ਪਾਰਲੀਆਮੈਂਟ ਹਿੱਲ ਦੇ ਨੇੜੇ ਸਿੱਖ ਈਵੈਂਟ ਦਾ ਆਯੋਜਨ ਕਰਨ ਵਾਲੇ ਦੋ ਪ੍ਰਬੰਧਕਾਂ ਨੂੰ ਬੰਬ ਦੀ ਧਮਕੀ ਦੇ ਚੱਲਦਿਆਂ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਸਿੱਖ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਉਹ ਕਾਫੀ ਸਦਮੇ ਵਿੱਚ ਹਨ।
ਇੱਕ ਪ੍ਰਬੰਧਕ ਨੇ ਆਖਿਆ ਕਿ ਇਹ ਘਟਨਾ ਪਰੇਸ਼ਾਨ ਕਰਨ ਵਾਲੀ ਤੇ ਨਿਰਾਦਰ ਕਰਨ ਵਾਲੀ ਸੀ।
ਭਾਰਤ ਵਿੱਚ 1984 ‘ਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਸਬੰਧ ਵਿੱਚ ਰੈਲੀ ਦਾ ਆਯੋਜਨ ਕਰਨ ਵਾਲੇ ਇਨ੍ਹਾਂ ਸਿੱਖ ਪ੍ਰਬੰਧਕਾਂ ਵਿੱਚੋਂ ਇੱਕ ਸਿੱਖ ਪ੍ਰਬੰਧਕ ਨੇ ਆਖਿਆ ਕਿ ਉਨ੍ਹਾਂ ਦੇ ਗਰੁੱਪ ਨੂੰ ਹਿੱਲ ਉੱਤੇ ਇੱਕਠੇ ਹੋਣ ਦਾ ਪਰਮਿਟ ਮਿਲਿਆ ਸੀ।
ਪਰ ਜਦੋਂ ਮੈਂਬਰ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਉੱਥੇ ਰੈਲੀ ਨਹੀਂ ਕਰ ਸਕਦੇ ਕਿਉਂਕਿ ਉਸ ਇਲਾਕੇ ਵਿੱਚ ਬੰਬ ਦੀ ਧਮਕੀ ਮਿਲੀ ਹੈ।ਦੂਜੇ ਪ੍ਰਬੰਧਕ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਆਫ ਕੈਨੇਡਾ ਦੇ ਸਾਹਮਣੇ ਵਾਲੇ ਲਾਅਨ ਵਿੱਚ ਆਪਣਾ ਈਵੈਂਟ ਕਰਵਾਉਣ ਲਈ ਭੇਜ ਦਿੱਤਾ ਗਿਆ।
ਰੈਲੀ ਸੁ਼ਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਮਨਵੀਰ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਇਹ ਕਹਿੰਦਿਆਂ ਹੋਇਆਂ ਗ੍ਰਿਫਤਾਰ ਕਰ ਲਿਆ ਕਿ ਉਨ੍ਹਾਂ ਨੂੰ ਹਿੱਲ ਉੱਤੇ ਬੰਬ ਨਾਲ ਹਮਲਾ ਕਰਨ ਦੀ ਜਿਹੜੀ ਧਮਕੀ ਮਿਲੀ ਹੈ ਉਸ ਲਈ ਉਹ ਜ਼ਿਮੇਵਾਰ ਹਨ।
ਉਨ੍ਹਾਂ ਆਖਿਆ ਕਿ ਜਦੋਂ ਉਨ੍ਹਾਂ ਕੋਈ ਗਲਤ ਕੰਮ ਹੀ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਬਿਨਾ ਮਤਲਬ ਗ੍ਰਿਫਤਾਰ ਕਿਉਂ ਕੀਤਾ ਗਿਆ।
ਉਹ ਇੱਕ ਸੱਚੇ ਕੈਨੇਡੀਅਨ ਸਿੱਖ ਹਨ ਤੇ ਇਸ ਦੇਸ਼ ਨੂੰ ਉਹ ਪਿਆਰ ਕਰਦੇ ਹਨ। ਇਸ ਦੀ ਹਿਫਾਜ਼ਤ ਲਈ ਉਹ ਕੁੱਝ ਵੀ ਕਰ ਸਕਦੇ ਹਨ।
ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਲਈ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਨ੍ਹਾਂ ਨੇ ਪੱਗ ਬੰਨ੍ਹੀ ਹੋਈ ਸੀ? ਉਨ੍ਹਾਂ ਦੀ ਚਮੜੀ ਗੋਰੀ ਨਹੀਂ ਹੈ ? ਇਹ ਸੱਭ ਕੀ ਹੋ ਰਿਹਾ ਹੈ?
ਇਸ ਸਬੰਧ ਵਿੱਚ ਪੁੱਛੇ ਸਵਾਲਾਂ ਦੇ ਓਟਵਾ ਪੁਲਿਸ ਵੱਲੋਂ ਜਵਾਬ ਨਹੀਂ ਦਿੱਤੇ ਜਾ ਰਹੇ। ਬੱਸ ਇਹੋ ਆਖਿਆ ਜਾ ਰਿਹਾ ਹੈ ਕਿ ਇਸ ਸਬੰਧ ਵਿੱਚ ਜਾਂਚ ਮੁਕੰਮਲ ਹੋ ਚੁੱਕੀ ਹੈ ਤੇ ਕਿਸੇ ਉੱਤੇ ਕੋਈ ਚਾਰਜਿਜ਼ ਨਹੀਂ ਲਾਏ ਗਏ।