Breaking News
Home / ਕੈਨੇਡਾ / ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ-ਦਿਹਾੜਾ ਅਤੇ ਤੀਆਂ ਦਾ ਤਿਉਹਾਰ ਮਨਾਇਆ

ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ-ਦਿਹਾੜਾ ਅਤੇ ਤੀਆਂ ਦਾ ਤਿਉਹਾਰ ਮਨਾਇਆ

ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 18 ਅਗਸਤ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਭਾਰਤ ਦਾ ਅਜ਼ਾਦੀ-ਦਿਵਸ ਅਤੇ ਬੀਬੀਆਂ ਦਾ ਤੀਆਂ ਦਾ ਤਿਉਹਾਰ ਇਕੱਠੇ ਹੀ ਸ਼ਾਅ ਪਬਲਿਕ ਸਕੂਲ ਨੇੜਲੇ ਪਾਰਕ ਵਿਚ ਮਨਾਏ। ਪ੍ਰੋਗਰਾਮ ਦੀ ਸ਼ੁਰੂਆਤ ਬਾਅਦ ਦੁਪਹਿਰ 2.00 ਵਜੇ ਭਾਰਤ ਦਾ ਤਿਰੰਗਾ ਝੰਡਾ ਅਤੇ ਕੈਨੇਡਾ ਦਾ ਰਾਸ਼ਟਰੀ ਝੰਡਾ ਲਹਿਰਾ ਕੇ ਦੋਹਾਂ ਦੇਸ਼ਾਂ ਦੇ ਰਾਸ਼ਟਰੀ-ਗੀਤ ‘ਜਨ ਗਨ ਮਨ’ ਤੇ ‘ਓ ਕੈਨੇਡਾ’ ਦੀਆਂ ਧੁਨਾਂ ਗੁਰਦੇਵ ਸਿੰਘ ਹੰਸਰਾ ਵੱਲੋਂ ਹਾਜ਼ਰੀਨ ਨਾਲ ਸਾਂਝੀਆਂ ਕਰਨ ਨਾਲ ਕੀਤੀ ਗਈ। ਉਪਰੰਤ, ਉਨ੍ਹਾਂ ਨੇ ਮੰਚ ਦੀ ਅਗਲੇਰੀ ਕਾਰਵਾਈ ਲਈ ਕਲੱਬ ਦੇ ਸਾਬਕਾ ਪ੍ਰਧਾਨ ਕਰਤਾਰ ਸਿੰਘ ਚਾਹਲ ਨੂੰ ਕਿਹਾ ਜਿਨ੍ਹਾਂ ਨੇ ਇਸ ਮੌਕੇ ਪਧਾਰੇ ਮਹਿਮਾਨਾਂ ਪ੍ਰਿੰਸੀਪਲ ਰਾਮ ਸਿੰਘ ਕੁਲਾਰ, ਇੰਜੀ. ਜਤਿੰਦਰ ਸਿੰਘ। ਪ੍ਰੋ. ਨਿਰਮਲ ਸਿੰਘ ਧਾਰਨੀ, ਸਕੂਲ-ਟਰੱਸਟੀ ਬਲਬੀਰ ਸੋਹੀ, ਜੰਗੀਰ ਸਿੰਘ ਸੈਂਹਬੀ ਅਤੇ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਤੱਗੜ ਨੂੰ ਪ੍ਰਧਾਨਗੀ-ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸ ਮੌਕੇ ਸਕੂਲ-ਟਰੱਸਟੀ ਬਲਬੀਰ ਸੋਹੀ ਵੱਲੋਂ ਭਾਰਤ ਦੀ ਅਜ਼ਾਦੀ ਅਤੇ ਇੱਥੋਂ ਦੇ ਸਕੂਲਾਂ ਵਿਚ ਬੱਚਿਆਂ ਤੇ ਮਾਪਿਆਂ ਦੀਆਂ ਅਧਿਆਪਕਾਂ ਨਾਲ ਮਿਲਣੀਆਂ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੋ. ਨਿਰਮਲ ਸਿੰਘ ਧਾਰਨੀ ਅਤੇ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਵੱਲੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਸੂਰਬੀਰ ਯੋਧਿਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਜਿਸ ਨੂੰ ਸਮਾਗ਼ਮ ਵਿਚ ਮੌਜੂਦ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆਂ। ਸਮੇਂ ਦੀ ਘਾਟ ਕਾਰਨ ਇਹ ਸਮਾਗ਼ਮ ਸੰਖੇਪ ਰੱਖਣਾ ਪਿਆ ਕਿਉਂਕਿ ਇਸ ਤੋਂ ਬਾਅਦ 3.30 ਵਜੇ ਬੀਬੀਆਂ ਦੀਆਂ ਤੀਆਂ ਦਾ ਦੌਰ ਸ਼ੁਰੂ ਹੋਣ ਵਾਲਾ ਸੀ। ਖੁੱਲ੍ਹੇ ਸ਼ਮਿਆਨੇ ਹੇਠ ਗੋਲ ਚੱਕਰ ਬਣਾ ਕੇ ਖ਼ੂਬ ਬੋਲੀਆਂ ਪਾਈਆਂ ਅਤੇ ਨੱਚ-ਨੱਚ ਕੇ ਧਰਤੀ ਹਿਲਾ ਦਿੱਤਾ। ਤੀਆਂ ਦਾ ਇਹ ਸਿਲਸਿਲਾ ਤੇਜ਼ ਬਾਰਸ਼ ਆਉਣ ਤੱਕ ਨਿਰੰਤਰ ਚੱਲਦਾ ਰਿਹਾ। ਇਸ ਦੇ ਨਾਲ ਹੀ ਪ੍ਰਬੰਧਕਾਂ ਵੱਲੋਂ ਬੱਚਿਆਂ ਲਈ ਫੇਸ-ਪੇਂਟਿੰਗ ਅਤੇ ਵੱਖ-ਵੱਖ ਰੰਗਾਂ ਦੇ ਬੈਲੂਨਜ਼ (ਭਕਾਨਿਆਂ) ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਉਨ੍ਹਾਂ ਨੇ ਖ਼ੂਬ ਆਨੰਦ ਮਾਣਿਆਂ। ਇਸ ਦੌਰਾਨ ਚਾਹ-ਪਾਣੀ, ਸਨੈਕਸ ਅਤੇ ਮਠਿਆਈਆਂ ਦਾ ਬਹੁਤ ਵਧੀਆ ਪ੍ਰਬੰਧ ਸੀ ਜੋ ਸ਼ਾਮ ਦੇ 7.00 ਵਜੇ ਤੀਕ ਚੱਲਦਾ ਰਿਹਾ। ਸਮਾਗ਼ਮ ਦੀ ਸਫ਼ਲਤਾ ਦਾ ਸਿਹਰਾ ਕਲੱਬ ਦੇ ਲੇਡੀਜ਼ ਵਿੰਗ ਨੂੰ ਜਾਂਦਾ ਹੈ ਜਿਨ੍ਹਾਂ ਦਾ ਇਸ ਵਿਚ ਵਿਸੇ ਯੋਗਦਾਨ ਰਿਹਾ। ਸਮਾਗ਼ਮ ਦੌਰਾਨ ਫ਼ੋਟੋਗ੍ਰਾਫ਼ੀ ਦੀ ਸੇਵਾ ਬਲਵੀਰ ਸਿੰਘ ਧਾਲੀਵਾਲ ਨੇ ਨਿਭਾਈ ਜਦਕਿ ਚਾਹ-ਪਾਣੀ ਦੇ ਲੰਗਰ ਦੀ ਸੇਵਾ ਦੀ ਜ਼ਿਮੇਂਵਾਰੀ ਟਹਿਲ ਸਿੰਘ ਮੁੰਡੀ, ਗੁਰਮੇਲ ਸਿੰਘ ਗਿੱਲ, ਹਰਮਿੰਦਰ ਸਿੰਘ ਢੀਂਡਸਾ ਅਤੇ ਹਰੀ ਸਿੰਘ ਗਿੱਲ ਵੱਲੋਂ ਕੀਤੀ ਗਈ।

Check Also

ਕੈਨੇਡਾ ਸਰਕਾਰ ‘ਮੌਰਟਗੇਜ’ ਨਿਯਮਾਂ ‘ਚ ਬਦਲਾਅ ਲਿਆ ਰਹੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਘਰਾਂ ਦੀ ਘਾਟ ਦੀ ਸਮੱਸਿਆ ਹੈ। ਇਸ ਦੇ ਹੱਲ ਲਈ …