ਬਰੈਂਪਟਨ/ਡਾ. ਝੰਡ : ਬਰੈਂਪਟਨ ਸਿਟੀ ਵੱਲੋਂ ਆਪਣੇ ਸੀਨੀਅਰਜ਼ ਨੂੰ 28 ਫਰਵਰੀ 2022 ਤੋਂ ਬਰੈਂਪਟਨ ਟ੍ਰਾਂਜ਼ਿਟ ਦੀਆਂ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੂੰ ਹੁਣ ਇਨ੍ਹਾਂ ਬੱਸਾਂ ਵਿਚ ਚੜ੍ਹਨ ਲਈ ਮਹੀਨੇ ਲਈ 15 ਡਾਲਰ ਦਾ ਪਾਸ ਬਣਵਾਉਣ ਜਾਂ ਮਸ਼ੀਨ ਵਿਚ ਇਕ ਡਾਲਰ ਦਾ ਸਿੱਕਾ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੀ ਕਾਰਜਕਾਰਨੀ ਦੇ ਸੀਨੀਅਰ ਮੈਂਬਰ ਜੰਗੀਰ ਸਿੰਘ ਸੈਂਹਬੀ ਨੇ ਦੱਸਿਆ ਬਰੈਂਪਟਨ ਸਿਟੀ ਵੱਲੋਂ ਦਿੱਤੀ ਗਈ ਮੁਫਤ ਸਫਰ ਦੀ ਇਸ ਸਹੂਲਤ ਦਾ ਲਾਭ ਲੈਣ ਲਈ ਸੀਨੀਅਰਾਂ ਨੂੰ ਸਲਾਨਾ ਫਰੀ ਪਾਸ ਵਾਲੇ ਬਰੈਂਪਟਨ ਸੀਨੀਅਰਜ਼ ਆਈਡੈਂਟਿਟੀ ਕਾਰਡ ਬਣਵਾਉਣੇ ਹੋਣਗੇ ਅਤੇ ਇਨ੍ਹਾਂ ਨੂੰ ਹਰੇ ਰੰਗ ਵਾਲੇ ਫਰੀ ਪਰੈੱਸਟੋ ਕਾਰਡ ਨਾਲ ਆਪਣੇ ਕੋਲ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ 28 ਫਰਵਰੀ ਤੋਂ 9 ਮਾਰਚ ਤੱਕ ਛੇ ਹਫ਼ਤਿਆਂ ਲਈ ਸੀਨੀਅਰਜ਼ ਇਕੱਲੇ ਬਰੈਂਪਟਨ ਸੀਨੀਅਰਜ਼ ਵਾਲੀ ਆਈ.ਡੀ. ਨਾਲ ਹੀ ਸਫਰ ਕਰ ਸਕਦੇ ਹਨ ਪਰ ਇਸ ਤੋਂ ਪਿੱਛੋਂ ਉਨ੍ਹਾਂ ਨੂੰ ਬਰੈਂਪਟਨ ਸੀਨੀਅਰਜ਼ ਆਈਡੈਂਟਿਟੀ ਕਾਰਡ ਦੇ ਨਾਲ ਫਰੀ ਪਰੈਸਟੋ ਕਾਰਡ ਵੀ ਆਪਣੇ ਕੋਲ ਰੱਖਣਾ ਪਵੇਗਾ। ਇਹ ਫਰੀ ਪਰੈੱਸਟੋ ਕਾਰਡ ਅਤੇ ਸੀਨੀਅਰਜ਼ ਆਈਡੈਂਟਿਟੀ ਕਾਰਡ ਬਰੈਂਪਟਨ ਟ੍ਰਾਂਜ਼ਿਟ ਦੇ ਟਰਮੀਨਲਾਂ ਤੋਂ ਬਣਵਾਏ ਜਾ ਸਕਦੇ ਹਨ ਅਤੇ ਇਸ ਦੇ ਲਈ ਟੈਂਪਰੇਰੀ ਪੌਪ-ਅੱਪ ਲੋਕੇਸ਼ਨਾਂ ‘ਤੇ ਅਪੁਆਇੰਟਮੈਂਟ ਬਣਾਉਣ ਲਈ 905-874-5120 ਨੰਬਰ ‘ਤੇ ਕਾਲ ਕੀਤੀ ਜਾ ਸਕਦੀ ਹੈ।
ਜੰਗੀਰ ਸਿੰਘ ਸੈਂਹਬੀ ਹੋਰਾਂ ਅਨੁਸਾਰ ਇਸ ਨਾਲ ਉਨ੍ਹਾਂ ਦੀ ਐਸੋਸੀਏਸ਼ਨ ਦੀ ਇਹ ਚਿਰੋਕਣੀ ਮੰਗ ਬਰੈਂਪਟਨ ਸਿਟੀ ਵੱਲੋਂ ਪ੍ਰਵਾਨ ਕੀਤੀ ਗਈ ਹੈ ਅਤੇ ਉਹ ਇਸ ਦੇ ਲਈ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਰੀਜ਼ਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਂਊਂਸਲਰ ਹਰਕੀਰਤ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਸਾਥੀਆਂ ਦੇ ਅਤੀ ਧੰਨਵਾਦੀ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅੱਗੋਂ ਵੀ ਸਿਟੀ ਕਾਊਂਸਲ ਸੀਨੀਅਰਜ਼ ਦੀਆਂ ਯੋਗ ਮੰਗਾਂ ਵੱਲ ਏਸੇ ਤਰ੍ਹਾਂ ਧਿਆਨ ਦਿੰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਸੀਨੀਅਰਜ਼ ਦੇ ਕਿਸੇ ਵੀ ਮਸਲੇ ਲਈ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਦੇ ਕਾਰਜਕਾਰਨੀ ਮੈਂਬਰਾਂ ਨੂੰ ਉਨ੍ਹਾਂ ਦੇ ਸੈੱਲ-ਫ਼ੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜੋ ਇਸ ਪ੍ਰਕਾਰ ਹਨ: ਜੰਗੀਰ ਸਿੰਘ ਸੈਂਹਬੀ (416-409-0126), ਕਰਤਾਰ ਸਿੰਘ ਚਾਹਲ (647-854-8746), ਨਿਰਮਲ ਸਿੰਘ ਧਾਰਨੀ (416-670-5874), ਪ੍ਰੀਤਮ ਸਿੰਘ ਸਰਾਂ (416-833-0567), ਬਲਵਿੰਦਰ ਸਿੰਘ ਬਰਾੜ (647-262-4026)