![](https://parvasinewspaper.com/wp-content/uploads/2023/08/Bhakran-Dam.jpg)
ਪੰਜਾਬ ’ਚ ਫਿਰ ਹੜ੍ਹਾਂ ਵਰਗੇ ਹਾਲਾਤ ਬਣਨ ਦਾ ਖਤਰਾ
ਚੰਡੀਗੜ੍ਹ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਭਾਖੜਾ ਡੈਮ ਵਿਚ ਪਾਣੀ ਪੱਧਰ ਵਧ ਗਿਆ ਹੈ। ਇਸ ਨੂੰ ਦੇਖਦਿਆਂ ਭਾਖੜਾ ਡੈਮ ਪ੍ਰਬੰਧਨ ਬੋਰਡ (ਬੀਬੀਐਮਬੀ) ਨੇ ਭਾਖੜਾ ਅਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ। ਜਿਸ ਤੋਂ ਬਾਅਦ ਪੰਜਾਬ ਵਿਚ ਹੁਣ ਇਕ ਵਾਰ ਫਿਰ ਤੋਂ ਹੜ੍ਹਾਂ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਗਏ ਹਨ। ਉਧਰ ਦੂਜੇ ਪਾਸੇ ਬਿਆਸ ਦਰਿਆ ਵਿਚ ਪਾਣੀ ਦਾ ਵਧਣ ਨਾਲ ਹੁਸ਼ਿਆਰਪੁਰ ਦੇ ਚੱਕਮੀਰਪੁਰ ਦੇ ਨੇੜੇ ਧੁੱਸੀ ਬੰਨ੍ਹ ਟੁੱਟ ਗਿਆ, ਜਿਸ ਕਰਕੇ ਨੇੜਲੇ ਪਿੰਡਾਂ ਲਈ ਮੁਸ਼ਕਲ ਵਧ ਸਕਦੀ ਹੈ। ਇਸੇ ਤਰ੍ਹਾਂ ਰੂਪਨਗਰ ਵਿਚ ਵੀ ਸਤਲੁਜ ਦਰਿਆ ਦੇ ਨੇੜਲੇ ਇਲਾਕਿਆਂ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ’ਤੇ ਆਰੋਪ ਲਗਾਇਆ ਕਿ ਉਨ੍ਹਾਂ ਨੂੰ ਪਾਣੀ ਛੱਡਣ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਨਾ ਹੀ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨਜ਼ਦੀਕ ਪਹੰੁਚ ਗਿਆ ਹੈ।