ਮਾਈਨਿੰਗ ਨੂੰ ਲੈ ਕੇ ਕਾਂਗਰਸੀ ਆਗੂ ਨੇ ਪੰਜਾਬ ਸਰਕਾਰ ‘ਤੇ ਚੁੱਕੇ ਸਵਾਲ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਆਜ਼ਾਦਾਨਾ ਤੌਰ ‘ਤੇ ਪੰਜਾਬ ਦੇ ਹਿੱਤ ਵਿਚ ਫ਼ੈਸਲੇ ਲੈਣ ਦੇ ਸਮਰੱਥ ਨਹੀਂ ਹੈ ਜਦਕਿ ਪੰਜਾਬ ਨੂੰ ਨਿਧੜਕ, ਬੇਖ਼ੌਫ ਤੇ ਆਜ਼ਾਦ ਸੋਚ ਵਾਲਾ ਮੁੱਖ ਮੰਤਰੀ ਚਾਹੀਦਾ ਹੈ, ਇਹ ਪੰਜਾਬ ਦਾ ਦੁਖਾਂਤ ਹੈ ਕਿ ਇਸ ਨੂੰ ਖ਼ੁਸ਼ਹਾਲ ਬਣਾਉਣ ਲਈ ਕੋਈ ਪੰਜਾਬ ਪੱਖੀ ਮੁੱਖ ਮੰਤਰੀ ਨਹੀਂ ਮਿਲਿਆ। ਪਟਿਆਲਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਖ਼ੁਦ ਨੂੰ ਕੌਮੀ ਪਾਰਟੀ ਕਹਾਉਂਦੀ ਹੈ ਪਰ ਲੋਕ ਸਭਾ ਵਿਚ ਇਕ ਸੀਟ ਵਾਲੀ ਕਿਹੜੀ ਪਾਰਟੀ ਕੌਮੀ ਪਾਰਟੀ ਹੋਣ ਦੇ ਦਮਗਜ਼ੇ ਮਾਰਦੀ ਹੈ। ‘ਇੰਡੀਆ ਗੱਠਜੋੜ’ ਲਈ ਹਾਈ ਕਮਾਨ ਦੇ ਕਹਿਣ ‘ਤੇ ਉਹ ‘ਆਪ’ ਦੇ ਪੱਖ ਵਿਚ ਵੀ ਪ੍ਰਚਾਰ ਕਰਨਗੇ ਪਰ ਪੰਜਾਬ ਦੇ ਮੁੱਦਿਆਂ ਦੀ ਗੱਲ ਉਦੋਂ ਵੀ ਕੀਤੀ ਜਾਵੇਗੀ। ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਕੇਂਦਰ ਦੀਆਂ ਫੋਰਸਾਂ ਮੰਗਾਉਣ ਦੇ ਬਾਵਜੂਦ ਉਹ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਨਹੀਂ ਕਰ ਸਕੇ।
ਨਵਜੋਤ ਸਿੱਧੂ ਨੇ ਮਾਈਨਿੰਗ ਨੂੰ ਲੈ ਕੇ ਇਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਆਰੋਪ ਲਾਇਆ ਹੈ ਕਿ ਪੰਜਾਬ ਵਿੱਚ ਸਰਕਾਰ ਦੀ ਦੇਖ-ਰੇਖ ਹੇਠ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸ ਵਿੱਚ ਕੁੱਝ ਸਾਬਕਾ ਮੰਤਰੀ ਦੇ ਰਿਸ਼ਤੇਦਾਰ ਅਤੇ ਕੁੱਝ ਜੇਈ ਖ਼ੁਦ ਮਾਈਨਿੰਗ ਕਰਵਾ ਰਹੇ ਹਨ। ਇਸ ਸਬੰਧੀ ਹਾਈਕੋਰਟ ਤੱਕ ਪਹੁੰਚ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ ਨੰਦਰਾ-ਕਲਮੋਟ ਅਤੇ ਖੇੜਾ ਕਲਾਂ ਵਿੱਚ ਹੱਥੀਂ ਮਾਈਨਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਉੱਥੇ ਸਰਕਾਰੀ ਮੁਲਾਜ਼ਮ ਹਜ਼ਾਰਾਂ ਟਿੱਪਰ ਰੇਤ ਕੱਢ ਰਹੇ ਹਨ। ਇਸ ਦਾ ਮਤਲਬ ਹੈ ਕਿ ਇਹ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਹੜੀ ਰੇਤ ਕਾਂਗਰਸ ਦੇ ਦਿਨਾਂ ਵਿੱਚ 3300 ਰੁਪਏ ਵਿੱਚ ਵਿਕਦੀ ਸੀ, ਅੱਜ 21 ਹਜ਼ਾਰ ਰੁਪਏ ਵਿੱਚ ਵਿਕ ਰਹੀ ਹੈ।