ਰੈਲੀ ‘ਚ ਵੱਡੀ ਗਿਣਤੀ ‘ਚ ਪਹੁੰਚੇ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ
ਬਰਨਾਲਾ/ਬਿਊਰੋ ਨਿਊਜ਼ : ਸੰਸਦੀ ਚੋਣਾਂ ਦੇ ਮਘੇ ਮਾਹੌਲ ਦਰਮਿਆਨ ਪੰਜਾਬ ਦੀਆਂ ਦੋ ਦਰਜਨ ਦੇ ਕਰੀਬ ਸੰਘਰਸ਼ਸ਼ੀਲ ਲੋਕ ਜਥੇਬੰਦੀਆਂ ਨੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਤਪਦੀ ਦੁਪਹਿਰ ਵਿੱਚ ‘ਲੋਕ ਸੰਗਰਾਮ ਰੈਲੀ’ ਕੀਤੀ।
ਇਸ ਰੈਲੀ ਰਾਹੀਂ ਲੋਕਾਂ ਦੇ ਹਕੀਕੀ ਮਸਲੇ ਉਭਾਰਦਿਆਂ ਇਨ੍ਹਾਂ ਦੇ ਹੱਲ ਲਈ ਵੋਟਾਂ ਦੀ ਥਾਂ ਸੰਘਰਸ਼ਾਂ ‘ਤੇ ਟੇਕ ਦਾ ਹੋਕਾ ਬੁਲੰਦ ਕੀਤਾ ਗਿਆ। ਰੈਲੀ ਵਿੱਚ ਕਿਸਾਨਾਂ ਖੇਤ ਮਜ਼ਦੂਰਾਂ ਸਮੇਤ ਸਨਅਤੀ ਕਾਮਿਆਂ, ਠੇਕਾ ਮੁਲਾਜ਼ਮਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਰੈਲੀ ਦੀ ਸ਼ੁਰੂਆਤ ਪਿਛਲੇ ਦਿਨੀਂ ਵਿਛੜੇ ਉੱਘੇ ਕਵੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਲਈ ਮਤਾ ਪੜ੍ਹਨ ਨਾਲ ਹੋਈ ਅਤੇ ਲੋਕਾਂ ਨੇ ਉਨ੍ਹਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਹ ਵੋਟਾਂ ਹਾਕਮ ਧੜਿਆਂ ਦੀ ਖੇਡ ਹੈ, ਲੋਕਾਂ ਨੂੰ ਵੰਡਣ ਤੇ ਭਰਮਾਉਣ ਲਈ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਅੰਦਰ ਲੋਕਾਂ ਦੀ ਸੁਣਵਾਈ ਵੋਟਾਂ ਰਾਹੀਂ ਨਹੀਂ, ਲੋਕਾਂ ਦੇ ਘੋਲਾਂ ਰਾਹੀਂ ਹੋ ਸਕਦੀ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਵੋਟਾਂ ਰਾਹੀਂ ਜ਼ਿੰਦਗੀ ਸੰਵਰਨ ਦੇ ਭਰਮ ਤੋਂ ਮੁਕਤ ਹੋ ਕੇ ਆਪਣੀ ਏਕਤਾ ਤੇ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਰੈਲੀ ਨੂੰ ਲਛਮਣ ਸਿੰਘ ਸੇਵੇਵਾਲਾ, ਹਰਜਿੰਦਰ ਸਿੰਘ, ਝੰਡਾ ਸਿੰਘ ਜੇਠੂਕੇ, ਹਰਿੰਦਰ ਬਿੰਦੂ, ਹਾਕਮ ਸਿੰਘ ਧਨੇਠਾ, ਬਲਿਹਾਰ ਸਿੰਘ ਕਟਾਰੀਆ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂ, ਹੁਸ਼ਿਆਰ ਸਿੰਘ ਸਲੇਮਗੜ੍ਹ, ਕਿਰਸ਼ਨ ਸਿੰਘ ਔਲਖ, ਜਸਵੀਰ ਸਿੰਘ, ਬਲਵੀਰ ਸਿੰਘ ਲੌਂਗੋਵਾਲ, ਪ੍ਰਗਟ ਸਿੰਘ ਤੇ ਜ਼ੋਰਾ ਸਿੰਘ ਨਸਰਾਲੀ ਨੇ ਸੰਬੋਧਨ ਕਰਦਿਆਂ ਲੋਕ ਜਥੇਬੰਦੀਆਂ ਦੇ ਸਾਂਝੇ ਮੰਗ ਪੱਤਰ ’30- ਨੁਕਾਤੀ ਲੋਕ ਏਜੰਡੇ’ ਵਿੱਚ ਸ਼ਾਮਿਲ ਮੁੱਦਿਆਂ ਦਾ ਜ਼ਿਕਰ ਕੀਤਾ। ਇਸ ਮੌਕੇ ‘ਨਿੱਜੀਕਰਨ-ਵਪਾਰੀਕਰਨ ਵਾਲੀਆਂ ਨੀਤੀਆਂ ਰੱਦ ਕਰੋ’, ‘ਸੰਸਾਰ ਵਪਾਰ ਸੰਸਥਾ ਵਿੱਚੋਂ ਬਾਹਰ ਆਓ’, ਕਿਸਾਨ-ਮਜ਼ਦੂਰ ਵਾਤਾਵਰਨ ਪੱਖੀ ਤੇ ਕਾਰਪੋਰੇਟ-ਜਗੀਰਦਾਰ ਵਿਰੋਧੀ ਖੇਤੀ ਨੀਤੀ ਲਿਆਓ, ਜ਼ਮੀਨੀ ਸੁਧਾਰ ਕਰੋ ਤੇ ਸ਼ਾਹੂਕਾਰਾ ਧੰਦੇ ਨੂੰ ਨੱਥ ਪਾਓ, ਠੇਕਾ ਭਰਤੀ ਦੀ ਨੀਤੀ ਰੱਦ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ ਤੇ ਕਾਲੇ ਕਾਨੂੰਨ ਰੱਦ ਕਰੋ’ ਆਦਿ ਬਾਰੇ ਚਰਚਾ ਕੀਤੀ।
ਸਭਨਾਂ ਨੇ ਸਾਂਝੇ ਤੌਰ ‘ਤੇ ਹਾਕਮ ਜਮਾਤ ਪਾਰਟੀਆਂ ਵੱਲੋਂ ਪ੍ਰਚਾਰੇ ਜਾਂਦੇ ਮੌਜੂਦਾ ਵਿਕਾਸ ਮਾਡਲ ਨੂੰ ‘ਅਖੌਤੀ’ ਦੱਸਦਿਆਂ ਰੱਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਫਿਰਕੂ ਫਾਸ਼ੀਵਾਦੀ ਭਾਜਪਾ ਵਾਂਗ ਪੰਜਾਬ ਦੀ ‘ਆਪ’ ਸਰਕਾਰ ਨੇ ਵੀ ਪਹਿਲੀਆਂ ਸਰਕਾਰਾਂ ਵਾਂਗ ਉਕਤ ਲੋਕ ਦੋਖੀ ਮਾਡਲ ਨੂੰ ਹੀ ਅੱਗੇ ਵਧਾਇਆ ਹੈ।
ਰੈਲੀ ਦੌਰਾਨ ਬੁਲਾਰਿਆਂ ਨੇ ਲੋਕਾਂ ਨੂੰ ਅਸਲ ਲੋਕ ਮੁੱਦਿਆਂ ਦੁਆਲੇ ਸਾਂਝੇ ਘੋਲ ਉਸਾਰਨ ਦੇ ਰਾਹ ਪੈਣ ਦਾ ਸੱਦਾ ਦਿੱਤਾ ਤਾਂ ਕਿ ਲੋਕ ਪੁੱਗਤ ਵਾਲਾ ਰਾਜ ਸਮਾਜ ਸਿਰਜਿਆ ਜਾ ਸਕੇ। ਰੈਲੀ ਦੌਰਾਨ ਪਲਸ ਮੰਚ ਨਾਲ਼ ਜੁੜੇ ਲੋਕ ਸੰਗੀਤ ਮੰਡਲੀ ਭਦੌੜ, ਕਵੀਸ਼ਰੀ ਜਥਾ ਰਸੂਲਪੁਰ, ਧਰਮਿੰਦਰ ਸਿੰਘ ਮਸਾਣੀ, ਕੁਲਦੀਪ ਸਿੰਘ ਜਲੂਰ ਤੇ ਸਤਪਾਲ ਦੁਆਰਾ ਇਨਕਲਾਬੀ ਗੀਤ ਪੇਸ਼ ਕੀਤੇ ਗਏ।