ਅੰਮ੍ਰਿਤਸਰ/ਬਿਊਰੋ ਨਿਊਜ਼
ਹਰਿਮੰਦਰ ਸਾਹਿਬ ਵਿਚ ਅੱਜ ਅਪਰੇਸ਼ਨ ਬਲੂ ਸਟਾਰ ਦੀ 33ਵੀਂ ਬਰਸੀ ਮਨਾਈ ਗਈ। ਇਸ ਮੌਕੇ ਕਈ ਸਿੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਸਨ। ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋਂ ਪੰਜਾਬ ਸਰਕਾਰ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹੋਏ ਸਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਪੜ੍ਹਨ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਚ ਟਕਰਾਅ ਵਾਲੀ ਸਥਿਤੀ ਬਣੀ ਰਹੀ। ਨੌਬਤ ਹੰਗਾਮੇ ਤੱਕ ਪਹੁੰਚ ਗਈ ਅਤੇ ਮਾਈਕ ਤੱਕ ਤੋੜ ਦਿੱਤੇ ਗਏ। ਬਾਅਦ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ।
ਉਸ ਸਮੇਂ ਸਥਿਤੀ ਤਣਾਅ ਵਾਲੀ ਬਣ ਗਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਿੱਖ ਕੌਮ ਦੇ ਨਾਂ ਸੰਦੇਸ਼ ਪੜਨ ਲੱਗੇ। ਇਸਦਾ ਵਿਰੋਧ ਕਰਦਿਆਂ ਗਰਮ ਖਿਆਲੀ ਜਥੇਬੰਦੀਆਂ ਨਾਲ ਸਬੰਧਿਤ ਸੰਗਤ ਤੇ ਆਗੂ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸਮਾਗਮ ਵਿਚੋਂ ਉੱਠ ਕੇ ਬਾਹਰ ਆ ਗਏ। ਜਿੱਥੇ ਗਿਆਨੀ ਗੁਰਬਚਨ ਸਿੰਘ ਵਲੋਂ ਕੌਮ ਦੇ ਨਾਂ ਸੰਦੇਸ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੜ੍ਹਿਆ ਗਿਆ, ਉਥੇ ਹੀ ਸਰਬੱਤ ਖ਼ਾਲਸਾ ਦੇ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਸੰਤ ਬਲਜੀਤ ਸਿੰਘ ਦਾਦੂਵਾਲ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਨੇ ਸੰਗਤਾਂ ਨੂੰ ਤਖਤ ਸਾਹਿਬ ਦੀ ਫ਼ਸੀਲ ਦੇ ਹੇਠਾਂ ਬਣੇ ਥੜ੍ਹੇ ਤੋਂ ਸੰਬੋਧਨ ਕੀਤਾ ਤੇ ਭਾਈ ਮੰਡ ਨੇ ਕੌਮ ਦੇ ਨਾਂ ਸੰਦੇਸ਼ ਵੀ ਪੜ੍ਹਿਆ। ਇਸ ਮੌਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਹੋਈ।
Check Also
ਪੰਜਾਬ ਪੰਚਾਇਤੀ ਚੋਣਾਂ ’ਤੇ ਸੁਪਰੀਮ ਕੋਰਟ ਨੇ ਵੀ ਰੋਕ ਲਾਉਣ ਤੋਂ ਕੀਤਾ ਇਨਕਾਰ
ਕਿਹਾ : ਚੋਣਾਂ ’ਤੇ ਰੋਕ ਲਗਾਉਣ ਨਾਲ ਪੰਜਾਬ ’ਚ ਫੈਲ ਜਾਵੇਗੀ ਅਰਜਾਕਤਾ ਨਵੀਂ ਦਿੱਲੀ/ਬਿਊਰੋ ਨਿਊਜ਼ …