫ਼ੋਰਡ ਸਰਕਾਰ ਵੱਲੋਂ ਹੈੱਲਥ ਅਤੇ ਐਜੂਕੇਸ਼ਨ ઑਤੇ ਲਾਏ ਗਏ ਕੱਟਾਂ ਦੀ ਨਿਖੇਧੀ ਕਰਦਿਆਂ ਹੋਇਆਂ ਇਨ੍ਹਾਂ ਨੂੰ ਬਰੈਂਪਟਨ ਸ਼ਹਿਰ ਨੂੰ ਹੋਰ ਪਿੱਛੇ ਧੱਕਣ ਵਾਲੀ ਕਾਰਵਾਈ ਦੱਸਿਆ। ਕੁਲਦੀਪ ਬੋਪਾਰਾਏ ਨੇ ਸਿਟੀ ਕਾਊਂਸਲ ਦੀ ਬਰੈਂਪਟਨ ਡਾਊਨ ਟਾਊਨ ਦੇ ઑਗੋ-ਸਟੇਸ਼ਨ਼ ਨੇੜਲੀ ਮੌਜੂਦਾ ਤਜਵੀਜ਼ ਨੂੰ ਰੱਦ ਕਰਦਿਆਂ ਹੋਇਆਂ ਕਿਹਾ ਕਿ ਅਜਿਹੇ ਕੰਮ ਰੋਜ਼-ਰੋਜ਼ ਨਹੀਂ ਹੁੰਦੇ ਅਤੇ ਯੂਨੀਵਰਸਿਟੀ ਕਿਸੇ ਖੁੱਲ੍ਹੀ ਥਾਂ ‘ਤੇ ਬਣਨੀ ਚਾਹੀਦੀ ਹੈ। ਅਖ਼ੀਰ ਵਿਚ ਚਰਨਜੀਤ ਬਰਾੜ ਨੇ ਆਏ ਹੋਏ ਸਮੂਹ ਬਰੈਂਪਟਨ-ਵਾਸੀਆਂ ਦਾ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਬਰੈਂਪਟਨ-ਵਾਸੀਆਂ ਨੂੰ ਇਨ੍ਹਾਂ ਦੋਹਾਂ ਮੁੱਖ ਮੰਗਾਂ ਦੀ ਪੂਰਤੀ ਲਈ ਲਈ ਸੰਘਰਸ਼ ਲਈ ਤਿਆਰ ਹੋਣ ਬਾਰੇ ਕਿਹਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …