ਪੁਲਿਸ ਨੇ ਸੁਖਬੀਰ ਅਤੇ ਹੋਰ ਆਗੂਆਂ ਨੂੰ ਹਿਰਾਸਤ ‘ਚ ਲੈਣ ਮਗਰੋਂ ਛੱਡਿਆ
ਮੁਹਾਲੀ/ਬਿਊਰੋ ਨਿਊਜ਼ : ਨੈਸ਼ਨਲ ਹਾਈਵੇਅ ਅਥਾਰਿਟੀ ਨਵੀਂ ਦਿੱਲੀ ਵੱਲੋਂ ਤੇਪਲਾ ਤੋਂ ਸੋਲਖੀਆਂ ਸਾਹਿਬ (ਰੂਪਨਗਰ) ਤੱਕ ਬਣਾਏ ਜਾਣ ਵਾਲੇ ਕੌਮੀ ਮਾਰਗ ਲਈ 60 ਪਿੰਡਾਂ ਦੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕੌਡੀਆਂ ਦੇ ਭਾਅ ਐਕੁਆਇਰ ਕਰਨ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁੱਧਵਾਰ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਮੁੱਖ ਮੰਤਰੀ ਚੰਨੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਲਈ ਟਰੈਕਟਰਾਂ ‘ਤੇ ਸਵਾਰ ਹੋ ਕੇ ਚੰਡੀਗੜ੍ਹ ਵੱਲ ਕੂਚ ਮਾਰਚ ਕੀਤਾ ਪਰ ਮੁਹਾਲੀ ਪੁਲਿਸ ਨੇ ਵਾਈਪੀਐੱਸ ਚੌਕ ਨੇੜੇ ਬੈਰੀਕੇਡ ਲਗਾ ਕੇ ਅਕਾਲੀਆਂ ਦਾ ਰਾਹ ਰੋਕ ਲਿਆ। ਅਕਾਲੀ ਵਰਕਰ ਮੁਹਾਲੀ-ਚੰਡੀਗੜ੍ਹ ਸੜਕ ‘ਤੇ ਚੱਕਾ ਜਾਮ ਕਰਕੇ ਧਰਨੇ ‘ਤੇ ਬੈਠ ਗਏ। ਪੁਲਿਸ ਨੇ ਸੁਖਬੀਰ ਸਮੇਤ ਹੋਰ ਕਈ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ, ਪਰ ਬਾਅਦ ਵਿੱਚ ਸਾਰਿਆਂ ਨੂੰ ਰਿਹਾਅ ਕਰ ਦਿੱਤਾ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ 19 ਜ਼ਿਲ੍ਹਿਆਂ ਵਿੱਚ ਐਕੁਆਇਰ ਕੀਤੀ ਜਾ ਰਹੀ 25 ਹਜ਼ਾਰ ਏਕੜ ਜ਼ਮੀਨਾਂ ਦੇ ਮਾਲਕਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਨੂੰ ਅਣਡਿੱਠ ਕਰਕੇ ਕਿਸਾਨਾਂ ਨਾਲ ਧਰੋਹ ਕੀਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਜ਼ਮੀਨ ਐਕੁਆਇਰ ਕਰਨ ਦਾ ਅਮਲ ਤੁਰੰਤ ਰੋਕਿਆ ਜਾਵੇ।