ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਦੂਜੀ ਵਾਰੀ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ। ਸੋਮਵਾਰ ਸਵੇਰੇ ਪੋਸਟ ਕੀਤੀ ਗਈ ਟਵੀਟ ਵਿੱਚ ਪੀਐਮ ਟਰੂਡੋ ਨੇ ਆਖਿਆ ਕਿ ਉਹ ਪਬਲਿਕ ਹੈਲਥ ਗਾਈਡਲਾਈਨਜ਼ ਦਾ ਪਾਲਣ ਕਰ ਰਹੇ ਹਨ ਤੇ ਉਨ੍ਹਾਂ ਵੱਲੋਂ ਖੁਦ ਨੂੰ ਆਈਸੋਲੇਟ ਕਰ ਲਿਆ ਗਿਆ ਹੈ।
ਪਿਛਲੇ ਹਫਤੇ ਟਰੂਡੋ ਸਮਿਟ ਆਫ ਦ ਅਮੈਰੀਕਾਜ਼ ਵਿੱਚ ਹਿੱਸਾ ਲੈਣ ਲਈ ਲਾਸ ਏਂਜਲਸ ਗਏ ਸਨ, ਜਿੱਥੇ ਉਨ੍ਹਾਂ ਵੱਲੋਂ ਕਈ ਉੱਘੇ ਅਧਿਕਾਰੀਆਂ ਸਮੇਤ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਵੀ ਮੁਲਾਕਾਤ ਕੀਤੀ ਗਈ। ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਠੀਕ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਵੈਕਸੀਨੇਸ਼ਨ ਮੁਕੰਮਲ ਕਰਵਾਈ ਹੋਈ ਹੈ।
ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਆਪਣੀ ਵੈਕਸੀਨੇਸ਼ਨ ਮੁਕੰਮਲ ਕਰਵਾਉਣ ਤੇ ਜਲਦ ਤੋਂ ਜਲਦ ਬੂਸਟਰ ਡੋਜ਼ ਵੀ ਲੈਣ। ਸੋਮਵਾਰ ਰਾਤ ਨੂੰ ਟਰੂਡੋ ਨੇ ਲਿਬਰਲ ਡੋਨਰ ਐਪਰੀਸਿਏਸ਼ਨ ਈਵੈਂਟ ਉੱਤੇ ਬੋਲਣਾ ਸੀ ਪਰ ਹੁਣ ਉਨ੍ਹਾਂ ਦੀ ਥਾਂ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਬੋਲਣਗੇ। ਇਸ ਤੋਂ ਪਹਿਲਾਂ ਟਰੂਡੋ ਜਨਵਰੀ ਵਿੱਚ ਕੋਵਿਡ ਪਾਜ਼ੀਟਿਵ ਆਏ ਸਨ।