Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕੌਮਾਂਤਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਜੂਮ-ਸਮਾਗਮ ਆਯੋਜਿਤ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕੌਮਾਂਤਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਜੂਮ-ਸਮਾਗਮ ਆਯੋਜਿਤ

ਇੰਗਲੈਂਡ, ਭਾਰਤ, ਪਾਕਿਸਤਾਨ ਤੇ ਕੈਨੇਡਾ ਦੇ ਕਈ ਸ਼ਹਿਰਾਂ ਤੋਂ ਵਿਦਵਾਨ ਹੋਏ ਸ਼ਾਮਲ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਫਰਵਰੀ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮੱਰਪਿਤ ਜ਼ੂਮ-ਸਮਾਗ਼ਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਭਾਰਤ ਅਤੇ ਪਾਕਿਸਤਾਨ ਤੋਂ ਵਿਦਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸਭਾ ਵੱਲੋਂ ਇਸ ਜ਼ੂਮ-ਸਮਾਗ਼ਮ ਵਿਚ ਸ਼ਾਮਲ ਹੋਣ ਲਈ ਬਰੈਂਪਟਨ ਵਿਚ ਵਿਚਰ ਰਹੀਆਂ ਹੋਰ ਸਾਹਿਤ ਸਭਾਵਾਂ ਤੇ ਜੱਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ। ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਵੀ ਇਸ ਸਮਾਗਮ ਵਿਚ ਪੰਜਾਬੀ ਮਾਂ-ਬੋਲੀ ਦੇ ਮੌਜੂਦਾ ਹਾਲਾਤ ਅਤੇ ਇਸ ਦੀ ਬਿਹਤਰੀ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਪ੍ਰੋਗਰਾਮ ਦੇ ਆਰੰਭ ਵਿਚ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸਮਾਗਮ ਵਿਚ ਸ਼ਾਮਲ ਹੋਏ ਮਹਿਮਾਨਾਂ, ਵਿਦਵਾਨਾਂ ਅਤੇ ਮੈਂਬਰਾਂ ਦੇ ਰਸਮੀ ਸਵਾਗਤ ਤੋਂ ਬਾਅਦ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਸੰਖੇਪ ਵਿਚ ਦੱਸਿਆ। ਉਪਰੰਤ, ਸਮਾਗਮ ਦੇ ਸੰਚਾਲਕ ਤਲਵਿੰਦਰ ਮੰਡ ਨੇ ਮੁੱਖ-ਬੁਲਾਰੇ ਪ੍ਰੋ. ਰਾਮ ਸਿੰਘ ਨੂੰ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਬੇਨਤੀ ਕੀਤੀ ਜਿਨ੍ਹਾਂ ਨੇ ਆਪਣਾ ਸੰਬੋਧਨ ਵਿਚ ਕਿਹਾ ਕਿ ਰਾਜਨੀਤੀ ਹਮੇਸ਼ਾ ਲੋਕਾਂ ਨੂੰ ਆਪਣੀ ਮਾਂ-ਬੋਲੀ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਕਿਉਂਕਿ ਨਾਬਰੀ ਦੀ ਸੋਚ ਮਾਂ-ਬੋਲੀ ਵਿਚ ਹੀ ਅੱਗੇ ਵੱਧਦੀ ਹੈ। ਉਨ੍ਹਾਂ ਦੱਸਿਆ ਕਿ 1947 ਵਿਚ ਆਜ਼ਾਦੀ ਮਿਲਣ ਤੋਂ ਬਾਅਦ ਭਾਰਤ ਵਿਚ ਹਿੰਦੀ ਨੂੰ ਕੌਮੀ-ਭਾਸ਼ਾ ਅਤੇ ਅੰਗਰੇਜ਼ੀ ਨੂੰ ਸੰਪਰਕ ਭਾਸ਼ਾ ਐਲਾਨਿਆ ਗਿਆ। ਪੰਜਾਬ ਵਿਚ ਪੰਜਾਬੀ ਨੂੰ ਸਰਕਾਰੀ ਤੌਰ ‘ਤੇ ਦਫਤਰੀ ਭਾਸ਼ਾ ਤਤਕਾਲੀ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਵੱਲੋਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸਕੂਲੀ ਪੱਧਰ ਤੱਕ ਵਿੱਦਿਆ ਮਾਤ-ਭਾਸ਼ਾ ਵਿਚ ਹੀ ਦੇਣੀ ਚਾਹੀਦੀ ਹੈ ਅਤੇ ਇਸ ਦੇ ਲਈ ਪਾਠ-ਪੁਸਤਕਾਂ ਮਾਤ-ਭਾਸ਼ਾ ਵਿਚ ਹੋਣੀਆਂ ਚਾਹੀਦੀਆਂ ਹਨ।
‘ਪੰਜਾਬੀ ਵਿਚਾਰ ਮੰਚ ਲਾਹੌਰ’ ਦੇ ਅਹਿਮਦ ਰਜ਼ਾ ਨੇ ‘ਬੋਲੀ ਦੀਆਂ ਲੋੜਾਂ ਤੇ ਥੋੜਾਂ’ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿ 1947 ਦੀ ਭਾਰਤ-ਪਾਕਿਸਤਾਨ ਵੰਡ ਨਾਲ ਪੰਜਾਬੀ ਬੋਲੀ ਨੂੰ ਵੱਡਾ ਧੱਕਾ ਲੱਗਾ। ਪੱਛਮੀ ਪਾਕਿਸਤਾਨ ਦੇ ਹੋਰ ਸਾਰੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਉਰਦੂ ਸੂਬੇ ਦੀ ਭਾਸ਼ਾ ਬਣਾ ਦਿੱਤੀ ਗਈ ਅਤੇ ਪੰਜਾਬੀ ਨੂੰ ਪਿੱਛੇ ਧੱਕ ਦਿੱਤਾ ਗਿਆ ਜਿਸ ਨੂੰ ਲੋੜੀਂਦਾ ਦਰਜਾ ਦਿਵਾਉਣ ਲਈ ਪੰਜਾਬੀ ਲਗਾਤਾਰ ਜੱਦੋ-ਜਹਿਦ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸੂਬੇ ਦੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਏਸੇ ਤਰ੍ਹਾਂ ਲਾਹੌਰ ਤੋਂ ਦੂਸਰੇ ਵਿਦਵਾਨ ਰਜ਼ਾ ਸ਼ਾਹ ਦਾ ਕਹਿਣਾ ਸੀ ਕਿ ਪਾਕਿਸਤਾਨ ਵਿਚ ਪੰਜਾਬੀ ਨੂੰ ਜਾਂਗਲੀਆਂ ਦੀ ਭਾਸ਼ਾ ਅਤੇ ਉਰਦੂ ਨੂੰ ਅਦਬੀ ਤੇ ਤਹਿਜ਼ੀਬ-ਯਾਫ਼ਤਾ ਬੋਲੀ ਸਮਝਿਆ ਜਾਂਦਾ ਹੈ। ਪੰਜਾਬੀ ਬੋਲੀ ਨੂੰ ਉੱਚਾ ਚੁੱਕਣ ਲਈ ਉੱਥੇ ਪੰਜਾਬੀਆਂ ਵੱਲੋਂ ਸਮੇਂ-ਸਮੇਂ ਮੁਜ਼ਾਹਰਿਆਂ ਰਾਹੀਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਇੰਗਲੈਂਡ ਤੋਂ ਦਲਬੀਰ ਕੌਰ ਨੇ ਕਿਹਾ ਕਿ ਰਾਜਨੀਤੀ ਦੀ ਆਪਣੀ ਭਾਸ਼ਾ ਹੈ ਅਤੇ ਭਾਸ਼ਾ ਦੀ ਰਾਜਨੀਤੀ ਇਸ ਤੋਂ ਬਿਲਕੁਲ ਵੱਖਰੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨਿੱਤਾ-ਪ੍ਰਤੀ ਦੀਆਂ ਲੋੜਾਂ ਲਈੰ ਪੰਜਾਬੀਆਂ ਨੂੰ ਮਾਤ-ਭਾਸ਼ਾ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਹਰਜੀਤ ਸਿੰਘ ਗਿੱਲ ਨੇ ਆਫ਼ੀਸ਼ੀਅਲ ਲੈਂਗੂਏਜ ਅਤੇ ਕਮਿਊਨੀਕੇਸ਼ਨ ਲੈਂਗੂਏਜ ਸਬੰਧੀ ਨੁਕਤਾ ਉਠਾਉਂਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਹਿੰਦੀ ਨੂੰ ਕੌਮੀ-ਭਾਸ਼ਾ ਨਹੀਂ, ਸਗੋਂ ਸੰਪਰਕ ਭਾਸ਼ਾ ਹੀ ਬਣਾਇਆ ਗਿਆ ਸੀ।
ਬਰੈਂਪਟਨ ਦੀ ਸਾਹਿਤ ਸਭਾ ‘ਕਲਮਾਂ ਦਾ ਕਾਫ਼ਲਾ’ ਦੇ ਸੰਚਾਲਕ ਕੁਲਵਿੰਦਰ ਖਹਿਰਾ ਨੇ ਪੰਜਾਬੀ ਪੁਸਤਕਾਂ ਦੇ ਪੱਧਰ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਵਿਚ ਸ਼ਬਦ-ਜੋੜਾਂ ਦੀ ਸਮਾਨਤਾ ਨਹੀਂ ਹੈ ਅਤੇ ਚੰਗੇ ਸਾਹਿਤ ਦੇ ਨਾਲ਼ ਨਾਲ਼ ਕੱਚਾ-ਪਿੱਲਾ ਸਾਹਿਤ ਵੀ ਵੱਡੀ ਮਾਤਰਾ ਵਿਚ ਛਾਪਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੌ-ਡੇਢ ਸੌ ਸਾਲ ਪਹਿਲਾਂ ਕੈਨੇਡਾ ਦੇ ਰੈਜ਼ੀਡੈਂਸ਼ਲ ਸਕੂਲਾਂ ਵਿਚ ਪੁਰਾਣੇ ਕੈਨੇਡਾ-ਵਾਸੀਆਂ ਦੇ ਬੱਚਿਆਂ ਨੂੰ ਉਨ੍ਹਾਂ ਦੀ ਮਾਤ-ਭਾਸ਼ਾ ਤੇ ਸੱਭਿਆਚਾਰ ਤੋਂ ਦੂਰ ਰੱਖਿਆ ਗਿਆ ਅਤੇ ਪੰਜਾਬ ਵਿਚ ਵੀ ਹੁਣ ਏਸੇ ਤਰ੍ਹਾਂ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਅੰਗਰੇਜ਼ੀ ਅਤੇ ਹਿੰਦੀ ਨਾਲ ਜੋੜ ਕੇ ਪੰਜਾਬੀ ਮਾਂ-ਬੋਲੀ ਤੋਂ ਦੂਰ ਕੀਤਾ ਜਾ ਰਿਹਾ ਹੈ। ਪਿਆਰਾ ਸਿੰਘ ਕੁੱਦੋਵਾਲ ਦਾ ਕਹਿਣਾ ਸੀ ਕਿ ਮਾਤ-ਭਾਸ਼ਾ ਸਿੱਖਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਸਾਡਾ ਤਾਂ ਗੁਰੂ ਹੀ ઑਸ਼ਬਦ-ਗੁਰ਼ੂ ਹੈ ਅਤੇ ਇਸ ਨੂੰ ਪੰਜਾਬੀ ਪੜ੍ਹ ਕੇ ਹੀ ਸਮਝਿਆ ਜਾ ਸਕਦਾ ਹੈ। ਨਾਹਰ ਔਜਲਾ ਨੇ ਕਿਹਾ ਕਿ ਪੰਜਾਬ ਵਿੱਚੋਂ ਬੱਚੇ ਧੜਾ-ਧੜ ਵਿਦੇਸ਼ਾਂ ਵਿਚ ਜਾ ਰਹੇ ਹਨ਼ ਉਹ ਅਤੇ ਕੈਨੇਡੀਅਨ ਪੰਜਾਬੀ ਮਾਪਿਆਂ ਦੇ ਬੱਚੇ ਪੰਜਾਬੀ ਮਾਂ-ਬੋਲੀ ਤੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਕਵਿੱਤਰੀ ਸੁਰਜੀਤ ਕੌਰ ਨੇ ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨਾਲ ਮਤਰੇਈ-ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਬੋਲਣ ઑਤੇ ਬੱਚਿਆਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਏਸੇ ਤਰ੍ਹਾਂ ਡਾ. ਕੁਲਜੀਤ ਸਿੰਘ ਜੰਜੂਆ, ਭਾਰਤ ਤੋਂ ਮਨਵਿੰਦਰ ਸੋਨੀਆ ਤੇ ਰਵਿੰਦਰ ਕੌਰ ਭਾਟੀਆ, ਪਾਕਿਸਤਾਨ ਤੋਂ ਸਈਦਾ ਬਖ਼ਤਾਵਰ ਸ਼ਾਹ ਤੇ ਕਈ ਹੋਰਨਾਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਬੁਲਾਰਿਆਂ ਵੱਲੋਂ ਉਠਾਏ ਗਏ ਨੁਕਤਿਆਂ ਅਤੇ ਸੁਆਲਾਂ ਦੇ ਜੁਆਬ ਪ੍ਰੋ. ਰਾਮ ਸਿੰਘ ਵੱਲੋਂ ਤਸੱਲੀ-ਪੂਰਵਕ ਦੱਤੇ ਗਏ।
ਪੰਜਾਬੀ ਬੋਲੀ ਸਬੰਧੀ ਵਿਚਾਰ-ਚਰਚਾ ਕਾਫ਼ੀ ਲੰਮੀ ਹੋਣ ਕਾਰਨ ਇਸ ਦੇ ਦੂਸਰੇ ਭਾਗ ਕਵੀ-ਦਰਬਾਰ ਨੂੰ ਬੇਸ਼ਕ ਸਮਾਂ ਕੁਝ ਘੱਟ ਮਿਲਿਆ ਪਰ ਇਸ ਸੀਮਿਤ ਸਮੇਂ ਵਿਚ ਗਾਇਕ ਇਕਬਾਲ ਬਰਾੜ, ਪਾਕਿਸਤਾਨ ਤੋਂ ਨਜਮਾ ਮਹਿਮੂਦ ਨਜਮਾ, ਕੈਲਗਰੀ ਤੋਂ ਗੁਰਦੀਸ਼ ਗਰੇਵਾਲ,ਯੂ.ਕੇ. ਤੋਂ ਦਲਵੀਰ ਕੌਰ, ਭਾਰਤ ਤੇ ਕੈਨੇਡਾ ਤੋਂ ਮੰਤਾਨਾ ਮੈਨਨ, ਮਨਜੀਤ ਸੇਖੋਂ, ਹਰਜੀਤ ਬਮਰਾਹ, ਰਵਿੰਦਰ ਕੌਰ ਭਾਟੀਆ, ਕੁਲਜੀਤ ਜੰਜੂਆ, ਕੁਲਜੀਤ ਮਾਨ, ਰਮਿੰਦਰ ਵਾਲੀਆ, ਸੁਰਜੀਤ ਕੌਰ ਅਤੇ ਪਰਮਜੀਤ ਗਿੱਲ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਖ਼ੂਬ ਰੰਗ ਬੰਨ੍ਹਿਆਂ। ਸਮੇਂ ਦੀ ਘਾਟ ਕਾਰਨ ਕਈ ਮੈਂਬਰ ਆਪਣੀਆਂ ਰਚਨਾਵਾਂ ਸਾਂਝੀਆਂ ਨਾ ਕਰ ਸਕੇ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਮੂਹ ਬੁਲਾਰਿਆਂ ਅਤੇ ਮਹਿਮਾਨਾਂ ਦਾ ਬੜੇ ਭਾਵਪੂਰਤ ਸ਼ਬਦਾਂ ਵਿਚ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਪੰਜਾਬੀ ਬੋਲੀ ਨੂੰ ਸਮੱਰਪਿਤ ਇਸ ਤਰ੍ਹਾਂ ਦੇ ਸਮਾਗ਼ਮ ਅਕਸਰ ਆਯੋਜਿਤ ਕਰਦੀ ਰਹਿੰਦੀ ਹੈ ਅਤੇ ਇਸ ਨੂੰ ਭਵਿੱਖ ਵਿਚ ਵੀ ਅਜਿਹੇ ਸਾਰਥਿਕ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਸਮਾਗਮ ਦੇ ਦੋਹਾਂ ਭਾਗਾਂ ਨੂੰ ਤਲਵਿੰਦਰ ਮੰਡ ਅਤੇ ਪਰਮਜੀਤ ਢਿੱਲੋਂ ਵੱਲੋਂ ਵਧੀਆ ਤਰਤੀਬ ਦਿੱਤੀ ਗਈ ਅਤੇ ਇਸ ਦੇ ਤਕਨੀਕੀ ਪੱਖ ਨੂੰ ਡਾ. ਜਗਮੋਹਨ ਸੰਘਾ ਵੱਲੋਂ ਬਾਖ਼ੂਬੀ ਨਿਭਾਇਆ ਗਿਆ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …